9.6 C
United Kingdom
Saturday, June 7, 2025

More

    ਇਹੋ ਜਿਹਾ ਸੀ ਅਵਤਾਰ ਸਿੰਘ ਬਰਾੜ-(12)

    ਨਿੰਦਰ ਘੁਗਿਆਣਵੀ
    ਇਕ ਵਾਰੀ ਬਰਾੜ ਸਾਹਬ ਕੁਛ ਦਿਨ ਬਾਹਰਲੇ ਮੁਲਕੋਂ ਫਿਰ ਕੇ ਵਾਪਸ ਫਰੀਦਕੋਟ ਆਏ। ਏਧਰਲੇ ਅਖਬਾਰਾਂ ਵਿਚ ਓਧਰ ਹੋਏ ਉਨਾਂ ਦੇ ਮਾਣ ਸਨਮਾਨ ਦੀਆਂ ਫੋਟੂਆਂ ਤੇ ਖਬਰਾਂ ਛਪੀਆਂ, ਜੋ ਮੈਂ ਕੱਟ ਕੱਟ ਕੇ ਰੱਖੀ ਗਿਆ ਸਾਂ। ਜਿੱਦਣ ਮਿਲਣ ਗਿਆ ਤਾਂ ਕਾਤਰਾਂ ਨਾਲ ਹੀ ਲੈ ਗਿਆ। ਕਹਿੰਦੇ, “ਪੁੱਤਰਾ,ਤੇਰੀ ਤੂਤੀ ਬੋਲਦੀ ਐ, ਉਥੋਂ ਦੇ ਸਾਰੇ ਅਖਬਾਰਾਂ ਵਿਚ ਤੇਰੇ ਲੇਖ ਪੜਦਾ ਰਿਹਾ ਮੈਂ ਓਥੇ।” ਬਰਾੜ ਸਾਹਬ ਖੁਸ਼ੀ ਖੁਸ਼ੀ ਦੱਸ ਰਹੇ ਸਨ। ਪਿੰਡੀ ਵਾਲਾ ਨਛੱਤਰ ਸਰਪੰਚ ਤੇ ਕੂਕਾ ਵੀਰੇਵਾਲਾ ਵੀ ਮਿਲਣ ਆਏ ਬੈਠੇ ਸੀ। ਉਹ ਵੀ ਬਰਾੜ ਸਾਹਬ ਨੂੰ ਮਜਾਕਾਂ ਕਰੀ ਜਾਣ ਤੇ ਹੱਸੀ ਜਾਣ। ਚਾਚੇ ਨੂੰ ਮਜਾਕ ਕਰਨ ਨੂੰ ਮੇਰਾ ਦਿਲ ਵੀ ਕਰ ਆਇਆ ਤੇ, ਮੈਂ ਹਾਸੇ ਹਾਸੇ ਛੇੜਿਆ ਕਿ ਚਾਚਾ, ਉਥੇ ਕੋਈ ਚਾਚੀ ਚੂਚੀ ਟੱਕਰੀ? ਏਨੀ ਸੁਣਦੇ ਉਹ ਲਾਡ ਨਾਲ ਗਾਲਾਂ ਦੇਣ ਲੱਗੇ, “ਹੈਆ ਮਾਂ ਦੀ— ਹੈਆ ਮਾਂ ਦੀ —ਕੰਜਰਾ ਕਿਤੋਂ ਦਿਆ, ਕਰਦਾ ਤੈਨੂੰ ਸੂਤ ਮੈਂ, ਲਿਆਈ ਓਏ ਡੰਡਾ ਇਕ ਹੈਥੋਂ।” ਨਾਲੇ ਨਿੰਮਾ ਨਿੰਮਾ ਹੱਸੀ ਜਾਣ।ਕੂਕਾ ਤੇ ਨਛੱਤਰ ਸਰਪੰਚ ਹੱਸ ਹੱਸ ਦੂਹਰੇ ਹੋਈ ਗਏ।
    ***
    ਬਰਾੜ ਸਾਹਬ ਤੇ ਬਾਬੂ ਸਿੰਘ ਮਾਨ ਦੇ ਹਾਸਰਸੀ ਟੋਟਕਿਆਂ ਦੀ ਕੋਈ ਕਿੱਲਤ ਨਹੀਂ। ਬਰਾੜ ਸਾਹਬ ਤੇ ਮਾਨ ਸਾਹਿਬ ਇਕ ਦੂਜੇ ਨੂੰ ਖੂਬ ਮਜਾਕ ਕਰ ਲੈਂਦੇ ਤੇ ਹਸਦੇ ਹਸਾਉੰਦੇ ਰਹਿੰਦੇ, ਵੇਲਾ ਲੰਘੀ ਜਾਂਦਾ। ਜਦ ਬਰਾੜ ਸਾਹਬ ਦਾ ਦਿਲ ਕਰਦਾ ਕਿ ਮਾਨ ਨੂੰ ਛੇੜ ਛਾੜ ਕਰਾਂ, ਤਾਂ ਨਾਲ ਬੈਠਿਆਂ ਨੂੰ ਮਾਨ ਸਾਹਿਬ ਉਤੇ ਹੀ ਟੋਟਕਾ ਘੜ ਕੇ ਸੁਣਾ ਦਿੰਦੇ। ਸਾਰੇ ਹੱਸਦੇ ਤੇ ਮੀਤੇ ਐਂਕਲ ਵਰਗੇ ‘ਸੁਆਹ’ ਹੋ ਜਾਂਦੇ, ਮੀਤਾ ਨਾ ਹੱਸਣਾ ਜਾਣੇ ਤੇ ਨਾ ਹਸਾਉਣਾ ਆਵੇ ਉਹਨੂੰ। ਇਹ ਫਿਰ ਵੀ ਨਾਲ ਨਾਲ ਬਹਾਈ ਫਿਰਦੇ ਸਨ।
    ਇਸ ਗੱਲ ਵਿਚ ਕਿੰਨੀ ਕੁ ਸੱਚਾਈ ਹੈ ਤੇ ਕਿੰਨਾ ਕੁ ਗਪੌੜ ਹੈ, ਮੈਨੂੰ ਨਹੀਂ ਪਤਾ। ਪਰ ਇਹ ਗੱਲ ਮਸ਼ਹੂਰ ਬੜੀ ਹੈ। ਆਪ ਸਭ ਨੂੰ ਹਸਾਉਣ ਖਾਤਰ ਸੁਣਾ ਦਿੰਦਾ ਹਾਂ, (ਲਿਖ ਰਿਹਾਂ)।
    ਇਕ ਦਿਨ ਹਾਸੇ ਹਾਸੇ ‘ਚ ਬਰਾੜ ਸਾਹਬ ਦੱਸਣ ਲੱਗੇ ਕਿ ਤੇਰਾ ਅੰਕਲ ਮਾਨ ਵੀ ਸ਼ਰਧਾਂਜਲੀ ਦੇਣ ਪੱਖੋਂ ਕਿਸੇ ਤੋਂ ਘੱਟ ਨਹੀਂ, ਐਨ ਸਿਰਾ ਲਾ ਦਿੰਦੈ ਪਤੰਦਰ। ਮੈਂ ਉਤਸੁਕ ਹੋਕੇ ਪੁੱਛਿਆ ਕਿ ਉਹ ਕਿਵੇਂ, ਦੱਸੋ ਚਾਚਾ ਜੀ ਕੁਛ ? ਬਰਾੜ ਸਾਹਬ ਨੇ ਮਜਾਕੀਆ ਜਿਹਾ ਮੂੰਹ ਬਣਾਇਆ ਤੇ ਅੱਗੇ ਬੋਲੇ, “ਤੈਨੂੰ ਪਤੈ ਕਿ ਅਸੀਂ ਕਿੰਨੇ ਸਾਲਾਂ ਤੋਂ ਕੱਠੇ ਆਂ, ਤੇ ਏਹੇ ਹਰ ਥਾਂ ਵਾਂਗ ਮੇਰੇ ਨਾਲ ਈ ਹੁੰਦਾ ਐ ਬਹੁਤਾ। ਇਕ ਦਿਨ ਇਕ ਬੁੜੀ ਦੇ ਭੋਗ ਉਤੇ ਮੇਰੇ ਨਾਲ ਜਾਵੜਿਆ। ਮੈਂ ਬੁੜੀ ਨੂੰ ਸ਼ਰਧਾਂਜਲੀ ਭੇਟ ਕਰਕੇ ਬਹਿ ਗਿਆ ਤੇ ਪਾਠੀ ਸਿੰਘ ਨੇ ਮਾਨ ਸਾਹਿਬ ਦਾ ਨਾਂ ਵੀ ਬੋਲਤਾ, ਅਖੇ ਗੀਤਾਂ ਦੇ ਬਾਦਸ਼ਾਹ ਆਏ ਐ ਸ੍ਰ ਬਾਬੂ ਸਿੰਘ ਮਾਨ ਜੀ ਮਰਾੜਾਂ ਵਾਲੇ, ਉਹ ਵੀ ਦੋ ਮਿੰਟ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਨਗੇ। ਏਹ ਯਕੋ ਤਕੀ ਜਿਹੀ ਵਿਚ ਉਠਿਆ। ਇਹ ਬੋਲਿਆ ਕਿ ਏਸ ਪਰਿਵਾਰ ਨਾਲ ਸਾਡੇ ਤੀਹਾਂ ਸਾਲਾਂ ਤੋਂ ਸਬੰਧ ਨੇ, ਮੈਂ ਬਰਾੜ ਸਾਹਬ ਨਾਲ ਬੜੀ ਵਾਰੀ ਆਇਆ ਐਂ ਏਥੇ, ਮਾਤਾ ਜੀ ਬੜੇ ਚੰਗੇ ਸੁਭਾਓ ਦੇ ਸੀ, ਜਦ ਅਸੀਂ ਆਉਣਾ,ਮਾਤਾ ਜੀ ਨੇ ਸਾਡੇ ਸਿਰ ਪਲੋਸਣੇ ਤੇ ਆਲੂਆਂ ਆਲੇ ਪਰੌਂਠੇ ਖੁਵਾਉਣੇ ਮੱਖਣ ਧਰ ਧਰ ਕੇ।” ਜਦ ਇਹ ਬੋਲ ਰਿਹਾ ਸੀ ਤਾਂ ਸੰਗਤਾਂ ਬੈਠੀਆਂ ਘੁਸਰ ਮੁਸਰ ਕਰਨ ਲੱਗੀਆਂ। ਇਹ ਮੌਕਾ ਸਾਂਭ ਕੇ ਤੇ ਫਤਹਿ ਬੁਲਾਕੇ ਬਹਿ ਗਿਆ ਪਰ ਘੁਸਰ ਮੁਸਰ ਜਾਰੀ ਰਹੀ। ਅਸੀਂ ਦੇਗ ਲੈਕੇ ਬਾਹਰ ਆਏ ਤੇ ਗੱਡੀ ਵਿਚ ਬਹਿਕੇ ਤੁਰੇ। ਮਾਨ ਸਾਹਿਬ ਪੁਛਦੇ ਐ ਕਿ ਬਰਾੜ ਸਾਹਬ ਸੰਗਤਾਂ ਘੁਸਰ ਮੁਸਰ ਕਿਓਂ ਕਰਦੀਆਂ ਸੀ? ਮੈਂ ਆਖਿਆ ਕਿ ਐਡੇ ਐਡੇ ਧਾੜੇ ਥੋੜੋ ਚਲਦੇ ਹੁੰਦੇ ਐ, ਬਿਨਾਂ ਟੈਰਾਂ ਤੋਂ ਗਪੌੜਾਂ, ਓ ਕਮਲਿਆ, ਬੁੜੀ ਨੇ ਕੇਹੜੇ ਵੇਲੇ ਆਪਾਂ ਨੂੰ ਪਰੌਂਠੇ ਖੁਵਾਤੇ? ਬੁੜੀ ਤਾਂ ਕਮਲੀ ਸੀ ਤੇ ਇੱਟਾਂ ਰੋੜੇ ਮਾਰਦੀ ਕਰਕੇ ਸੰਗਲਾਂ ਨਾਲ ਬੰਨੀ ਰਹੀ ਤੇ ਤੂੰ ਮਖਣੀਆਂ ਖੁਵਾਉਂਦੀ ਦਸਦੈ? ਨਾ ਤੂੰ ਕਦੇ ਆਇਆ, ਨਾ ਗਿਆ।”
    ਗੱਡੀ ਵਿਚ ਸਾਰੇ ਹੱਸਣ ਲੱਗੇ। ਮਾਨ ਸਾਹਿਬ ਕਹਿੰਦੇ, ” ਆਪਾਂ ਨੇ ਅਗਾਂਹ ਤੋਂ ਕਿਸੇ ਦੇ ਬਿਨਾਂ ਜਾਣੇ ਪਛਾਣੇ ਨਹੀਂ ਬੋਲਣਾ। ਰੱਬ ਬਚਾਵੇ, ਸ਼ਰਧਾਂਜਲੀ ਸਮਾਰੋਹਾਂ ਤੋਂ।”
    ***
    ਗੱਲ ਹਾਸਰਸ ਦੀ ਸੁਣੀ ਹੈ ਤੇ ਥੋੜਾ ਦੂਜੇ ਪਾਸੇ ਵੀ ਆਜੋ। 2012 ਦੀ ਬਾਤ ਹੈ। ਮੇਰੇ ਪਿਤਾ ਜੀ ਰੀੜ ਦੀ ਹੱਡੀ ਦੇ ਕੈਂਸਰ ਤੋਂ ਪੀੜਤ ਹੋ ਗਏ। ਪਿਤਾ ਦੀ ਭਿਆਨਕ ਪੀੜ ਦੇ ਨਾਲ ਨਾਲ ਹੀ ਮਰਦਾ ਫਿਰਦਾ ਸਾਂ ਮੈਂ ਵੀ। ਬੜੇ ਭੈੜੇ ਦਿਨ ਸਨ। ਬੱਬੂ ਬਰਾੜ ਆਇਆ ਕਈ ਵਾਰ। ਇਕ ਦਿਨ ਬਰਾੜ ਸਾਹਬ ਸਾਦਿਕ ਆਏ ਤੇ ਸ਼ਿਵਰਾਜ ਤੋਂ ਪਤਾ ਕਰਿਆ ਕਿ ਘੁਗਿਆਣਵੀ ਕਿਥੇ ਆ। ਉਹਨੇ ਦੱਸਿਆ ਤਾਂ ਪਿੰਡ ਆ ਗਏ। ਸੂਰਜ ਛਿਪ ਰਿਹਾ ਸੀ ਤੇ ਓਧਰੋਂ ਸਾਡੇ ਘਰ ਦਾ ਪਿਤਾ ਰੂਪੀ ਚਾਨਣ ਵੀ ਮੱਧਮ ਪੈ ਰਿਹਾ ਸੀ। ਪਿਤਾ ਦਾ ਮੰਜਾ ਵਿਹੜੇ ਵਿਚ ਹੀ ਡੱਠਾ ਹੋਇਆ ਸੀ। ਬਰਾੜ ਸਾਹਬ ਕੋਲ ਬਹਿਕੇ ਬੋਲੇ, “ਛੋਟੇ ਭਾਈ ਉਠਕੇ ਬਹਿ, ਕੁਛ ਨੀ ਹੋਇਆ ਤੈਨੂੰ, ਆਹ ਦੇਖ ਤੇਰਾ ਭਰਾ ਆਇਆ ਮਿਲਣ ਤੈਨੂੰ।” ਪਿਤਾ ਜੀ ਨੇ ਲੰਮੇ ਪਿਂਆ ਖਿਸਕਣਾ ਚਾਹਿਆ ਪਰ ਉਠਕੇ ਬਹਿ ਨਾ ਸਕੇ। ਬਰਾੜ ਸਾਹਬ ਫਿਰ ਬੋਲੇ, “ਛੋਟੇ ਭਾਈ ਤੈਂ ਮੇਰੇ ਵਾਸਤੇ ਬੜਾ ਕੁਛ ਕੀਤੈ, ਹਮੇਸ਼ਾ ਜਿਤਾਇਆ ਐ।” ਪਿਤਾ ਜੀ ਪਏ ਪਏ ਬੋਲੇ, “ਬਰਾੜਾ, ਫਿਰ ਵੀ ਜਿਤਾਵਾਂਗੇ, ਫਿਕਰ ਨਾ ਕਰ।” ਪਰਿਵਾਰ ਨੂੰ ਹੌਸਲਾ ਦੇਕੇ ਤੁਰਨ ਲੱਗੇ ਤੇ ਮੈਨੂੰ ਇਕ ਪਾਸੇ ਲੈ ਗਏ। ਕਹਿੰਦੇ, “ਪੁੱਤਰਾ ਘਬਰਾਈਂ ਨਾ, ਪੈਸੇ ਪੂਸੇ ਚਾਹੀਦੇ ਆ ਤਾਂ ਦਸ ਕੁਛ? ਛੋਟਾ ਬਾਈ ਠੀਕ ਹੋਜੂਗਾ, ਪੂਰੇ ਹੌਸਲੇ ‘ਚ ਆ ਬਾਈ, ਬਸ ਡਟਿਆ ਰਹਿ ਸੇਵਾ ‘ਚ ਤੂੰ।” ਉਸ ਦਿਨ ਮੈਂ ਬਰਾੜ ਸਾਹਬ ਦੀਆਂ ਅੱਖਾਂ ਵਿਚ ਝਾਕ ਨਾ ਸਕਿਆ। ਕਾਰ ਤੁਰੀ ਤਾਂ ਘਰ ਆਕੇ ਮੈਂ ਰੋ ਪਿਆ ਬਾਪੂ ਤੋਂ ਚੋਰੀ। ਜਦ ਪਿਤਾ ਕੋਲ ਆਇਆ ਤਾਂ ਉਹ ਬੋਲੇ, “ਏਹ ਬੰਦਾ ਚੰਗਾ ਐ, ਏਹਦੇ ਵੱਲੋਂ ਮੂੰਹ ਨਾ ਫੇਰਿਓ ਕਦੇ।”

                        ***

    ਇੱਕ ਹੋਰ ਗੱਲ ਯਾਦ ਆਈ। ਸਾਡੇ ਪਿੰਡੋਂ ਬੌਰੀਆ ਸਿੱਖਾਂ ਦੀ ਕੁੜੀ ਦਾ ਆਪਣੇ ਸੌਹਰੇ ਘਰ ਝਗੜਾ ਹੋ ਗਿਆ। ਪਿੰਡ ਜਾਂ ਚੇਤ ਸਿੰਘ ਵਾਲਾ ਹੋਣਾ ਜਾਂ ਸ਼ੇਰ ਸਿੰਘ ਵਾਲਾ ਸੀ। (ਉਦੋਂ ਚਾਹੇ ਮੇਰੀ ਏਨੀ ਪੁੱਛ ਗਿੱਛ ਨਹੀਂ ਸੀ ਪਰ ਫਿਰ ਪਿੰਡ ਦੇ ਲੋਕ ਆ ਜਾਂਦੇ ਤੇ ਮੈਂ ਹਰੇਕ ਸੱਚੇ ਬੰਦੇ ਦੇ ਹੱਕ ਵਿਚ ਖੜੋਣ ਦੀ ਕੋਸ਼ਸ਼ ਕਰਦਾ)।
    ਪਿੰਡ ਦੇ ਬੌਰੀਏ ਸਿੱਖ ਮੇਰੇ ਕੋਲ ਆਏ ਤੇ ਦੱਸਣ ਲੱਗੇ ਕਿ ਕੁੜੀ ਦੇ ਸੌਹਰੇ ਅਵਤਾਰ ਬਰਾੜ ਦੇ ਬੰਦੇ ਆ ਖਾਸਮ ਖਾਸ, ਬਰਾੜ ਨੂੰ ਤੂੰ ਫੂਨ ਕਰ ਕੇ ਆਖ ਕਿ ਉਨਾ ਦੇ ਮਗਰ ਨਾ ਖੜੇ ਓਹ। ਮੈਂ ਬਰਾੜ ਸਾਹਬ ਨੂੰ ਆਖਿਆ ਤਾਂ ਉਨਾਂ ਅਗੋਂ ਸਾਦਿਕ ਦੇ ਉਘੇ ਕਾਂਗਰਸੀ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ ਢਿਲੋਂ ਦੀ ਡਿਊਟੀ ਲਾ ਦਿੱਤੀ ਕਿ ਘੁਗਿਆਣਵੀ ਦੇ ਨਾਲ ਜਾਕੇ ਝਗੜਾ ਨਿਬੇੜੋ। ਇਕ ਸਵੇਰ ਮੈਂ ਤੇ ਦਰਸ਼ਨ ਢਿੱਲੋਂ ਅੰਕਲ ਉਹਦੀ ਅੰਬੈਸਡਰ ਕਾਰ ਵਿਚ ਬੈਠੇ ਬੌਰੀਆਂ ਸਿੱਖਾਂ ਦੇ ਵਿਹੜੇ ਜਾ ਪੁੱਜੇ। ਠੰਢ ਦਾ ਮੌਸਮ। ਬੌਰੀਏ ਹਾਲੇ ਉਠੇ ਈ ਸਨ। ਚੁੱਲਿਆਂ ਵਿਚ ਅੱਗਾਂ ਬਲ ਰਹੀਆਂ ਤੇ ਘਰ ਘਰ ਚਾਹ ਉੱਬਲ ਰਹੀ ਸੀ। ਰੂੜੀਆਂ ‘ਚ ਪਈ ਵਿਹਲੀ ਥਾਵੇਂ ਕਾਰ ਪਾਰਕ ਕਰਕੇ ਇਕ ਭੀੜੀ ਕੱਚੀ ਗਲੀ ਵਿਚ ਤੁਰੇ ਜਾ ਰਹੇ, ਸਬੰਧਤ ਪਰਿਵਾਰ ਦਾ ਘਰ ਲੱਭ ਰਹੇ ਸਾਂ। ਓਪਰੇ ਜਿਹੇ ਬੰਦੇ ਆਏ ਦੇਖ ਕੁੱਤੇ ਕੁੱਤੀਆਂ ਭੌਂਕਣ ਲੱਗੇ। ਕੋਈ ਕੱਚੇ ਵਿਹੜੇ ਵਿਚ ਮੱਝ ਦੀਆਂ ਧਾਰਾਂ ਕੱਢ ਰਿਹਾ ਸੀ। ਕੋਈ ਬੱਕਰੀ ਚੋਈ ਜਾਂਦਾ ਸੀ ਤੇ ਕੋਈ ਬੁੱਢੀ ਕੱਚਾ ਵਿਹੜਾ ਸੁੰਬਰ ਰਹੀ ਸੀ। ਕੁੱਕੜ ਕੁੱਕੜੀਆਂ ਭੱਜੇ ਫਿਰਦੇ ਸਨ ਤੇ ਕਿਸੇ ਦੇ ਘਰ ਰੇਡੀਓ ਉਤੇ ਸ਼ਬਦ ਕੀਰਤਨ ਗੂੰਜ ਰਿਹਾ ਸੀ।
    ਪੁੱਛ ਪੁੱਛਾ ਕੇ ਸਾਨੂੰ ਮੁੰਡੇ ਵਾਲਿਆਂ ਦਾ ਬੋੜਾ ਘਰ ਲੱਭ ਗਿਆ, ਨਾ ਬੂਹਾ ਨਾ ਬਾਰੀ। ਪਸੂ ਬੱਧੇ ਹੋਏ। ਘਰ ਵਿਚ ਸਫੈਦੇ ਖੜੇ ਲੰਮ ਸਲੰਮੇ।ਜਦ ਅਸੀਂ ਅਗਾਂਹ ਗਏ ਤਾਂ, ਘਰ ਦੇ ਵਾਹਵਾ ਸਾਰੇ ਜੀਅ ਦਰਸ਼ਨ ਢਿਲੋਂ ਨੂੰ ਆਇਆ ਵੇਖ ਬੜੇ ਮੋਹ ਨਾਲ ਮਿਲੇ। ਉਹਦੇ ਪੈਰੀਂ ਹੱਥ ਲਾਉਣ ਤੇ ਮੇਰੇ ਨਾਲ ਹੱਥ ਮਿਲਾਉਣ। ਢਿਲੋਂ ਨੇ ਬਾਜੀ ਮਾਰੀ, “ਓ ਏਹ ਬਰਾੜ ਸਾਹਬ ਨੇ ਭੇਜਿਆ, ਓਹਨਾ ਦਾ ‘ਖਾਸ ਬੰਦਾ’ ਐ ਤੇ ਸਾਰੀ ਗੱਲ ਏਹਨੂੰ ਸੁਣਾਓ, ਥੋਡਾ ਅੱਜ ਈ ਨਿਬੇੜਦੇ ਆਂ।” ਮੈਨੂੰ ਝੁਰਮਟ ਜਿਹੀ ਪੈਗੀ ਤੇ ਸੁਣਾ ਸੁਣਾਈ ਵੇਖਾ ਵਿਖਾਈ ਵਿਚ ਹੋਰ ਵੀ ਬੰਦੇ ਬੁੜੀਆਂ ਤੇ ਨਿਆਣੇ ਸਿਆਣੇ ਖੇਸਾਂ ਕੰਬਲਾਂ ਦੀਆਂ ਬੁੱਕਲਾਂ ਮਾਰੀ ਘਰਾਂ ‘ਚੋਂ ਬਾਹਰ ਆ ਰਹੇ ਸਨ।
    ਅਸੀਂ ਦੋ ਘੰਟੇ ਮਗਜ ਪੱਚੀ ਮਾਰੀ। ਸਾਡੀ ਗੱਲ ਤਣ ਪੱਤਣ ਨਾ ਲੱਗੀ। ਉਦੋਂ ਮੈਂ ਪੱਤਰਕਾਰੀ ਵੀ ਕਰਦਾ ਸੀ। ਮੈਂ ਪੱਤਰਕਾਰੀ ਦਾ ਦਬਕਾ ਮਾਰਿਆ ਕਿ ਕੁੜੀ ਵਸਾਉਣੀ ਐਂ ਕਿ ਖਬਰ ਲੁਵਾਉਣੀ ਐਂ, ਖਬਰ ਲੱਗੂ ਫੇਰ ਪਰਚਾ ਵੀ ਹੋਊ। ਕੁੜੀ ਫਿਰ ਵੀ ਵਸਾਉਣੀ ਪਊ। ਨਾਲੇ ਸੌ ਛਿੱਤਰ ਖਾਧਾ ਤੇ ਨਾਲੇ ਸੌ ਗੰਢਾ ਖਾਧਾ ਵਾਲੀ ਗੱਲ ਹੋਊ। ਦੱਸੋ ਕਿਵੇ ਕਰਨਾ? ਇਹ ਸੁਣ ਸਾਰੇ ਚੁੱਪ ਜਿਹੇ ਹੋਗੇ ਤੇ ਏਧਰ ਓਧਰ ਨੂੰ ਹੋਕੇ ਕੰਨੋਂ ਕੰਨੀ ਸਲਾਹਾਂ ਕਰਨ ਲੱਗੇ। ਆਖਿਰ ਮੰਨ ਗਏ ਕਿ ਕੁੜੀ ਤੁਰਵਾ ਦਿਓ ਤੇ ਇਕ ਸ਼ਰਤ ਐ ਸਾਡੀ, ਬਈ ਕੁੜੀ ਘਰੇ ਸਾਨੂੰ ਪੁਠਾ ਤੇ ਅਬੈੜਾ ਭੋਰਾ ਨਾ ਬੋਲੇ, ਅਸੀਂ ਨੀ ਕੁਟਦੇ ਉਹਨੂੰ ਫੇਰ, ਫੁੱਲਾਂ ਆਗੂੰ ਰੱਖਾਂਗੇ। ਮੈਂ ਕਿਹਾ, ” ਕੁੜੀ ਕੋਲ ਜਾਨੇ ਆਂ, ਕੁੜੀ ਨੂੰ ਸਮਝਾਉਣੇ ਆਂ, ਜਵਾਂ ਨੀ ਬੋਲੂਗੀ। ਚੱਲ ਮੁੰਡਿਆ ਬਹਿ ਸਾਡੇ ਨਾਲ ਕੁੜੀ ਲਿਆਈਏ।” ਪਰਾਹੁਣਾ ਨਾਲ ਬੈਠਿਆ ਤੇ ਸਾਡੇ ਪਿੰਡ ਵੱਲ ਦਰਸ਼ਨ ਅੰਕਲ ਨੇ ਕਾਰ ਦੁਵੱਲ ਦਿੱਤੀ। ਕਰ ਕਰਾ ਕੇ ਕੁੜੀ ਤੋਰਤੀ ਤੇ ਬਰਾੜ ਸਾਹਬ ਨੂੰ ਦਰਸ਼ਨ ਅੰਕਲ ਤੇ ਮੈਂ ਘਰਦੇ ਫੋਨ ਉਤੇ ਸਾਰਾ ਹਾਲ ਹਵਾਲ ਦੱਸਣ ਲੱਗੇ। ਬਰਾੜ ਸਾਹਬ ਹੱਸੀ ਜਾਣ ਤੇ ਸਾਬਾਸ਼ ਵੀ ਦੇਈ ਜਾਣ। ਕਹਿੰਦੇ, “ਓ ਪੁੱਤਰਾ ਤੇਰੇ ਵਰਗਾ ਪੀਏ ਚਾਹੀਦਾ ਮੈਨੂੰ, ਓਏ ਰੋਲਤਾ ਮੈਨੂੰ ਰੁਲਦੂ ਵਰਗਿਆ ਨੇ। ਪੁੱਤਰਾ ਅੱਜ ਤੂੰ ਦਬਕਾ ਮਾਰਕੇ ਕੁੜੀ ਵਸਾਉਣ ਵਾਲਾ ਪੁੰਨ ਖਾਤੇ ਕੰਮ ਕੀਤਾ ਐ, ਜਿਊਂਦਾ ਰਹਿ ਮੇਰਾ ਸ਼ੇਰ।”
    (ਬਾਕੀ ਅਗਲੇ ਹਫਤੇ)


    Note: ਪਿਤਾ ਜੀ ਦਾ ਹਾਲ ਚਾਲ ਪੁੱਛਦੇ ਹੋਏ ਬਰਾੜ ਸਾਹਬ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!