ਬੇਅੰਤ ਗਿੱਲ

ਕੋਲੇ ਹਾਈਕਮਾਨ ਦੇ ਬੋਲੇ ਸਿੱਧੂ
ਦਿਲ ਦਾ ਦੁੱਖ ਫਰੋਲੇ ਸਿੱਧੂ
ਸਿੱਧੂ ਨੂੰ ਰਾਹ ਸਿੱਧੇ ਪਾ ਦਿਓ ਜੀ
ਬਸ ਮੈਨੂੰ ਤਾਂ ਪ੍ਰਧਾਨ ਬਣਾ ਦਿਓ ਜੀ
ਹੁਣ ਕੈਪਟਨ ਕੋਲੋਂ ਖੋ ਲਓ ਖੂੰਡਾ
ਮਲ਼ ਮਲ਼ ਕੇ ਨਾਲੇ ਧੋ ਲਓ ਖੂੰਡਾ
ਫਿਰ ਧੋ ਕੇ ਮੇਰੇ ਹੱਥ ਫੜਾ ਦਿਓ ਜੀ
ਬਸ ਮੈਨੂੰ ਤਾਂ ਪ੍ਰਧਾਨ ਬਣਾ ਦਿਓ ਜੀ
ਇਹ ਸੌਹਾਂ ਸੂਹਾਂ ਜੀਆਂ ਖਾਈ ਬੈਠੈ
ਆਪਣੇ ਉਲਟੀ ਹਵਾ ਵਗਾਈ ਬੈਠੈ
ਹੁਣ ਤਾਂ ਦਾਤੀ ਫ਼ਰਾ ਚਲਾ ਦਿਓ ਜੀ
ਬਸ ਮੈਨੂੰ ਤਾਂ ਪ੍ਰਧਾਨ ਬਣਾ ਦਿਓ ਜੀ
ਇਹ ਅਰੂਸਾ ਪਿੱਛੇ ਤੁਰਿਆ ਫਿਰਦੈ
ਵੇਖੋ ਬਿਸਕੁਟ ਵਾਂਗੂੰ ਭੁਰਿਆ ਫਿਰਦੈ
ਬੁੱਢੇ ਬਲਦ ਨੂੰ ਘਰੇ ਬਿਠਾ ਦਿਓ ਜੀ
ਬਸ ਮੈਨੂੰ ਤਾਂ ਪ੍ਰਧਾਨ ਬਣਾ ਦਿਓ ਜੀ
ਜਿਵੇਂ ਕਾਮੇਡੀ ਦੇ ਵਿੱਚ ‘ਭੱਲਾ’ ਵਾਧੂ
ਏਸ ‘ਅਖਾੜੇ’ ਵਿੱਚ ਮੈਂ ‘ਕੱਲਾ ਵਾਧੂ
ਬਾਕੀ ਐਰੇ ਗੈਰੇ ਸਭ ਭਜਾ ਦਿਓ ਜੀ
ਬਸ ਮੈਨੂੰ ਤਾਂ ਪ੍ਰਧਾਨ ਬਣਾ ਦਿਓ ਜੀ
ਮੈਂ ਤਾਂ ਸਾਰੇ ਪਾਸੇ ਕਰਦੂੰ ਹਾਸੇ ਖੇਡੇ
ਰੋਜ਼ ਸੁਣਾ ਕੇ ਚੁਟਕਲੇ ਵਿੰਗੇ ਟੇਡੇ
ਇਕ ਵਾਰੀਂ ਪੂਛ ਜਿਹੀ ਲਾ ਦਿਓ ਜੀ
ਬਸ ਮੈਨੂੰ ਤਾਂ ਪ੍ਰਧਾਨ ਬਣਾ ਦਿਓ ਜੀ
ਮੈਂ ਹੁਣ ਏਦਾਂ ਚੁੱਪ ਨਹੀਂ ਹੋਣਾ ਦੇਖੋ
ਆਈਆਂ ਸਿਰ ਦੇ ਉੱਤੇ ਚੋਣਾਂ ਦੇਖੋ
ਗੱਲ ਨੂੰ ਕਿਸੇ ਬਿਲੇ ਲਗਾ ਦਿਓ ਜੀ
ਬਸ ਮੈਨੂੰ ਤਾਂ ਪ੍ਰਧਾਨ ਬਣਾ ਦਿਓ ਜੀ
ਹਰ ਦਿਨ ਲੱਗਿਆ ਰਹਿੰਦਾ ਆਢਾ
ਨਿੱਤ ਸ਼ਰੀਕ ਤਮਾਸ਼ਾ ਵੇਂਹਦੇਂ ਸਾਡਾ
ਕਰੋ ਕੋਈ ਹੀਲਾ ਯੱਬ ਮੁਕਾ ਦਿਓ ਜੀ
ਬਸ ਮੈਨੂੰ ਤਾਂ ਪ੍ਰਧਾਨ ਬਣਾ ਦਿਓ ਜੀ
ਉਹ ਤਾਂ ਵੋਟਾਂ ਪੱਕੀਆਂ ਕਰਦੇ ਫਿਰਦੇ
ਅਸੀਂ ਆਪੋ ਵਿੱਚ ਹੀ ਲੜਦੇ ਫਿਰਦੇ
ਹੁਣ ਤੂੰ ਤੂੰ ਮੈਂ ਮੈਂ ਬੰਦ ਕਰਾ ਦਿਓ ਜੀ
ਬਸ ਮੈਨੂੰ ਤਾਂ ਪ੍ਰਧਾਨ ਬਣਾ ਦਿਓ ਜੀ
ਵੇਖਿਓ ‘ਸਿੱਧੂ’ ‘ਸੁੱਖਾ’ ਤੇ ‘ਮਾਨ’ ਤਿੰਨੇ
ਕਿੱਦਾਂ ਘੁੱਲਦੇ ਵਿੱਚ ਮੈਦਾਨ ਤਿੰਨੇ
ਕੇਰਾਂ ਕੁੰਢੀਆਂ ਦੇ ਸਿੰਙ ਫਸਾ ਦਿਓ ਜੀ
ਬਸ ਮੈਨੂੰ ਤਾਂ ਪ੍ਰਧਾਨ ਬਣਾ ਦਿਓ ਜੀ
ਪੰਜਾਬ ਖਾ ਲਿਆ ਗਿੱਲ ‘ਪ੍ਰਧਾਨਾਂ’ ਨੇ
ਇਕ ਪਾਸਾ ਕਰਨਾ ਸ਼ੇਰ ਕਿਸਾਨਾਂ ਨੇ
‘ਭਲੂਰ’ ਵਾਲਿਓ ਸੱਚ ਸੁਣਾ ਦਿਓ ਜੀ
ਸਾਰੇ ਜਾ ਕੇ ਦਿੱਲੀ ਡੇਰੇ ਲਾ ਦਿਓ ਜੀ
—–0—–
ਪਿੰਡ ਭਲੂਰ
(ਮੋਗਾ)
99143/81958