ਕਿਸਾਨ-ਜਥੇਬੰਦੀਆਂ ਨੇ ਕਿਸਾਨਾਂ ਤੋਂ ਵੇਰਵੇ ਮੰਗੇ
ਦਿੱਲੀ-ਮੋਰਚਿਆਂ ਲਈ ਪੰਜਾਬ ਤੋਂ ਦਰਜ਼ਨਾਂ ਜਥੇ ਰਵਾਨਾ
ਸੰਸਦ ਮੈਂਬਰਾਂ ਨੂੰ ਭੇਜੇ ਜਾਣਗੇ ਚਿਤਾਵਨੀ ਪੱਤਰ

ਚੰਡੀਗੜ੍ਹ,16ਜੁਲਾਈ (ਦਲਜੀਤ ਕੌਰ ਭਵਾਨੀਗੜ੍ਹ) ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ 22 ਜੁਲਾਈ ਤੋਂ ਕੀਤੇ ਜਾ ਰਹੇ ਰੋਸ-ਪ੍ਰਦਰਸ਼ਨ ਲਈ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦ੍ਰਿੜਤਾ ਨਾਲ ਜੁਟ ਗਈਆਂ ਹਨ। ਕਿਸਾਨ-ਜਥੇਬੰਦੀਆਂ ਵੱਲੋਂ ਰੋਸ-ਪ੍ਰਦਰਸ਼ਨ ਲਈ ਸ਼ਾਮਲ ਹੋਣ ਵਾਲੇ ਕਿਸਾਨਾਂ ਦੇ ਵੇਰਵੇ ਇਕੱਠੇ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਨੂੰ ਸੌਂਪਣੇ ਸ਼ੁਰੂ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਹਰ ਰੋਜ਼ 200 ਕਿਸਾਨ ਪ੍ਰਦਰਸ਼ਨ ‘ਚ ਸ਼ਮੂਲੀਅਤ ਕਰਨਗੇ ਅਤੇ ਹਰੇਕ ਜਥੇਬੰਦੀ ਦੇ 5 ਕਿਸਾਨ ਕਾਫ਼ਲਿਆਂ ‘ਚ ਸ਼ਮੂਲੀਅਤ ਕਰਨਗੇ। ਕਿਸਾਨ-ਜਥੇਬੰਦੀਆਂ ਇਸ ਰੋਸ-ਪ੍ਰਦਰਸ਼ਨ ਨੂੰ ਸਫ਼ਲ ਬਣਾਉਣ ਪ੍ਰਤੀਬੱਧਤਾ ਨਾਲ ਜੁਟੀਆਂ ਹੋਈਆਂ ਹਨ, ਕਿਸਾਨ-ਆਗੂਆਂ ਨੇ ਅਹਿਦ ਕੀਤਾ ਹੈ ਕਿ ਰੋਸ-ਪ੍ਰਦਰਸ਼ਨ ਸ਼ਾਂਤਮਈ, ਅਨੁਸ਼ਾਸਨਮਈ ਅਤੇ ਜਥੇਬੰਦਕ ਹੋਵੇਗਾ। ਕਿਸਾਨਾਂ-ਨੌਜਵਾਨਾਂ ਨੂੰ ਕਿਸੇ ਵੀ ਭੜਕਾਊ ਪ੍ਰਚਾਰ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਪੰਜਾਬ ‘ਚ ਕਿਸਾਨਾਂ ‘ਚ ਪ੍ਰਦਰਸ਼ਨ ‘ਚ ਸ਼ਮੂਲੀਅਤ ਇੰਨਾ ਜੋਸ਼ ਹੈ ਕਿ ਔਰਤਾਂ ਅਤੇ ਨੌਜਵਾਨਾਂ ਵੱਲੋਂ ਵੀ ਆਪਣੇ ਨਾਂਅ ਪੇਸ਼ ਕੀਤੇ ਗਏ ਹਨ। ਨੌਜਵਾਨਾਂ ਵੱਲੋਂ ਜਥੇਬੰਦੀਆਂ ਨੂੰ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਕਿਸਾਨ-ਜਥੇਬੰਦੀਆਂ ਨੇ ਸੰਸਦ ਦੇ ਲੋਕ-ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਚਿਤਾਵਨੀ-ਪੱਤਰ ਭਲਕੇ 17 ਜੁਲਾਈ ਤੱਕ ਭੇਜ ਦਿੱਤੇ ਜਾਣਗੇ।
ਪੰਜਾਬ ਤੋਂ ਕਿਸਾਨਾਂ ਦੇ ਜਥਿਆਂ ਦਾ ਦਿੱਲੀ-ਮੋਰਚਿਆਂ ਲਈ ਜਾਣਾ ਲਗਾਤਾਰ ਜਾਰੀ ਹੈ। ਅੱਜ ਵੀ ਮਾਨਸਾ, ਬਠਿੰਡਾ, ਫਿਰੋਜ਼ਪੁਰ, ਸ਼੍ਰੀ ਮੁਕਤਸਰ ਸਾਹਿਬ, ਰੋਪੜ, ਬਰਨਾਲਾ, ਗੁਰਦਾਸਪੁਰ ਸਮੇਤ ਵੱਖ-ਵੱਖ ਜਿਲ੍ਹਿਆਂ ਤੋਂ ਸੈਂਕੜੇ ਕਿਸਾਨ ਰਵਾਨਾ ਹੋਏ।

ਕਿਸਾਨ ਆਗੂਆਂ ਨੇ ਪੰਜਾਬ ਦੇ ਰੰਗਕਰਮੀਆਂ, ਸਾਹਿਤਕਾਰਾਂ, ਕਲਾਕਾਰਾਂ, ਬੁੱਧੀਜੀਵੀਆਂ ਸਮੇਤ ਹਰੇਕ ਵਰਗ ਨੂੰ ਦਿੱਲੀ ਦੇ ਮੋਰਚਿਆਂ ‘ਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।
ਪੰਜਾਬ ਭਰ ‘ਚ ਜਾਰੀ ਕਰੀਬ 108 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ਦੇ 288ਵੇਂ ਦਿਨ ਸੰਬੋਧਨ ਕਰਦਿਆਂ ਕਿਸਾਨ-ਆਗੂਆਂ ਨੇ ਕਿਹਾ ਕਿ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਸਿਰਸਾ ਵਿਖੇ ਇੱਕ ਬੀਜੇਪੀ ਨੇਤਾ ਦਾ ਘਿਰਾਉ ਕਰਨ ਦੀ ਘਟਨਾ ਦਾ ਬਹਾਨਾ ਬਣਾ ਕੇ ਕੱਲ੍ਹ ਹਰਿਆਣਾ ਪੁਲਿਸ ਨੇ 5 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਬੀਜੇਪੀ ਨੇਤਾ ਦੀ ਕਾਰ ਦਾ ਸ਼ੀਸ਼ਾ ਤੋੜ ਦੇਣ ਦੇ ‘ਜੁਰਮ’ ਬਦਲੇ ਇਨ੍ਹਾਂ ਕਿਸਾਨ ਆਗੂਆਂ ਉਪਰ ਦੇਸ਼-ਧਰੋਹ ਦਾ ਕੇਸ ਦਰਜ ਕੀਤਾ ਹੈ। ਕਿੱਥੇ ਕਾਰ ਦਾ ਸ਼ੀਸ਼ਾ, ਕਿਥੇ ਦੇਸ਼-ਧਰੋਹ? ਕੀ ਸਾਡੇ ਮੁਲਕ ਦੇ ਮੌਜੂਦਾ ਸ਼ਾਸ਼ਕ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਨੂੰ ਕਾਰ ਦੇ ਸ਼ੀਸ਼ੇ ਜਿੰਨੀ ਕਮਜ਼ੋਰ ਸਮਝਦੇ ਹਨ। ਕੱਲ੍ਹ ਸੁਪਰੀਮ ਕੋਰਟ ਨੇ ਵੀ ਸਾਡੇ ਸ਼ਾਸ਼ਕਾਂ ਵੱਲੋਂ ਇਸ ਕਾਨੂੰਨ ਦੀ ਗਲਤ ਵਰਤੋਂ ਬਾਰੇ ਸਖਤ ਟਿੱਪਣੀਆਂ ਕੀਤੀਆਂ ਹਨ। ਬਹੁਤ ਸ਼ਰਮ ਵਾਲੀ ਗੱਲ ਹੈ ਕਿ ਆਪਣੇ ਆਪ ਨੂੰ ਆਜ਼ਾਦ ਤੇ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲੇ ਮੁਲਕ ਦੀਆਂ ਸਰਕਾਰਾਂ ਨੂੰ, ਲੋਕਾਂ ਦੀ ਜੁਬਾਨਬੰਦੀ ਲਈ ਆਪਣੇ ਬਸਤੀਵਾਦ ਸ਼ਾਸ਼ਕਾਂ ਵੱਲੋਂ ਬਣਾਏ ਕਾਨੂੰਨ ਦਾ ਸਹਾਰਾ ਲੈਣਾ ਪੈ ਰਿਹਾ ਹੈ।ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਦੇਸ਼-ਧਰੋਹੀ ਗਰਦਾਨਿਆ ਜਾ ਰਿਹਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਸਿਰਸਾ ‘ਚ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ।