
ਅਸ਼ੋਕ ਵਰਮਾ
ਬਠਿੰਡਾ,19 ਜੁਲਾਈ2021: ਬਠਿੰਡਾ ਪੁਲਿਸ ਨੇ ਨਕਲੀ ਡੀਜ਼ਲ ਤਿਆਰ ਕਰਨ ਉਪਰੰਤ ਭੋਲੇ ਭਾਲੇ ਲੋਕਾਂ ਨੂੰ ਵੇਚਣ ਵਾਲੇ ਗਿਰੋਹ ਨਾਲ ਸਬੰਧਤ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ । ਪੁਲਿਸ ਨੇ ਇਸ ਗਿਰੋਹ ਕੋਲੋਂ 26 ਹਜਾਰ ਲਿਟਰ ਤੇਲ ਸਮੇਤ ਦੋ ਟੈਂਕਰ, ਖਾਲੀ ਡਰੰਮ ਅਤੇ ਪਾਈਪਾ ਵਗੈਰਾ ਬਰਾਮਦ ਕੀਤੀ ਹੈ। ਮੁਲਜਮਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ ਕਾਕਾ ਪੁੱਤਰ ਦਰਸ਼ਨ ਸਿੰਘ ਵਾਸੀ ਕੋਟਕਪੂਰਾ ਹਾਲ ਅਬਾਦ ਗੁਰੂ ਕੀ ਨਗਰੀ ਬਠਿੰਡਾ, ਕੁਲਦੀਪ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਬੰਗੀ ਦੀਪਾ ਜਿਲ੍ਹਾ ਬਠਿੰਡਾ, ਗੁਰਸੇਵਕ ਸਿੰਘ ਪੁੱਤਰ ਪਤਰਾਮ ਸਿੰਘ ਵਾਸੀ ਠੂਠਿਆਂ ਵਾਲੀ, ਜਿਲ੍ਹਾ ਮਾਨਸਾ ਅਤੇ ਹੁਸੈਨ ਖਾਨ ਪੁੱਤਰ ਉਸਮਾਨ ਖਾਨ ਵਾਸੀ ਕੋਟੜਾ ਰਾਜਸਥਾਨ ਵਜੋਂ ਹੋਈ ਹੈ ਜਦੋਂਕਿ ਇੱਕ ਮੁਲਜਮ ਫਰਾਰ ਦੱਸਿਆ ਜਾ ਰਿਹਾ ਹੈ। ਥਾਣਾ ਕੈਨਾਲ ਕਲੋਨੀ ਪੁਲਿਸ ਨੇ ਮੁਲਜਮਾਂ ਖਿਲਾਫ ਧਾਰਾ 420,427,336 ,120 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਸਪੈਸ਼ਲ ਸਟਾਫ ਦੇ ਇੰਚਾਰਜ ਸਬ ਇੰਸਪੈਕਟਰ ਤਰਜਿੰਦਰ ਸਿੰਘ ਅਤੇ ਸਬ ਇੰਸਪੈਕਟਰ ਹਰਜੀਵਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੰਨ੍ਹਾਂ ਚਾਰਾਂ ਮੁਲਜਮਾਂ ਅਤੇ ਸਤਨਾਮ ਸਿੰਘ ਵਾਸੀ ਲੁਧਿਆਣਾ ਨੇ ਮਿਲਕੇ ਗਿਰੋਹ ਬਣਾਇਆ ਹੋਇਆ ਹੈ। ਇਸ ਗਿਰੋਹ ਨੇ ਰਿੰਗ ਰੋਡ ਬਠਿੰਡਾ ਤੇ ਇੱਕ ਨੌਹਰਾ ਕਿਰਾਏ ’ਤੇ ਲੈ ਰੱਖਿਆ ਹੈ ਜਿੱਥੇ ਸਤਨਾਮ ਸਿੰਘ ਰਾਹੀਂ ਗੁਜਰਾਤ ਤੋਂ ਬਾਇਓ ਡੀਜ਼ਲ ਮੰਗਵਾਉਣ ਪਿੱਛੋਂ ਉਸ ’ਚ ਕੈਮੀਕਲ ਮਿਲਾਕੇ ਜਾਅਲੀ ਡੀਜ਼ਲ ਤਿਆਰ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਸੇ ਨੂੰ ਅਸਲੀ ਡੀਜ਼ਲ ਦੱਸਕੇ ਭੋਲੇ ਭਾਲੇ ਲੋਕਾਂ ਨੂੰ ਵੇਚ ਦਿੱਤਾ ਜਾਂਦਾ ਸੀ ਜਿਸ ਨਾਲ ਉਨ੍ਹਾਂ ਦੀ ਮਸ਼ੀਨਰੀ ਦਾ ਨੁਕਸਾਨ ਹੁੰਦਾ ਹੈ।ਉਨ੍ਹਾਂ ਦੱਸਿਆ ਕਿ ਨੌਹਰੇ ’ਚ ਵੱਡੀ ਮਾਤਰਾ ’ਚ ਗੈਰਕਾਨੂੰਨੀ ਅਤੇ ਸੁਰੱਖਿਆ ਪ੍ਰਬੰਧਾਂ ਤੋਂ ਅਜਿਹਾ ਡੀਜ਼ ਆਦਿ ਰੱਖਿਆ ਜਾਂਦਾ ਹੈ ਜਿਸ ਨਾਲ ਅੱਗ ਲੱਗਣ ਦਾ ਵੀ ਡਰ ਅਤੇ ਲੋਕਾਂ ਦੀ ਜਾਣ ਖਤਰੇ ’ਚ ਪੈ ਜਾਂਦੀ ਹੈ।
ਐਸ ਐਸ ਪੀ ਨੇ ਦੱਸਿਆ ਕਿ ਹੁਣ ਵੀ ਡਰਾਈਵਰ ਹੁਸੈਨ ਖਾਨ ਗੁਜਰਾਤ ਤੋਂ ਟੈਂਕਰ ਲੈਕੇ ਆਇਆ ਸੀ। ਸੂਚਨਾ ’ਚ ਇਹ ਵੀ ਸਾਹਮਣੇ ਆਇਆ ਸੀ ਕਿ ਜਦੋਂ ਇਹ ਲੋਕ ਟੈਂਕਰਾਂ ’ਚ ਬਾਇਓ ਡੀਜ਼ਲ ਦੀ ਅਦਲਾ ਬਦਲੀ ਕਰ ਰਹੇ ਸਨ ਤਾਂ ਸਪੈਸ਼ਲ ਸਟਾਫ ਦੀ ਟੀਮ ਨੇ ਛਾਪਾ ਮਾਰਿਆ ਅਤੇ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਵਾਂ ਟੈਂਕਰਾਂ ਦੇ ਚੈਂਬਰਾਂ ਦੀ ਤਲਾਸ਼ੀ ਲੈਣ ਤੇ 26 ਹਜਾਰ ਲਿਟਰ ਤੇ ਅਤੇ ਨੀਲੇ ਰੰਗ ਦੇ ਛੇ ਡਰੱਮ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਗੁਜਰਾਤ ਤੋਂ 55 ਰੁਪਏ ਲਿਟਰ ਦੇ ਹਿਸਾਬ ਨਾਲ ਬਾਇਓ ਡੀਜ਼ਲ ਮੰਗਵਾਉਣ ਮਗਰੋਂ ਹਰੇ ਰੰਗ ਦਾ ਕੈਮੀਕਲ ਮਿਲਾਉਣ ਤੋਂ ਬਾਅਦ 70 -80 ਰੁਪਏ ਲਿਟਰ ਵੇਚ ਦਿੱਤਾ ਜਾਂਦਾ ਸੀ। ਸਪੈਸ਼ਲ ਸਟਾਫ ਦੇ ਇੰਚਾਰਜ ਤਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਦਾ ਤਿੰਨ ਦਿਨ ਦਾ ਰਿਮਾਂਡ ਲਿਆ ੲੈ ਜਿਸ ਦੌਰਾਨ ਸਤਨਾਮ ਸਿੰਘ ਸਮੇਤ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਏਗੀ।