
ਨਿੰਦਰ ਘੁਗਿਆਣਵੀ
ਇੱਕ ਦਿਨ ਬਰਾੜ ਸਾਹਬ ਨੇ ਸਾਦਿਕ ਡਾ ਅਮਰਜੀਤ ਅਰੋੜੇ ਦੇ ਕਲੀਨਿਕ ਵਿਚ ਬੈਠਿਆਂ ਬੜੇ ਕੰਮ ਦੀ ਗੱਲ ਸੁਣਾਈ। ਕੋਲ ਸ਼ਿਵਰਾਜ ਢਿਲੋਂ ਤੇ ਇਕ ਸੱਜਣ ਹੋਰ ਵੀ ਬੈਠੇ ਸਨ। ਲਓ, ਤੁਹਾਨੂੰ ਵੀ ਸੁਣਾ ਦਿੰਦਾ ਹਾਂ। ਬਰਾੜ ਸਾਹਬ ਦੱਸਣ ਲੱਗੇ ਕਿ ਗਿਆਨੀ ਜੀ (ਜੈਲ ਸਿੰਘ) ਕੇਂਦਰ ਵਿਚ ਗ੍ਰਹਿ ਮੰਤਰੀ ਸਨ। ਇਕ ਦਿਨ ਬਠਿੰਡੇ ਤੋਂ ਫਰੀਦਕੋਟ ਆ ਰਹੇ ਸਨ ਤੇ ਕਾਰ ਵਿਚ ਉਨਾ ਨਾਲ ਬਰਾੜ ਸਾਹਬ ਵੀ ਬੈਠੇ ਹੋਏ ਸੀ। ਜੈਤੋ ਆਏ ਤਾਂ ਗਿਆਨੀ ਜੀ ਆਖਣ ਲੱਗੇ, “ਅਵਤਾਰ, ਚਲੋ ਆਪਾਂ ਲਾਲਾ ਭਗਵਾਨ ਦਾਸ ਕੋਲੋਂ ਚਾਹ ਦਾ ਕੱਪ ਕੱਪ ਪੀ ਚੱਲੀਏ”। ਲਾਲਾ ਜੀ ਚੋਣ ਜਿੱਤਕੇ ਹਟੇ ਸੀ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋ ਹਟਣ ਮਗਰੋਂ ਹੁਣ ਸ੍ਰ ਦਰਬਾਰਾ ਸਿੰਘ ਨੇ ਆਪਣਾ ਮੰਤਰੀ ਮੰਡਲ ਬਣਾਉਣਾ ਸੀ। ਬਰਾੜ ਸਾਹਬ ਤੇ ਲਾਲਾ ਭਗਵਾਨ ਦਾਸ ਦੀ ਬਣਦੀ ਨਹੀ ਸੀ। ਬਰਾੜ ਗਿਆਨੀ ਜੀ ਨੂੰ ਬੋਲੇ, “ਓ ਛਡੋ ਗਿਆਨੀ ਜੀ, ਕੀ ਪੀਣੀ ਆਂ ਬਾਣੀਏ ਦੀ ਚਾਹ, ਫਰੀਦਕੋਟ ਘਰੇ ਚੱਲਕੇ ਈ ਪੀਨੇ ਆਂ।” ਕਾਰਾਂ ਜੈਤੋ ਵਿਚਦੀ ਲੰਘ ਗਈਆਂ। ਥੋੜੇ ਦਿਨਾ ਵਿਚ ਹੀ ਸ੍ਰ ਦਰਬਾਰਾ ਸਿੰਘ ਨੇ ਆਪਣਾ ਮੰਤਰੀ ਮੰਡਲ ਬਣਾ ਲਿਆ ਤੇ ਲਾਲਾ ਭਗਵਾਨ ਦਾਸ ਨੂੰ ਮੰਤਰੀ ਬਣਾ ਦਿਤਾ। ਬਰਾੜ ਸਾਹਬ ਗਿਆਨੀ ਜੀ ਕੋਲ ਕੂਕੇ, “ਆਹ ਵੇਖੋ ਗਿਆਨੀ ਜੀ, ਬਾਣੀਆਂ ਮੇਰੇ ਸਿਰ ਉਤੇ ਬਹਾ ਦਿੱਤਾ, ਹੁਣ ਮੈਨੂੰ ਕੌਣ ਪੁੱਛੂ?” ਗਿਆਨੀ ਜੀ ਬੋਲੇ, “ਅਵਤਾਰ ਸਿੰਆਂ, ਭਗਵਾਨ ਦਾਸ ਨੂੰ ਮੰਤਰੀ ਬਣਾਉਣ ਲਈ ਜਿੰਮੇਵਾਰ ਤੂੰ ਹੈਂ, ਮੈਂ ਨਹੀਂ।” ਬਰਾੜ ਸਾਹਬ ਪੁੱਛਦੇ ਹਨ ਕਿ ਮੈਂ ਜਿੰਮੇਵਾਰ ਕਿਵੇ ਹੋਇਆ? ਗਿਆਨੀ ਜੀ ਕਹਿੰਦੇ, “ਜੇ ਉਸ ਦਿਨ ਆਪਾਂ ਲਾਲੇ ਦੇ ਘਰੋਂ ਘੁਟ ਘੁਟ ਚਾਹ ਪੀ ਜਾਂਦੇ ਤਾਂ ਰੌਲਾ ਪੈ ਜਾਣਾ ਸੀ ਕਿ ਲਾਲਾ ਤਾਂ ਗਿਆਨੀ ਜੀ ਨਾਲ ਰਲ ਗਿਆ ਐ ਤੇ ਗਿਆਨੀ ਕੱਲ ਹੀ ਲਾਲੇ ਕੋਲੋਂ ਚਾਹ ਪੀ ਕੇ ਤੇ ਗੁਪਤ ਮੀਟਿੰਗ ਕਰਕੇ ਗਿਆ ਐ ਤੈਨੂੰ ਪਤਾ ਐ ਕਿ ਦਰਬਾਰਾ ਸਿੰਘ ਨਾਲ ਮੇਰੀ ਬਣਦੀ ਨਹੀਂ, ਤੇ ਭਗਵਾਨ ਦਾਸ ਮੰਤਰੀ ਕਿਥੋਂ ਬਣ ਜਾਂਦਾ? ਓਦਣ ਤੂੰ ਈ ਠੂਸ ਮਾਰੀ ਐ, ਅਖੇ ਪੀਨੇ ਆਂ ਫਰੀਦਕੋਟ ਜਾਕੇ ਚਾਹ, ਪੀਲੈ ਹੁਣ ਚਾਹ।”
ਬਰਾੜ ਸਾਹਬ ਦੱਸਣ ਕਿ ਮੈਂ ਪਛਤਾਵਾਂ ਤੇ ਗਿਆਨੀ ਜੀ ਦੀ ਦੂਰ ਅੰਦੇਸ਼ੀ ਜੇ ਵਾਰੇ ਵਾਰੇ ਜਾਵਾਂ!
***
ਵਿਧਾਨ ਸਭਾ ਦੀਆਂ ਚੋਣਾ ਸਨ। ਬਰਾੜ ਸਾਹਬ ਤੇ ਉਨਾ ਦਾ ਸ਼ਿਸ਼ ਰਾਜੂ ਗਿੱਲ ਸ਼ਹਿਰ ਵਿਚ ਵੜਨ ਲੱਗੇ। ਬਰਾੜ ਸਾਹਬ ਨੇ ਡਰਾਈਵਰ ਨੂੰ ਕਿਹਾ, “ਕਾਕਾ,ਗੱਡੀ ਰੋਕ।” ਉਤਰ ਗਏ। ਦੋ ਰਿਕਸ਼ਿਆਂ ਵਾਲੇ ਰਿਕਸ਼ੇ ਉਤੇ ਬੈਠੇ ਦਾਰੂ ਪੀ ਰਹੇ ਸਨ। ਬਰਾੜ ਸਾਹਬ ਕੋਲ ਗਏ। ਹਾਲ ਚਾਲ ਪੁੱਛਿਆ ਤਾਂ ਰਿਕਸ਼ਿਆਂ ਵਾਲੇ ਆਖਣ ਲੱਗੇ ਕਿ ਬਰਾੜ ਸਾਹਬ ਐਤਕੀਂ ਨੀ ਅਸੀਂ ਵੋਟਾਂ ਪਾਉਣੀਆਂ। ਬਰਾੜ ਸਾਹਬ ਪੁਛਦੇ, “ਕਿਓਂ, ਭਾਈ ਕੀ ਗੁੱਸਾ ਐ” ਉਹ ਕਹਿੰਦੇ ਕਿ ਕਦੇ ਦੋ ਘੁੱਟ ਪਿਆਈ ਤਾਂ ਹੈਨੀ। ਬਰਾੜ ਸਾਹਬ ਨੇ ਨਹਿਲੇ ਤੇ ਦਹਿਲਾ ਮਾਰਿਆ, “ਤੁਸੀ ਕੇਹੜਾ ਪਿਆਈ ਐ ਮੈਨੂੰ ਕਦੇ?” ਉਹ ਖੁਸ਼ ਹੋਏ ਤੇ ਕਹਿੰਦੇ, “ਆਜੋ ਪੀਲੋ।” ਉਨਾ ਨੇ ਉਹੀ ਗਲਾਸ ਧੋਕੇ ਮੋਟਾ ਸਾਰਾ ਪੈੱਗ ਬਣਾ ਦਿੱਤਾ। ਅੱਧਾ ਬਰਾੜ ਸਾਹਬ ਪੀ ਗਏ ਤੇ ਅੱਧਾ ਰਾਜੂ ਨੂੰ ਫੜਾ ਦਿੱਤਾ। ਰਿਕਸ਼ਿਆਂ ਵਾਲੇ ਬਾਗੋ ਬਾਗ ਹੋਗੇ ਤੇ ਆਖਣ ਲੱਗੇ, ਫਿਕਰ ਨਾ ਕਰੋ,ਤੁਹਾਨੂੰ ਈ ਪਾਉਣੀਆਂ ਵੋਟਾਂ, ਏਨੇ ਪਿਆਰ ਨਾਲ ਸਾਡੇ ਕੋਲ ਤੁਸੀਂ ਖੜੇ ਓਂ। ਉਥੋਂ ਚੱਲ ਪਏ ਤਾਂ ਬਰਾੜ ਸਾਹਬ ਕਹਿੰਦੇ, “ਰਾਜੂ, ਮੋਟਾ ਪੈੱਗ ਤਾਂ ਆਪਾ ਪੀ ਆਏ ਉਨਾਂ ਦਾ, ਆਹ ਫੜ ਦੋ ਸੌ ਰੁਪੱਈਆ ਦੇਕੇ ਆ, ਵਿਚਾਰੇ ਆਵਦਾ ਅਧੀਆ ਹੋਰ ਲੈ ਆਉਣਗੇ।” ਬਰਾੜ ਸਾਹਬ ਰਾਜੂ ਨੂੰ ਕਹਿੰਦੇ, “ਪੁੱਤ ਰਾਜੂ, ਏਹਨਾਂ ਲੋਕਾਂ ਦੀ ਬਦੌਲਤ ਹੀ ਆਪਾਂ ਸਭ ਕੁਛ ਆਂ, ਦੋ ਦੋ ਮਿੰਟ ਰੁਕ ਕੇ ਹਰੇਕ ਦਾ ਹਾਲ ਚਾਲ ਪੁੱਛਣਾ ਚਾਹੀਦੈ।”
ਇੱਕ ਵਾਰ ਬਰਾੜ ਸਾਹਬ ਦੇ ਖੁੱਲੇ ਡਰਾਇੰਗ ਰੂਮ ਵਿਚ ਬੈਠੇ ਸਾਂ ਤੇ ‘ਕੱਠ ਖਾਸਾ ਹੋ ਗਿਆ। ਵੰਨ ਸੁਵੰਨੜੇ ਲੋਕ ਸਨ। ਬਰਾੜ ਸਾਹਬ ਬੋਲੇ, “ਸਾਰੇ ਆਰਾਮ ਨਾਲ ਬਹਿਜੋ, ਚਾਹ ਪਾਣੀ ਵੀ ਪੀਵੀ ਚਲੋ ਨਾਲ ਨਾਲ ਤੇ ਗੱਲਾਂ ਵੀ ਕਰੀ ਚੱਲੋ।” ਬਰਾੜ ਸਾਹਬ ਮੇਰੇ ਵੱਲ ਹੋਏ, “ਘੁਗਿਆਣਵੀ, ਆਹ ਡਰਾਇੰਗ ਰੂਮ ਸਭ ਦਾ ਸਾਂਝਾ ਐ, ਕੋਈ ਜਾਤ ਪਾਤ ਨੀ ਤੇ ਕੋਈ ਭੇਦ ਭਾਵ ਨੀ, ਕੋਈ ਜੁੱਤੀ ਗੰਢਣ ਵਾਲਾ ਹੋਵੇ, ਜਾਂ ਰਿਕਸ਼ੇ ਵਾਲਾ, ਜਾਂ ਮਜਦੂਰ ਹੋਵੇ, ਜਾਂ ਕੋਈ ਲੰਬੜਦਾਰ ਹੋਵੇ ਜਾਂ ਕੋਈ ਬਾਊ, ਜਾਂ ਕੋਈ ਅਫਸਰ, ਸਭ ਏਥੇ ਬਰਾਬਰ ਈ ਬਹਿਣਗੇ। ਏਛੇ ਸਭ ਏਕ ਐ ਪੁੱਤ।” ਇਹ ਗੱਲ ਬੜੀ ਪੁਰਾਣੀ ਹੈ ਤੇ ਮੈਨੂੰ ਭੁੱਲੀ ਨਹੀਂ ਹੈ। (ਅਜਕਲ ਦੇ ਨੇਤਾਵਾਂ ਨੇ ਤਾਂ ਜਿਹੋ ਜਿਹਾ “ਬੰਦਾ” , ਉਹਨੂੰ ਮਿਲਣ ਵਸਤੇ ਉਹੋ ਜਿਹੀ “ਥਾਂ” ਬਣ ਰੱਖੀ ਹੈ)।
ਖੈਰ। ਸਾਰੇ ਮਿਲ ਮਿਲ ਤੇ ਕੰਮ ਕਰਵਾ ਕਰਵਾ ਜਾਈ ਜਾ ਰਹੇ ਸਨ। ਪੁਰਾਣੇ ਤੋਂ ਪੁਰਾਣਾ ਪਾਰਟੀ ਪ੍ਰਕਾਸ਼ ਚੰਦ ਆ ਗਿਆ, ਮੁਢਲੇ ਵੇਲੇ ਦਾ ਸਾਥੀ। (ਉਹ ਅੱਜ ਵੀ ਜੁੱਤੇ ਗੰਢਦਾ ਹੈ)। ਬਰਾੜ ਸਾਹਬ ਉਹਨੂੰ ਆਇਆ ਵੇਖ ਉਠੇ ਖੜੇ ਹੋਏ, ਬੈਠਿਆਂ ਨੂੰ ਦੱਸਣ ਲੱਗੇ, “ਏਹ ਆ ਯਾਰ ਤੇ ਵਫਾਦਾਰ ਓਲਡ ਵਰਕਰ ਪ੍ਰਕਾਸ਼, ਓ ਐਧਰ ਆ ਪ੍ਰਕਾਸ਼, ਤੈਨੂੰ ਜੱਫੀ ਪਾਵਾਂ।” ਪ੍ਰਕਾਸ਼ ਯਕਦਾ ਯਕਦਾ ਨੇੜੇ ਆਇਆ। ਬਰਾੜ ਸਾਹਬ ਨੇ ਉਹਨੂੰ ਜੱਫੀ ਵਿਚ ਲਿਆ ਤੇ ਕੋਲ ਈ ਬਹਾ ਲਿਆ। ਉਹਨੂੰ ਮਠਿਆਈ ਨਲ ਚਾਹ ਪਾਣੀ ਪਿਲਾਇਆ ਤੇ ਕੰਮ ਪੁੱਛਿਆ, ਪ੍ਰਕਾਸ਼ ਬੋਲਿਆ, ” ਨਾ ਨਾ ਜੀ ਕੋਈ ਕੰਮ ਕੁੰਮ ਨੀ ,ਬਸ ਦਰਸ਼ਨ ਈ ਕਰਨੇ ਸੀ!” ਉਹ ਜਾਣ ਲੱਗਿਆ ਤਾਂ ਬਰਾੜ ਸਾਹਬ ਨੇ ਬਟੂਏ ਚੋਂ ਕੁਛ ਪੈਸੇ ਕੱਢੇ ਤੇ ਉਹਦੀ ਜੇਬ ਵਿਚ ਧੱਕੇ ਨਾਲ ਪਾ ਦਿੱਤੇ। ਉਹ ਨਾਂਹ ਨਾਂਹ ਕਰਦਾ ਰਿਹਾ।
ਇਕ ਦਿਨ ਬਰਾੜ ਸਾਹਬ ਇਕ ਪ੍ਰੀਤਮ ਸਿੰਘ ਪ੍ਰੀਤਮ ਨਾਮੀਂ ਬੰਦੇ ਦੀ ਜਾਣ ਪਛਾਣ ਕਰਵਾਉਂਦੇ ਆਖਣ ਲੱਗੇ ਕਿ ਏਹ ਮੇਰਾ ਜੇਲ ਦਾ ਸਾਥੀ ਐ। ਮੈਂ ਪੁਛਿਆ, “ਜੇਲ ਦਾ ਸਾਥੀ ਕਿਵੇਂ?” ਉਹ ਕਹਿੰਦੇ “ਪੁੱਤਰਾ, ਜਦ 1975 ਵਿਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਏਹ ਵੀ ਮੇਰੇ ਨਾਲ ਅੰਦਰ ਰਿਹਾ, ਓ ਪ੍ਰੀਤਮਾ, ਤੂੰ ਆਥਣ ਵੇਲੇ ਆਉਣਾ ਸੀ ਤੇਰਾ ਮੂਡ ਮਾਡ ਬਣਾਉਂਦੇ ਗੁਰੂਆ, ਕਸੂਤੇ ਵੇਲੇ ਆ ਗਿਆਂ ਚਾਹ ਲੱਸੀ ਦੇ ਟਾਈਮ।” ਪ੍ਰੀਤਮ ਸਿੰਘ ਸੰਗ ਰਿਹਾ ਸੀ। ਬਰਾੜ ਸਾਹਬ ਕਹਿੰਦੇ, “ਇਹਨੂੰ ਚਾਹ ਤੇ ਨਾਲ ਕੁਛ ਖਾਣ ਨੂੰ ਲਿਆਓ ਭਾਈ, ਏਹ ਤਾਂ ਮੇਰੇ ਨਾਲ ਮੇਰੀਆਂ ਬਲੈਕ ਐਂਡ ਵਾਈਟ ਵੇਲੇ ਦੀਆਂ ਫੋਟੋਆਂ ਵਿਚਲਾ ਬੇਲੀ ਐ।”
***
ਬਰਾੜ ਸਾਹਬ ਦੇ ਮਨ ਵਿਚ ਕਲਾ, ਸਾਹਿਤ, ਕਲਾਕਾਰਾਂ ਤੇ ਵਿਦਵਾਨਾਂ ਪ੍ਰਤੀ ਬੜਾ ਮੋਹ ਸੀ। ਉਹ ਦਿਲੋਂ ਆਦਰ ਕਰਦੇ ਸੀ ਅਜੇਹੇ ਲੋਕਾਂ ਦਾ। ਬਾਬੂ ਸਿੰਘ ਮਾਨ ਮਰਾੜਾਂ ਵਾਲੇ ਕੋਲ ਹਰਭਜਨ ਮਾਨ ਤੇ ਗੁਰਸੇਵਕ ਮਾਨ ਨੂੰ ਪਹਿਲੀ ਵਾਰ ਬਰਾੜ ਸਾਹਬ ਹੀ ਲੈਕੇ ਗਏ ਸੀ। ਮਾਨ ਸਾਹਿਬ ਨੂੰ ਇਹ ਮਿਲਵਾਏ ਤੇ ਉਹ ਗੀਤ ਲਿਖਕੇ ਦੇਣ ਲੱਗੇ। ਉਹ ਹਰਭਜਨ ਲੱਗਾ। ਗੱਡੀ ਰੁੜਦੀ ਗਈ ਤੇ ਗੁੱਡੀ ਚੜਦੀ ਗਈ। (ਹਰਭਜਨ ਮਾਨ ਨੇ ਇਹ ਗੱਲ ਕਦੇ ਨਹੀਂ ਭੁਲਾਈ ਤੇ ਰੋ ਰੋ ਕੇ ਦਸਦਾ ਹੈ ਇਹ ਸਭ ਗੱਲਾਂ ਉਹ।)
****
ਫਰੀਦਕੋਟ ਮਹਾਤਮਾਂ ਗਾਂਧੀ ਸਕੂਲ ਵਿਚ ਇੱਕ ਪ੍ਰੋਗਰਾਮ ਹੋ ਰਿਹਾ ਸੀ। ਪਿੰਡੋਂ ਵੇਲੇ ਨਾਲ ਹੀ ਮੈਂ ਮਿੰਨੀ ਬਸ ਵਿਚ ਚੜਕੇ ਜਾ ਪੁੱਜਿਆ। ਬੜਾ ਉਤਸ਼ਾਹ ਜਿਹਾ ਹੁੰਦਾ ਸੀ ਮਨ ਅੰਦਰ ਉਬਾਲੇ ਮਾਰਦਾ। ਉਦੋਂ ਇਉਂ ਜਾਣ ਦਾ। ਉਥੇ ਜਗਤ ਪ੍ਰਸਿੱਧ ਸ਼ਾਇਰ ਉਸਤਾਦ ਦੀਪਕ ਜੈਤੋਈ ਜੀ ਆਏ ਹੋਏ ਸੀ। ਬਰਾੜ ਸਾਹਬ ਨੇ ਇਸ਼ਾਰਾ ਕਰਕੇ ਮੈਨੂੰ ਕੋਲ ਬੁਲਾਇਆ ਤੇ ਬਟੂਏ ਚੋਂ ਦੋ ਸੌ ਰੁਪੱਈਆ ਕੱਢਕੇ ਕਹਿੰਦੇ, ” ਜਾਹ ਇੱਕ ਲੋਈ ਫੜ ਲਿਆ, ਦੀਪਕ ਜੀ ਦਾ ਸਨਮਾਨ ਕਰ ਦੇਈਏ।” ਮੈਂ ਕੰਨ ਕੋਲ ਮੂੰਹ ਕਰਕੇ ਕਿਹਾ, ” ਐਂਕਲ ਜੀ, ਲੋਈਆਂ ਇਨਾਂ ਕੋਲ ਪਹਿਲਾਂ ਈ ਬੜੀਆਂ ਪਈਆਂ ਨੇ , ਹਰ ਥਾਂ ਲੋਕ ਲੋਈ ਪਾ ਦਿੰਦੇ ਆ, ਉਹ ਵੀ ਮਰੇ ਤੇ ਪਾਉਣ ਵਾਲੀ, ਪਤਲੀ ਤੇ ਸਸਤੀ ਜਿਹੀ, ਜੇ ਦੇਣਾ ਐਂ ਤਾਂ ਕੁਛ ਪੈਸੇ ਦੇ ਦਿਓ, ਇਹੋ ਲੋੜ ਐ ਏਹਨਾ ਦੀ।” ਉਨਾ ਮੇਰੀ ਗੱਲ ਸੁਣਕੇ ਮਸੀਂ ਹਾਸਾ ਰੋਕਿਆ ਤੇ ਕਹਿੰਦੇ,” ਲੋਈ ਵੀ ਲੈ ਆ, ਪੈਸੇ ਵੀ ਕਰਦੇ ਆਂ ਨਾਲ ਆਪਾਂ।”
(ਮੈਂ ਉਨਾਂ ਦਾ ਚੇਹਰਾ ਪੜ ਲੈਂਦਾ ਸਾਂ ਕਿ ਕਦੋਂ ਉਹ ਮਜਾਕ ਵਿਚ ਨੇ, ਕਦੋਂ ਗੰਭੀਰਤਾ ਵਿਚ ਨੇ, ਕਦੋਂ ਦੁਖੀ ਨੇ ਤੇ ਕਦੋਂ ਰਿਲੈਕਸ ਨੇ ਤੇ ਹੁਣ ਕੋਈ ਗੱਲ ਸੁਣਾ ਕੇ ਟੋਟਕੇ ਵਰਗੀ, ਕਿਸੇ ਉਤੇ ਤੋੜਾ ਝਾੜਨਾ ਚਾਹੁੰਦੇ ਨੇ।)
ਮੈਂ ਲੋਈ ਲੈਕੇ ਆਇਆ ਤਾਂ ਬਰਾੜ ਸਾਹਬ ਦੇ ਪੱਟਾਂ ਉਤੇ ਰੱਖ ਦਿੱਤੀ। ਉਨਾਂ ਨਾਲ ਬੈਠੇ ਸੁਰਿੰਦਰ ਗੁਪਤਾ ਨੂੰ ਕਿਹਾ, “ਲਿਆਓ ਹਿੱਸਾ ਪਾਓ ਗੁਪਤਾ ਜੀ।” ਗੁਪਤੇ ਨੂੰ ਵੇਖ ਚਮਕੌਰ ਸਿੰਘ ਸੀਮਿੰਟ ਵਾਲੇ ਨੇ ਵੀ ਬਟੂਆ ਖੋਲਿਆ ਤੇ ਵੇਖਾ ਵੇਖੀ ਹੋਰਨਾਂ ਨੇ ਵੀ ਬਟੂਏ ਕੱਢ ਲਏ। ਲੋਈ ਵਾਲੇ ਲਿਫਾਫੇ ਵਿੱਚ ਬਰਾੜ ਸਾਹਬ ਪੈਸੇ ਪਾਈ ਗਏ ਆਖੀਰ ਆਪਣਾ ਬਟੂਆ ਕੱਢਕੇ ਸਾਰਾ ਵਿਹਲਾ ਕਰ ਦਿੱਤਾ। ਲੋਈ ਵਾਲਾ ਲਿਫਾਫਾ ਭਰ ਦਿੱਤਾ ਨੋਟਾਂ ਨਾਲ । ਦੀਪਕ ਜੀ ਨੂੰ ਪ੍ਰੋਗਰਾਮ ਵਾਲਿਆਂ ਨੇ ਪਤਾ ਨਹੀਂ ਕੁਛ ਦਿੱਤਾ ਜਾਂ ਨਹੀਂ ਦਿੱਤਾ ਪਰ ਬਰਾੜ ਸਾਹਬ ਵੱਲੋਂ ਕਰਵਾਏ ਮਾਣ ਤਾਣ ਤੋਂ ਦੀਪਕ ਜੀ ਬਾਗੋ ਬਾਗ ਹੋਗੇ। ਲੋਈ ਉਨਾ ਦੇ ਗਲ ਵਿੱਚ ਪਾ ਦਿੱਤੀ ਤੇ ਲਿਫਾਫਾ ਹੱਥ ਵੀ ਭੇਟ ਕਰ ਦਿੱਤਾ। (ਇਹ ਦ੍ਰਿਸ਼ ਇਕ ਫਿਲਮ ਦੇ ਸੀਨ ਵਾਂਗਰ ਮੇਰੀਆਂ ਅੱਖਾਂ ਚੋਂ ਮਰਿਆ ਨਹੀਂ)
****
(ਜਾਰੀ)