ਦਹਾਕਿਆਂ ਬਾਅਦ ਚੈਪੀਅਨ ਬਨਣ ਦਾ ਮੌਕਾ ਖੁੰਝਿਆ

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਰੋ ਕੱਪ 2020 ਦਾ ਫਾਈਨਲ ਮੈਚ ਐਤਵਾਰ ਨੂੰ ਵੈਂਬਲੇ ਸਟੇਡੀਅਮ ਵਿੱਚ ਇਟਲੀ ਅਤੇ ਇੰਗਲੈਂਡ ਦਰਮਿਆਨ ਖੇਡਿਆ ਗਿਆ। ਇਸ ਮੈਚ ਵਿੱਚ ਫਸਵੀ ਟੱਕਰ ਵਿੱਚ ਦੋਵਾਂ ਟੀਮਾਂ ਨੇ ਬਹੁਤ ਮਿਹਨਤ ਕੀਤੀ, ਪਰ ਅੰਤ ਵਿੱਚ ਇਟਲੀ ਜਿੱਤ ਗਿਆ। ਇਟਲੀ ਦੀ ਜਿੱਤ ਨਾਲ ਇੰਗਲੈਂਡ ਤਕਰੀਬਨ ਪੰਜ ਦਹਾਕਿਆਂ ਬਾਅਦ ਫੁੱਟਬਾਲ ਚੈਪੀਅਨ ਬਨਣ ਦੇ ਮੌਕੇ ਤੋਂ ਖੁੰਝ ਗਿਆ ਹੈ। ਦੋਵਾਂ ਟੀਮਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਅੰਤ ਵਿੱਚ, ਇਟਲੀ ਨੇ ਪੈਨਲਟੀ ਸ਼ੂਟਆਊਟ ਵਿੱਚ ਜਿੱਤ ਪ੍ਰਾਪਤ ਕੀਤੀ। ਫਾਈਨਲ ਦਾ ਇਹ ਫਸਵਾਂ ਮੈਚ 120 ਮਿੰਟ ਤੱਕ ਚੱਲਿਆ। ਮੈਚ ਦਰਮਿਆਨ ਦੋਵੇਂ ਟੀਮਾਂ ਪਹਿਲਾਂ 1-1 ਨਾਲ ਬਰਾਬਰੀ ‘ਤੇ ਸਨ ਅਤੇ ਫਿਰ ਅੰਤ ਵਿੱਚ ਹਾਰ ਜਿੱਤ ਦਾ ਫੈਸਲਾ ਕਰਨ ਲਈ ਪੈਨਲਟੀ ਸ਼ੂਟਆਊਟ ਹੋਇਆ, ਜਿਸ ਵਿੱਚ ਇਟਲੀ ਨੂੰ ਜਿੱਤ ਪ੍ਰਾਪਤ ਹੋਈ। ਪੈਨਲਟੀ ਸ਼ੂਟਆਊਟ ਵਿੱਚ ਇਟਲੀ ਨੇ ਇੰਗਲੈਂਡ ਨੂੰ 3-2 ਦੇ ਸਕੋਰ ਨਾਲ ਹਰਾਇਆ। ਇੰਗਲੈਂਡ ਦੇ ਖਿਡਾਰੀ ਲਗਾਤਾਰ 3 ਪੈਨਲਟੀ ‘ਤੇ ਗੋਲ ਨਹੀਂ ਕਰ ਸਕੇ ਜਦਕਿ ਇਟਲੀ ਦੇ ਖਿਡਾਰੀ 2 ਪੈਨਲਟੀ ਗੋਲ ਕਰਨ ਤੋਂ ਖੁੰਝ ਗਏ ਪਰ ਉਹਨਾਂ ਨੇ 3 ਗੋਲ ਕੀਤੇ। ਇਸ ਕਰਕੇ ਇਟਲੀ ਯੂਰੋ 2020 ਚੈਂਪੀਅਨ ਬਣ ਗਿਆ। ਮੈਚ ਦੀ ਸ਼ੁਰੂਆਤ ਵਿੱਚ ਲੂਕ ਸ਼ਾ ਨੇ ਪਹਿਲਾ ਗੋਲ ਕਰਕੇ ਇੰਗਲੈਂਡ ਦਾ ਪੱੱਲੜਾ ਭਾਰੀ ਕੀਤਾ। ਪਹਿਲੇ ਅੱਧ ਦੇ ਅੰਤ ਤੱਕ ਇੰਗਲੈਂਡ ਨੇ ਇਟਲੀ ਉੱਤੇ ਆਪਣੀ 1-0 ਦੀ ਬੜ੍ਹਤ ਬਣਾਈ ਰੱਖੀ। ਪਰ ਦੂਜੇ ਅੱਧ ਦੀ ਸ਼ੁਰੂਆਤ ਵਿੱਚ, ਇਟਲੀ ਦੇ ਖਿਡਾਰੀ ਲਿਓਨਾਰਡੋ ਬੋਨੂਚੀ ਨੇ ਮੈਚ ਦੇ ਤਕਰੀਬਨ 67 ਵੇਂ ਮਿੰਟ ਵਿੱਚ ਗੋਲ ਕਰਕੇ ਮੈਚ ਨੂੰ 1-1 ਨਾਲ ਬਰਾਬਰ ਕਰ ਦਿੱਤਾ। ਇਹ ਫਸਵਾਂ ਮੈਚ ਜੋ 120 ਮਿੰਟ ਤੱਕ ਚੱਲਿਆ 1-1 ਨਾਲ ਬਰਾਬਰੀ ‘ਤੇ ਰਿਹਾ ਤੇ ਫਿਰ ਇਟਲੀ ਨੇ ਪੈਨਲਟੀ ਸ਼ੂਟਆਊਟ ਵਿੱਚ ਇੰਗਲੈਂਡ ਨੂੰ 3-2 ਨਾਲ ਹਰਾਇਆ।
ਇੰਗਲੈਂਡ ਦੀ ਟੀਮ ਨੂੰ 1966 ਤੋਂ ਬਾਅਦ ਇਹ ਮੌਕਾ ਮਿਲਿਆ ਸੀ ਪਰ ਉਹ ਕੱਪ ‘ਤੇ ਕਬਜਾ ਕਰਨੋਂ ਖੁੰਝ ਗਏ।