8.2 C
United Kingdom
Saturday, April 19, 2025

More

    ਇਹੋ ਜਿਹੇ ਸਨ ਅਵਤਾਰ ਸਿੰਘ ਬਰਾੜ-(11)

    ਨਿੰਦਰ ਘੁਗਿਆਣਵੀ

    ਉਘੇ ਨਾਵਲਕਾਰ ‘ਪਦਮ ਸ਼੍ਰੀ’ ਪ੍ਰੋਫੈਸਰ ਗੁਰਦਿਆਲ ਸਿੰਘ ਦੇ ਦਿਹਾਂਤ ਉਤੇ ਮੈਂ ਜਗਬਾਣੀ ਵਿਚ ਇਕ ਛੋਟਾ ਜਿਹਾ ਪੀਸ ਲਿਖਿਆ। ਬਰਾੜ ਸਾਹਬ ਨੇ ਪੜਿਆ ਤੇ ਫੋਨ ਆਇਆ। ਬੋਲੇ “ਬੇਟਾ, ਜੇ ਆਪਣੀ ਗੱਲ ਪਹਿਲਾਂ ਹੋਈ ਹੁੰਦੀ ਤਾਂ ਵਿਚ ਇਹ ਵੀ ਲਿਖ ਦੇਣਾ ਸੀ, ਸੁਣ ਲੈ, ਜਦੋਂ ਮੈਂ ਸਿੱਖਿਆ ਮੰਤਰੀ ਬਣਿਆ ਤਾਂ ਸਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦੀ ਭਾਲ ਸੀ ਤੇ ਇੱਕ ਦਿਨ ਮੇਰੇ ਦਿਮਾਗ ਵਿਚ ਆਇਆ ਕਿ ਪ੍ਰੋਫੈਸਰ ਗੁਰਦਿਆਲ ਸਿੰਘ ਸਾਡੇ ਇਲਾਕੇ ਦੇ ਹੀ ਨਹੀਂ ਸਗੋਂ ਏਡੇ ਵੱਡੇ ਤੇ ਸੰਸਾਰ ਪ੍ਰਸਿੱਧ ਲੇਖਕ ਐ, ਪਦਮ ਸ਼੍ਰੀ ਐ ਤੇ ਦੁਨੀਆਂ ਭਰ ਵਿੱਚ ਮੰਨੇ ਪ੍ਰਮੰਨੇ ਸਾਡੇ ਕੋਲ ਹੈਗੇ ਐ ਤਾਂ ਸਾਨੂੰ ਬਾਹਰੋਂ ਲੱਭਣ ਦੀ ਕੀ ਲੋੜ ਐ, ਇਉਂ ਅਸੀਂ ਮਨ ਬਣਾ ਕੇ ਜੈਤੈ ਪ੍ਰੋਫੈਸਰ ਸਾਹਬ ਦੇ ਘਰ ਗਏ।ਚਾਹ ਪਾਣੀ ਪੀਕੇ ਮੈਂ ਆਪਣੇ ਮਨ ਦੀ ਇੱਛਾ ਦੱਸੀ ਕਿ ਪ੍ਰੋਫੈਸਰ ਸਾਹਬ ਆਓ, ਤੇ ਸਾਡੇ ਵਿਭਾਗ ਦੀ ਅਗਵਾਈ ਕਰੋ। ਉਹ ਹੱਸੇ ਤੇ ਬੜੀ ਨਿਮਰਤਾ ਨਾਲ ਬੋਲੇ ਕਿ ਅਵਤਾਰ ਸਿੰਘ ਜੀ , ਤੁਸੀਂ ਆਏ ਹੋ ਤੇ ਪੇਸ਼ਕਸ਼ ਕੀਤੀ ਐ, ਏਹੋ ਸਮਝੋ ਕਿ ਮੈਂ ਸਕੂਲ ਸਿੱਖਿਆ ਵਿਭਾਗ ਦਾ ਚੇਅਰਮੈਨ ਬਣ ਈ ਗਿਆ ਪਰ ਇਹ ਮੇਰੇ ਵੱਸ ਦੀ ਗੱਲ ਨਹੀਂ ਐ,ਮੈਂ ਘਰੋਂ ਬਾਹਰ ਨੀ ਰਹਿ ਸਕਦਾ ਤੇ ਮੇਰੇ ਸਾਹਿਤਕ ਕੰਮ ਬੜੇ ਪੈਡਿੰਗ ਪਏ ਆ, ਸੋ ਸੇਹਤ ਵੀ ਆਗਿਆ ਨੀ ਦਿੰਦੀ, ਕਿਰਪਾ ਕਰਕੇ ਮਾਫ ਕਰਿਓ।” ਇਹ ਸੁਣ ਚੁੱਪ ਜਿਹੇ ਹੋਗੇ, ਤਾਂ ਪ੍ਰੋਫੈਸਰ ਸਾਹਬ ਨੂੰ ਕਹਿੰਦੇ ਕਿ ਕੋਈ ਹੋਰ ਬੰਦਾ ਦੇ ਦਿਓ ਫੇਰ, ਕਿਹਨੂੰ ਲਾਈਏ? ਉਹਨਾ ਆਖਿਆ, “ਫਰੀਦਕੋਟ ਬਰਜਿੰਦਰ ਕਾਲਜ ਦੇ ਪ੍ਰਿੰਸੀਪਲ ਰਹੇ ਪ੍ਰੋਫੈਸਰ ਮੁਖਤਿਆਰ ਸਿੰਘ ਨੂੰ ਲਗਾ ਦਿਓ। ਬਰਾੜ ਸਾਹਬ ਨੇ ਮੁੱਖ ਮੰਤਰੀ ਤੋਂ ਉਨਾ ਦੇ ਆਰਡਰ ਕਰਵਾ ਦਿੱਤੇ। ਪ੍ਰੋਫੈਸਰ ਗੁਰਦਿਆਲ ਸਿੰਘ ਦੇ ਤਿਆਗ ਨੇ ਉਨਾ ਨੂੰ ਬੜਾ ਪ੍ਰਭਾਵਿਤ ਕਰਿਆ। (ਸਾਡੇ ਅਜੋਕੇ ਲੇਖਕ ਕਿਵੇਂ ਤਰਲੋ ਮੱਛੀ ਹੁੰਦੇ ਨੇ ਤੇ ਸਰਕਾਰੀ ਅਹੁਦਿਆਂ ਖਾਤਰ ਆਪਣੀਆਂ ਆਤਮਾਵਾਂ ਵੇਚਦੇ ਫਿਰਦੇ ਨੇ, ਸਿਆਸੀ ਬੰਦਿਆਂ ਦੀਆਂ ਡੁਗਡੁਗੀਆਂ ਬਣੇ ਹੋਏ ਨੇ)।
    ***
    ਬਾਬੂ ਸਿੰਘ ਮਾਨ ਦੀ ਭਤੀਜੀ ਦਾ ਵਿਆਹ ਸੀ ਤੇ ਬਹੁਤ ਵੱਡਾ ਪ੍ਰੋਗਰਾਮ ਮਰਾੜ ਪਿੰਡ ਦੇ ਨੇੜੇ ਈ ਸਾਧਾਂ ਵਾਲੇ ਸੰਗਤਪੁਰੇ ਪਿੰਡ ਰਿਸ਼ਤੇਦਾਰਾਂ ਅਮਰ ਸਿੰਘ ਢਿਲੋਂ ਦੇ ਘਰ ਰੱਖਿਆ ਗਿਆ। ਮਾਨ ਸਾਹਿਬ ਆਖਣ ਲੱਗੇ, “ਏਸ ਮੌਕੇ ਸਟੇਜ ਸਕੱਤਰ ਦੀ ਡਿਊਟੀ ਤੈਨੂੰ ਨਿਭਾਉਣੀ ਪੈਣੀ ਐਂ।” ਕੋਟਪੂਰੇ ਵਾਲੇ ਮੀਤੇ ਪੱਤਰਕਾਰ (ਹੁਣ ਸਾਬਕਾ) ਨੂੰ ਹਮੇਸ਼ਾ ਵੱਡੇ ਥਾਵਾਂ ਉਤੇ ਸਟੇਜ ਸਕੱਤਰੀ ਕਰਨ ਦੇ ਚਮੂਣੇ ਲੜਦੇ ਰਹਿੰਦੇ ਨੇ ਤੇ ਦੂਜਾ ਅਵਤਾਰ ਸਿੰਘ ਬਰਾੜ ਤੇ ਮਾਨ ਸਾਹਿਬ ਨਾਲ ਮੀਤੇ ਦੀ ਨੇੜਤਾ ਵੀ ਬੜੀ ਸੀ। ਰੋਜ ਵਾਂਗ ਕੱਠੇ ਖਾਂਦੇ ਪੀਂਦੇ। ਬੜਾ ਤੜਫਿਆ ਮੀਤਾ ਸਟੇਜ ਸਕੱਤਰੀ ਕਰਨ ਨੂੰ। ਮਾਨ ਸਾਹਿਬ ਆਖਣ ਲੱਗੇ, ” ਨਿੰਦਰ, ਤੂੰ ਜੋ ਸੁਥਰੀ ਨਿੱਖਰੀ ਰੇਡੀਓ ਵਾਲੀ ਭਾਸ਼ਾ ਬੋਲਦਾਂ ਏਹੋ ਚੰਗੀ ਲਗਦੀ ਐ।” ਬੜਾ ਇਕੱਠ ਹੋਇਆ। ਪੰਜਾਬ ਦੇ ਸਾਰੇ ਸਿਰਕੱਢ ਮਾਨ ਆਏ ਹੋਏ ਸਨ, ਬੱਬੂ ਮਾਨ, ਭਗਵੰਤ ਮਾਨ, ਸੁਖਵਿੰਦਰ ਈਲੂ ਈਲੂ ਵਾਲਾ, ਗੁਰਸੇਵਕ ਤੇ ਹਰਭਜਨ ਮਾਨ। ਮੰਤਰੀ ਤੇ ਐਮ ਐਲ ਏ ਵੀ ਕਈ ਆਏ। ਐਸ ਐਸ ਪੀ ਹਰਿੰਦਰ ਸਿੰਘ ਚਾਹਲ ਵੀ ਆਇਆ ਹੋਇਆ ਤੇ ਅਵਤਾਰ ਸਿੰਘ ਬਰਾੜ ਨੇ ਤਾਂ ਮੋਹਰੀ ਹੋਣਾ ਈ ਸੀ ਉਥੇ, ਉਨਾ ਦੀ ਬੇਟੀ ਬਰਾਬਰ ਬੇਟੀ ਦਾ ਸਮਾਗਮ ਸੀ। ਮੈਂ ਬਾਬੂ ਸਿੰਘ ਮਾਨ ਦੇ ਹੁਕਮਾਂ ਦੀ ਤਾਮੀਲ ਕਰਨ ਵਾਸਤੇ ਸਟੇਜ ਸਕੱਤਰੀ ਕਰਨ ਲੱਗਿਆ। ਹਾਲੇ ਕੁਛ ਮੁੱਢਲੇ ਬੋਲ ਹੀ ਬੋਲੇ ਸਨ ਕਿ ਹੇਠੋਂ ਹਰਿੰਦਰ ਸਿੰਘ ਚਾਹਲ ਨੇ ਆਵਾਜ ਲਾਈ, “ਆਵਦੇ ਉਸਤਾਦ ਲਾਲ ਚੰਦ ਯਮਲੇ ਦਾ ਗਾਦੇ ਕੋਈ।” ਚਹਿਲ ਸਾਹਬ ਦਾ ਹੁਕਮ ਕਿਵੇਂ ਮੋੜਦਾ, ਤੇ ਉਹ ਵੀ ਏਨੇ ਭਰਵੇਂ ਇਕੱਠ ਵਿਚ? ਮੈਂ ਸਾਜੀਆਂ ਨਾਲ ਸੁਰ ਸੈੱਟ ਕੀਤੀ ਤੇ ਗਇਆ: ਫੁੱਲਾ ਮਹਿਕ ਨੂੰ ਸੰਭਾਲ, ਨਹੀਂ ਤੇ ਸੁਕ ਜਾਵੇਂਗਾ, ਓਨੇ ਲਵੇਂਗਾ ਨਜਾਰੇ, ਜਿੰਨਾ ਰੁਕ ਜਾਵੇਂਗਾ। ਪੈਸੇ ਵਾਹਵਾ ਹੋਏ। ਮੈਂ ਕਿਓਂ ਚੁੱਕਣੇ ਸਨ ਤੇ ਉਹ ਤੇ ਸਾਜੀਆਂ ਦੇ ਹਿੱਸੇ ਦੇ ਹੀ ਸਨ। ਸਾਰੇ ਮਾਨਾਂ ਸੁਣਿਆਂ ਉਸਤਾਦ ਦੇ ਚੇਲੇ ਨੂੰ। ਖੈਰ। ਸਟੇਜ ਉਤੇ ਬਰਾੜ ਸਾਹਬ ਨੂੰ ਬੂਲਾਇਆ, ਤਾਂ ਉਨਾਂ ਨਾਲ ਸ੍ਰ ਬੇਅੰਤ ਸਿੰਘ ਪੁੱਤਰ ਹਰਪ੍ਰਕਾਸ਼ ਸਿੰਘ ਨੂੰ ਤੇ ਚਹਿਲ ਸਾਹਬ ਨੂੰ ਵੀ ਸੱਦ ਲਿਆ। ਸਟੇਜ ਸਕੱਤਰ ਬਰਾੜ ਆਪੇ ਬਣ ਗਏ। ਬੋਲੇ ਕਿ ਏਹ ਸਾਡਾ ਨਿੱਕਾ ਨਿਆਣਾ ਅੱਜ ਮੰਚ ਸੰਚਾਲਕ ਐ ਤੇ ਥੋੜੀਆਂ ਕੁ ਜਿੰਮੇਵਾਰੀਆਂ ਮੈਂ ਵੀ ਨਿਭਾ ਲਵਾਂ, ਤੇ ਗੱਲ ਈ ਏਹਦੇ ਤੋਂ ਈ ਸ਼ੁਰੂ ਕਰਾਂ, ਏਹ ਜਿੱਡਾ ਆਪ ਐ ਏਹਦੇ ਨਾਲ ਏਹਦੀਆਂ ਲਿਖੀਆਂ ਕਿਤਾਬਾਂ ਦਾ ਢੇਰ ਲਾ ਦੇਈਏ ਤਾਂ ਏਹ ਛੋਟਾ ਰਹਿਜੂ ਤੇ ਢੇਰੀ ਕਿਤਾਬਾਂ ਦੀ ਵਧਜੂ। ਤਾੜੀਆਂ ਵੱਜੀਆਂ।ਸੋ, ਉਨਾਂ ਇਕ ਇਕ ਦਾ ਨਾਂ ਲੈਕੇ ਸਭ ਨੂੰ ਜੀਓ ਆਇਆਂ ਕਿਹਾ ਤੇ ਮਾਇਕ ਮੁੜ ਮੇਰੇ ਹਵਾਲੇ ਕਰਤਾ। ਹਰਿੰਦਰ ਸਿੰਘ ਚਾਹਲ ਨੂੰ ਦੋ ਸ਼ਬਦ ਬੋਲਣ ਨੂੰ ਕਿਹਾ ਤਾਂ ਉਹ ਬੋਲੇ, “ਮਾਨ ਮਿੱਤ ਨਹੀਂ, ਚਹਿਲ ਸਿੱਖ ਨਹੀਂ, ਸਾਡੇ ਬਾਰੇ ਏਹ ਕਹਾਵਤ ਬਣੀ ਹੋਈ ਐ ਪਰ ਅਸੀਂ ਇਹ ਝੂਠੀ ਕਰਤੀ ਐ, ਅਸੀਂ ਮਿੱਤ ਵੀ ਆਂ ਤੇ ਸਿੱਖ ਵੀ ਆਂ।” ਤਾੜੀਆਂ ਫਿਰ ਵੱਜੀਆਂ। ਓਦਣ ਈ ਏਥੇ ਮੈਨੂੰ ਪਹਿਲੀ ਵਾਰ ਬੱਬੂ ਮਾਨ ਮਿਲਿਆ ਸੀ। ਉਹਨੇ ਲੰਬਾ ਕਾਲਾ ਕੋਟ ਪਾਇਆ ਹੋਇਆ ਸੀ ਤੇ ਕੋਟ ਦੇ ਬਟਨ ਲੰਮੇ ਲੰਮੇ ਸਨ ਲੱਕੜ ਦੇ। ਇਹੋ ਜਿਹੇ ਕਲਾਤਮਿਕ ਜਿਹੇ ਕੋਟ ਗੋਰੇ ਪਾਉਂਦੇ ਨੇ। ਬੱਬੂ ਕਹਿੰਦਾ, “ਤੂੰ ਮਾਨ ਪੰਜਾਬ ਦੇ ਕਿਤਾਬ ਵਿਚ ਮੇਰੇ ਬਾਰੇ ਬਾਹਲਾ ਸੋਹਣਾ ਨੀ ਲਿਖਿਆ ਯਾਰ”। (ਮੇਰੀ ਇਹ ਕਿਚਾਬ 2001 ਵਿਚ ਛਪੀ ਸੀ ਸਾਰੇ ਮਸ਼ਹੂਰ ਹੋਏ ਮਾਨਾਂ ਬਾਰੇ ਇਸ ਵਿਚ ਛੋਟੇ ਛੋਟੇ ਲੇਖ ਲਿਖੇ ਸਨ)। ਮੈਂ ਉਸਨੂੰ ਕਿਹਾ ਕਿ ਬਿਨਾ ਮਿਲੇ ਜਾਣੇ ਤੋਂ ਏਨਾ ਕੁ ਈ ਲਿਖ ਹੁੰਦਾ ਹੁਣ ਹੋਰ ਵਧੀਆ ਲਿਖਾਂਗੇ ਜਦ ਆਪਾਂ ਅਗਾਂਹ ਮਿਲਾਂਗੇ।
    ***
    ਜਦ ਬਰਾੜ ਸਾਹਬ ਕੈਬਨਿਟ ਮੰਤਰੀ ਬਣੇ ਤਾਂ ਫਰੀਦਕੋਟ ਸ਼ਹਿਰ ‘ ਚੋਂ ਲੰਘਦਿਆਂ ਡਰਾਈਵਰ ਨੇ ਹੂਟਰ ਮਾਰ ਦਿੱਤਾ। ਝੰਡੀ ਤੇ ਲਾਲ ਬੱਤੀ ਵਾਲੀ ਕਾਰ ਨਾਲ ਡਰਾਈਵਰ ਵੀ ਨਵਾਂ ਨਵਾਂ ਮਿਲਿਆ ਸੀ। ਬਰਾੜ ਸਾਹਬ ਤਲਖ ਹੋ ਗਏ ਡਰਾਈਵਰ ਉਤੇ। ਕਹਿਣ ਲਗੇ, ” ਕਾਕਾ, ਕੀਹਨੂੰ ਸੁਣਾਉਣਾ ਐਂ ਏਥੇ ਹੂਟਰ ਤੂੰ ? ਏਹ ਮੇਰੇ ਆਪਣੇ ਲੋਕ ਐ, ਇਨਾਂ ਨੇ ਹੀ ਇਕ ਜੇ ਬੀ ਟੀ ਮਾਸਟਰ ਤੋਂ ਮੈਨੂੰ ਏਥੋਂ ਤੀਕ ਅਪੜਾਇਆ ਤੇ ਏਹਨਾਂ ਨੂੰ ਹੀ ਮੈਂ ਹੂਟਰ ਮਾਰ ਮਾਰ ਕੇ ਲੰਘਾਂ? ਅਗਾਂਹ ਤੋ ਏਹ ਗਲਤੀ ਨਾ ਕਰੀਂ, ਨਹੀ ਕਿਤੇ ਹੋਰ ਲਗਜਾ ਬੇਟਾ।”
    ***
    ਮਾਲਵੇ ਦੇ ਸਕੂਲਾਂ ਦਾ ਬੜਾ ਮਾੜਾ ਹਾਲ ਸੀ। ਅੱਤਵਾਦ ਖਤਮ ਹੋਕੇ ਹਟਿਆ ਸੀ। ਮਾਸਟਰ ਸਕੂਲਾਂ ਵਿਚ ਜਾਣ ਲੱਗੇ। ਸਰਕਾਰ ਨੇ ਦੇਰ ਤੋਂ ਮਾਸਟਰਾਂ ਦੀਆਂ ਪੋਸਟਾ ਨਹੀ ਸਨ ਭਰੀਆਂ ਤੇ ਬਹੁਤ ਸਾਰੇ ਲੋਕ ਓਵਰ ਏਜ ਹੋ ਚੁੱਕੇ ਸਨ। ਮੁੱਖ ਮੰਤਰੀ ਸ੍ਰ ਹਰਚਰਨ ਸਿੰਘ ਬਰਾੜ ਨੂੰ ਬਰਾੜ ਸਾਹਬ ਨੇ ਸੁਝਾਓ ਦਿੱਤਾ, “ਏਹਨਾ ਵਿਚਾਰਿਆਂ ਦਾ ਕੀ ਕਸੂਰ ਐ,ਡਿਗਰੀਆਂ ਖੂਹੇ ਪੈਗੀਆਂ ਇਨਾਂ ਦੀਆਂ।” ਕੈਬਨਿਟ ਦੀ ਮੀਟਿੰਗ ਵਿਚ ਫੈਸਲਾ ਕਰਵਾ ਲਿਆ ਕਿ ਇਹ ਸਾਰੇ ਓਵਰ ਏਜ ਭਰਤੀ ਹੋਣਗੇ। ਭਰਤੀ ਕੀਤੇ ਤੇ ਘਰੋਂ ਸੱਦ ਸੱਦ ਕੇ ਕੀਤੇ। ਕਿਸੇ ਤੋਂ ਚਾਹ ਦਾ ਕੱਪ ਨਾ ਪੀਤਾ। ਪ੍ਰਾਇਮਰੀ ਸਕੂਲ ਤੋਂ ਮਿਡਲ, ਤੇ ਮਿਡਲ ਤੋਂ ਹਾਈ, ਤੇ ਹਾਈ ਤੋਂ ਸੀਨੀਅਰ ਸੰਕੈਡਰੀ ਪਿੰਡ ਪਿੰਡ ਪਰਮੋਟ ਕਰ ਦਿੱਤੇ।
    ***
    ਪਿੰਡਾਂ ਚੋਂ ਕਈ ਨਿਮਾਣੇ ਜਿਹੇ ਲੋਕ ਜਾਂ ਗਰੀਬ ਤਬਕੇ ਦੇ ਲੋਕ ਜਦ ਮਿਲਣ ਆਉਂਦੇ ਤਾਂ ਜੁੱਤੀ ਬਾਹਰ ਲਾਹ ਦਿੰਦੇ। ਇਕ ਵਾਰ ਕੋਲ ਈ ਬੈਠਾ ਸਾਂ, ਤਾਂ ਇਕ ਸੱਜਣ ਨੂੰ ਨੰਗੇ ਪੈਰੀਂ ਆਇਆ ਦੇਖਕੇ ਬੋਲੇ, “ਕੰਮ ਫੇਰ ਕਰੂੰ, ਪਹਿਲਾਂ ਜੁੱਤੀ ਪਾ ਕੇ ਆ, ਓ ਗੁਰੂਓ,ਥੋਡੀ ਜੁੱਤੀਆਂ ਦੀ ਧੂੜ ਆਂ ਮੈਂ ਤਾਂ।”
    ਮੈਂ ਦੇਖਿਆ ਕਿ ਉਦੋਂ ਹਲਕਾ ਵਿਧਾਇਕ ਕੋਲ ਜਿਪਸੀ ਹੀ ਹੁੰਦੀ ਸੀ । ਬਰਾੜ ਸਾਹਬ ਦੇ ਦੋਵੇਂ ਹੱਥ ਫਤਹਿ ਵਿਚ ਹਾਜਰ ਉਤਾਂਹ ਹੀ ਜੁੜੇ ਰਹਿੰਦੇ। ਕੀ ਨਿਆਣਾ,ਕੀ ਸਿਆਣਾ, ਕੀ ਜਾਣਿਆ ਤੇ ਕੀ ਅਣਜਾਣਾ, ਉਹ ਸਭ ਨੂੰ ਫਤਹਿ ਬੁਲਾਈ ਜਾਂਦੇ। ਬਾਬੂ ਸਿੰਘ ਮਾਨ ਵਰਗਿਆਂ ਹੱਸਣਾ ਤੇ ਕਹਿਣਾ ਕਿ ਜਿਪਸੀ ਵਿਚ ਹੱਥ ਪੱਕੇ ਤੌਰ ਉਤੇ ਟੰਗਣ ਨੂੰ ਦੋ ਪਤਲੇ ਜਿਹੇ ਪਟੇ ਲੁਵਾ ਲਓ, ਜਾਂ ਖੱਬੇ ਹੱਥ ਵਾਲੇ ਪਟੇ ਪੱਟਕੇ ਵਿਚਾਲੇ ਲੁਵਾ ਲੈ, ਵਾਰ ਵਾਰ ਹੱਥ ਜੋੜਨ ਦਾ ਯੱਭ ਨਿਬੜੂ ਯਾਰ, ਧੰਨ ਐਂ ਤੇਰੇ ਹੱਥ ਜਿਹੜੇ ਸਾਰਾ ਦਿਨ ਜੁੜ ਜੁੜ ਕੇ ਥਕਦੇ ਨਹੀਂ।
    ਜਦ ਸਾਡੇ ਪਿੰਡ ਆਉਂਦੇ ਤਾਂ ਪੁੱਛਦੇ ਕਿ ਨਿੰਦਰ ਕਿੱਥੇ ਐ? ਕੁਛ ਮੇਰੇ ਸਾੜੂ ਵੀ ਉਨਾਂ ਦੇ ਨੇੜੇ ਤੇੜੇ ਗੇੜੇ ਕੱਢ ਰਹੇ ਹੁੰਦੇ, ਉਹ ਮਲਵੀਂ ਜਿਹੀ ਜੁਬਾਨ ਨਾਲ ਕਹਿ ਦਿੰਦੇ, ” ਕੱਲ ਜਾਂਦਾ ਸੀ ਬੈਗ ਜਿਆ ਚੱਕੀ, ਲਗਦਾ ਜਲੰਧਰ ਜੁਲੂੰਧਰ ਨੂੰ ਗਿਆ ਵੈ।” ਕਈ ਵਾਰ ਉਹ ਫੋਨ ਕਰ ਲੈਂਦੇ ਤਾਂ ਮੈਂ ਦਸ ਦੇਣਾ ਕਿ ਬਾਹਰ ਹਾਂ ਅੰਕਲ।
    ਇਕ ਦੋ ਵਾਰ ਆਏ, ਮੈਨੂੰ ਪਤਾ ਲੱਗਿਆ ਤੇ ਮੈਂ ਉਜਰ ਕਰਿਆ,”ਮੈਨੂੰ ਦੱਸਿਆ ਨੀ, ਆਕੇ ਮਿਲ ਲੈਂਦਾ ਮੈਂ।” ਉਹ ਕਲਪ ਉਠੇ, “ਲੈ ਹੱਦ ਹੋਗੀ ਐ, ਓਹ ਕਹਿੰਦੇ ਕਿ ਤੂੰ ਪਿੰਡ ਹੈਨੀ।” ਮੈਂ ਆਖਿਆ ਕਿ ਝੂਠ ਬੋਲਦੇ ਨੇ ਮੈਂ ਘਰ ਹੀ ਸੀ। ਨਵੀਂ ਕਿਤਾਬ ਜਦ ਵੀ ਛਪਦੀ ਤਾਂ ਮੈਂ ਭੇਟ ਕਰ ਦਿੰਦਾ, ਉਹ ਸੌ ਦੋ ਸੌ ਰੁਪੱਈਆ ਦੇਕੇ ਆਖਦੇ, ” ਲੈ ਤੇਰੀ ਕਿਤਾਬ ਦਾ ਸ਼ਗਨ ਐਂ ਬੇਟਾ।” ਮੇਰੀ ਪ੍ਰਾਪਤੀ ਦੀ ਜਦ ਕਦੇ ਫੋਟੋ ਅਖਬਾਰ ਵਿੱਚ ਛਪਦੀ ਜਾਂ ਖਬਰ ਲਗਦੀ ਤਾਂ ਪੜ ਕੇ ਨਾਲ ਦੀ ਨਾਲ ਫੋਨ ਕਰਦੇ, ਜਾਂ ਕਿਤੇ ਮਿਲਣ ਮੌਕੇ ਪੁਰਾਣੀ ਵਧਾਈ ਨੂੰ ਨਵੀਂ ਬਣਾਕੇ ਦੇ ਦਿੰਦੇ। ਚੇਤਾ ਬੜਾ ਰਖਦੇ ਸੀ ਹਰੇਕ ਨਿੱਕੀ ਤੋਂ ਨਿੱਕੀ ਤੇ ਵੱਡੀ ਤੋਂ ਵੱਡੀ ਗੱਲ ਦਾ।
    ਉਨਾਂ ਬਾਬੂ ਸਿੰਘ ਮਾਨ ਨਾਲ ਅੰਤਲੇ ਸਾਹਾਂ ਤੀਕ ਯਾਰੀ ਨਿਭਾਈ, ਇਹ ਪੁਰਾਣੇ ਲੋਕਾਂ ਨੂੰ ਪਤਾ ਹੈ ਕਿ ਮਾਨ ਤੇ ਬਰਾੜ ਗੁਰਭਾਈ ਵੀ ਸਨ ਤੇ ਇੱਕੋ ਉਸਤਾਦ (ਗਿਆਨੀ ਜੈਲ ਸਿੰਘ) ਦੇ ਚੇਲੇ। ਮਾਨ ਦਾ ਮਰਾੜਾਂ ਵਾਲਾ ਘਰ ਬਰਾੜ ਸਾਹਬ ਨੂੰ ‘ਆਪਣਾ ਆਪਣਾ’ ਹੀ ਲਗਦਾ ਸੀ। ***
    ਜਦੋਂ ਨਿਰਮਲ ਸਾਧਾਂਵਾਲੀਆ ਨੇ ਪੰਜਾਬੀ ਟ੍ਰਿਬਿਊਨ ਵਿਚ ਬਰਾੜ ਸਾਹਬ ਦੇ ਖਿਲਾਫ ਫਰੰਟ ਪੰਨੇ ਉਤੇ ਖਬਰ ਲਾਈ ਤੇ ਉਨਾਂ ਦੇ ਕੋਟਕਪੂਰੇ ਮਾਰਕੀਟ ਕਮੇਟੀ ਚੇਅਰਮੈਨ ਹੋਣ ਵੇਲੇ ਦੀ ਐਫ ਆਈ ਆਰ ਦਾ ਜਿਕਰ ਵੀ ਖਬਰ ਵਿਚ ਕਰ ਦਿੱਤਾ। ਬਰਾੜ ਸਾਹਬ ਬੜੇ ਪਰੇਸ਼ਾਨ ਹੋ ਗਏ ਤੇ ਉਧਰੋਂ ਉਨਾਂ ਨੂੰ ਗਲੇ ਦੀ ਵੱਡੀ ਸਮੱਸਿਆ ਆ ਗਈ। ਬੋਲਿਆ ਨਾ ਜਾਵੇ। ਮੈਂ ਕੋਠੀ ਗਿਆ। ਬੈੱਡ ਰੂਮ ਵਿਚ ਸਨ। ਜਿਹੜਾ ਆਵੇ, ਉਹਨੂੰ ਪੰਜਾਬੀ ਟ੍ਰਿਬਿਊਨ ਚੁੱਕ ਚੁੱਕ ਕੇ ਵਿਖਾਈ ਜਾਣ। ਬੋਲਿਆ ਜਾਵੇ ਨਾ। ਅੱਖਾਂ ਵੀ ਭਰੀ ਜਾਣ ਬੈਠੇ। ਮੈਨੂੰ ਲਿਖਕੇ ਕਹਿੰਦੇ ਕਿ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਹਰਭਜਨ ਹਲਵਾਰਵੀ ਨੂੰ ਆਖ ਕੇ ਏਸਨੂੰ ਕਢਾ ਉਥੋਂ, ਜਿਊਂਦਾ ਮਾਰਤਾ ਮੈਨੂੰ ਪੁੱਤ ਉਏ। ਮੈਂ ਆਖਿਆ ਕਿ ਫਿਕਰ ਨਾ ਕਰੋ, ਗਲਾ ਠੀਕ ਹੋਜੇ, ਆਪਾਂ ਹਲਵਾਰਵੀ ਜੀ ਕੋਲ ਚੱਲਾਂਗੇ ਇਕੱਠੇ ਤੇ ਹਲਵਾਰਵੀ ਜੀ ਪੂਰੀ ਗਲ ਸੁਣਕੇ ਇਨਸਾਫ ਕਰੇਗਾ। ਵਾਹਵਾ ਚਿਰ ਬਹਿ ਕੇ ਮੈਂ ਘਰ ਆ ਗਿਆ। ਦੋ ਤਿੰਨ ਦਿਨਾਂ ਬਾਅਦ ਪਤਾ ਲੱਗਿਆ ਕਿ ਨਿਰਮਲ ਸਾਧਾਂਵਾਲੀਆ ਤੋਂ ਪੰਜਾਬੀ ਟ੍ਰਿਬਿਊਨ ਨੇ ਸੇਵਾਵਾਂ ਵਾਪਸ ਲੈ ਲਈਆਂ ਹਨ ਤੇ ਬਰਾੜ ਸਾਹਬ ਦਾ ਖਰਾਬ ਹੋਇਆ ਗਲਾ ਵੀ
    ਥੋੜਾ ਥੋੜਾ ਠੀਕ ਹੋਣਾ ਸ਼ੁਰੂ ਹੋ ਗਿਆ ਹੈ।
    (ਜਾਰੀ)

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!