ਡਿੰਪਾ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਿੱਤਾ ਸਾਥ ਨਹੀਂ ਵਿਸਾਰਨਾ ਚਾਹੀਦਾ

ਮਾਂ ਬਿਮਾਰ ਸੀ ਪਰ ਡਿੰਪਾ ਧਰਨੇ ‘ਤੇ ਸਨ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
“ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦਾ ਖੇਮਕਰਨ ਦੇ ਪਿੰਡ ਮਾਨ ਵਿਖੇ ਘਿਰਾਓ ਕੀਤਾ ਜਾਣਾ ਬੇਹੱਦ ਮੰਦਭਾਗਾ ਹੈ। ਜਸਬੀਰ ਸਿੰਘ ਡਿੰਪਾ ਬੇਸ਼ੱਕ ਕਾਂਗਰਸ ਪਾਰਟੀ ਦੇ ਐੱਮ ਪੀ ਹਨ ਪਰ ਉਨ੍ਹਾਂ ਨੇ ਹਮੇਸ਼ਾ ਹੀ ਨਿੱਜੀ ਹਿੱਤਾਂ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ, ਪੰਜਾਬੀ, ਪੰਜਾਬੀਅਤ ਦੀ ਗੱਲ ਕੀਤੀ ਹੈ। ਕਿਸਾਨਾਂ ਵੱਲੋਂ ਇਸ ਤਰ੍ਹਾਂ ਹਰ ਕਿਸੇ ਨੂੰ ਇੱਕੋ ਰੱਸੇ ਬੰਨ੍ਹਣਾ ਮਾੜੀ ਗੱਲ ਹੈ।” ਉਕਤ ਵਿਚਾਰਾਂ ਦਾ ਪ੍ਰਗਟਾਵਾ ਲੰਡਨ ਵੱਸਦੇ ਉੱਘੇ ਨੌਜਵਾਨ ਕਾਰੋਬਾਰੀ, ਚਰਚਿਤ ਖੇਡ ਪ੍ਰਮੋਟਰ, ਸਮਾਜ ਸੇਵੀ ਤੇ ਇੰਡੀਅਨ ਓਵਰਸੀਜ਼ ਕਾਂਗਰਸ ਲਈ ਇੰਗਲੈਂਡ ਤੋਂ ਸੇਵਾਵਾਂ ਨਿਭਾ ਚੁੱਕੇ ਬਿੱਲਾ ਗਿੱਲ ਦੀਨੇਵਾਲੀਆ ਨੇ ਵਿਸ਼ੇਸ਼ ਵਾਰਤਾ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਖ਼ੁਦ ਵੀ ਕਿਸੇ ਰਾਜਨੀਤਕ ਪਾਰਟੀ ਦਾ ਸਮਰਥਕ ਬਾਅਦ ਵਿੱਚ ਹਾਂ, ਪਰ ਕਿਸਾਨ ਦਾ ਪੁੱਤ ਪਹਿਲਾਂ ਹਾਂ। ਜਿਸ ਤਰ੍ਹਾਂ ਜਸਬੀਰ ਸਿੰਘ ਡਿੰਪਾ ਨੇ ਮੋਦੀ ਸਰਕਾਰ ਦੇ ਖਿਲਾਫ ਧਰਨਾ ਲਾ ਕੇ ਆਪਣੇ ਪਰਿਵਾਰਕ ਸੁੱਖ ਦੁੱਖ ਨੂੰ ਤਿਲਾਂਜਲੀ ਦੇਈ ਰੱਖੀ ਸੀ, ਉਹ ਕਿਸੇ ਕੋਲੋਂ ਲੁਕੀ ਛਿਪੀ ਨਹੀਂ ਸੀ। ਡਿੰਪਾ ਦੇ ਸਤਿਕਾਰਯੋਗ ਮਾਤਾ ਸਤਵਿੰਦਰ ਕੌਰ ਗਿੱਲ ਜੀ ਉਨ੍ਹਾਂ ਉਹਨੀ ਦਿਨੀਂ ਸਖ਼ਤ ਬਿਮਾਰ ਸਨ, ਪਰ ਡਿੰਪਾ ਗਿੱਲ ਦਿੱਲੀ ਧਰਨੇ ‘ਤੇ ਬੈਠੇ ਸਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਮਾਤਾ ਜੀ ਬਾਅਦ ਵਿੱਚ ਅਕਾਲ ਚਲਾਣਾ ਕਰ ਗਏ। ਬਿੱਲਾ ਗਿੱਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਵਿਰੋਧ ਕਰਨ ਲਈ ਅਪਣਾਏ ਜਾ ਰਹੇ ਪੈਂਤੜੇ ਬਦਲਣ ਦੀ ਲੋੜ ਹੈ। ਅਜਿਹਾ ਅੰਨ੍ਹਾ ਵਿਰੋਧ ਕਰਕੇ ਅਸੀਂ ਲੋਕਾਂ ਦਾ ਸਾਥ ਲੈਣ ਦੀ ਬਜਾਏ ਖੁਦ ਵਿਰੋਧ ਸਹੇੜ ਰਹੇ ਹਾਂ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿੱਚ ਆਪ ਮੁਹਾਰਾ ਵਿਰੋਧ ਕਰ ਰਹੇ ਅਨਸਰਾਂ ਦੀ ਪਹਿਚਾਣ ਕੀਤੀ ਜਾਵੇ। ਜੇਕਰ ਸੱਚਮੁੱਚ ਹੀ ਕਿਸਾਨ ਅਜਿਹੇ ਸੱਚੇ ਸੁੱਚੇ ਆਗੂਆਂ ਦਾ ਵਿਰੋਧ ਕਰਦੇ ਹਨ ਤਾਂ ਜਥੇਬੰਦੀਆਂ ਨੂੰ ਦਖ਼ਲ ਦੇਣ ਦੀ ਲੋੜ ਹੈ। ਇਹ ਵੀ ਸੋਚਣ ਦੀ ਲੋੜ ਹੈ ਕਿ ਕਿਧਰੇ ਕੋਈ ਸ਼ਰਾਰਤੀ ਅਨਸਰ ਅਜਿਹੇ ਵਿਰੋਧ ਪ੍ਰਦਰਸ਼ਨ ਕਰਕੇ ਪਿੰਡਾਂ ਵਿੱਚ ਕਿਸਾਨ ਸੰਘਰਸ਼ ਦੀ ਸਾਖ ਨੂੰ ਖੋਰਾ ਤਾਂ ਨਹੀਂ ਲਗਾ ਰਹੇ ।