
ਜੜ੍ਹਾਂ ਨਾਲ ਜੁੜਿਆ ਨਾਵਲਕਾਰ- ਸ਼ਿਵਚਰਨ ਜੱਗੀ ਕੁੱਸਾ
ਲਿਖਣਾ ਇੱਕ ਕਲਾ ਤਾਂ ਹੈ ਹੀ, ਪਰ ਨਾਲ ਦੀ ਨਾਲ ਇਹ ਪ੍ਰਮਾਤਮਾਂ ਵੱਲੋਂ ਮਿਲਿਆ ਹੋਇਆ ਉਹ ਤੋਹਫ਼ਾ ਹੈ ਜੋ ਬੜੇ ਘੱਟ ਲੋਕਾਂ ਨੂੰ ਨਸੀਬ ਹੁੰਦਾ ਹੈ। ਇਹ ਵੀ ਉਸ ਵਾਹਿਗੁਰੂ ਦੀ ਕਿਰਪਾ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿਸੇ ਲੇਖਕ ਨੂੰ ਕਿੰਨੀ ਕੁ ਲਿਖਣ ਦੀ ਬੁੱਧੀ ਜਾਂ ਸਮਰੱਥਾ ਬਖਸ਼ਦਾ ਹੈ। ਕੁਝ ਲੇਖਕਾਂ ਜਾਂ ਸ਼ਾਇਰਾਂ ਦੀ ਲੇਖਣੀ ਕਾਰਨ ਪੜ੍ਹਨ ਵਾਲੇ ਪਾਠਕ ਦਾ ਮਨ ਉਚਾਟ ਹੋ ਜਾਂਦਾ ਹੈ ਅਤੇ ਮਹਿਸੂਸ ਹੁੰਦਾ ਹੈ ਕਿ ਲਿਖਣ ਵਾਲੇ ਨੇ ਸਿਰਫ ਕਾਗਜ ਹੀ ਕਾਲੇ ਕੀਤੇ ਹਨ। ਕਈ ਲੇਖਕ ਐਸਾ ਸ਼ਾਹਕਾਰ ਲਿਖ ਜਾਂਦੇ ਹਨ ਕਿ ਪੜ੍ਹ ਕੇ ਆਨੰਦ ਤਾਂ ਆਉਂਦਾ ਹੀ ਹੈ ਸਗੋਂ ਮਨ ਨੂੰ ਕੋਈ ਚੇਟਕ ਵੀ ਲੱਗਦੀ ਹੈ। ਐਸੇ ਲੇਖਕਾਂ ਦੀ ਲੇਖਣੀ ਵਿੱਚ ਕੋਈ ਉਦੇਸ਼ ਛੁਪਿਆ ਹੋਇਆ ਹੁੰਦਾ ਹੈ ਜੋ ਸਮਾਜ ਨੂੰ ਕੋਈ ਸੇਧ ਦੇਣ ਵਿੱਚ ਕਾਰਗਰ ਸਿੱਧ ਹੁੰਦਾ ਹੈ। ਅਜਿਹੇ ਲੇਖਕਾਂ ਦੀਆਂ ਰਚਨਾਵਾਂ ਵਿੱਚੋਂ ਸਮਾਜਿਕ ਰਿਸਤਿਆਂ ਅਤੇ ਸਾਡੇ ਨਰੋਏ ਸੱਭਿਆਚਾਰ ਦੀਆਂ ਖੁਸ਼ਬੋਆਂ ਸਹਿਜੇ ਹੀ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ। ਇਹੋ ਜਿਹੀ ਮਿਆਰੀ ਲੇਖਣੀ ਦਾ ਹਾਣੀ ਹੈ ਨਾਵਲਕਾਰ ਸ਼ਿਵਚਰਨ “ਜੱਗੀ ਕੁੱਸਾ”।
ਮੋਗੇ ਜਿਲੇ ਦਾ ਪਿੰਡ “ਕੁੱਸਾ” ਨੇ ਮਹਾਨ ਕ੍ਰਾਂਤੀਕਾਰੀ ਕਵੀ ਅਤੇ ਲੇਖਕ ਪੈਦਾ ਕੀਤੇ। ਕੁੱਸਾ ਪਿੰਡ ਦੀ ਧਰਤੀ ਨੂੰ ਮਾਣ ਹੈ ਕਿ ਇਸਦੀ ਗੋਦ ਦਾ ਨਿੱਘ ਕਵੀ ਓਮ ਪ੍ਰਕਾਸ਼ ਕੁੱਸਾ, ਨਾਵਲਕਾਰ ਕਰਮਜੀਤ ਕੁੱਸਾ ਤੇ ਢਾਡੀ ਗੁਰਬਖਸ਼ ਸਿੰਘ ਅਲਬੇਲਾ ਵਰਗੀਆਂ ਸਿਰਮੌਰ ਸਖਸ਼ੀਅਤਾਂ ਨੇ ਵੀ ਮਾਣਿਐ। ਏਸੇ ਪਿੰਡ ਵਿੱਚ ਨਾਵਲਕਾਰ ਸ਼ਿਵਚਰਨ “ਜੱਗੀ ਕੁੱਸਾ” ਦਾ ਜਨਮ ਸੰਨ 1965 ਵਿੱਚ ਮਾਤਾ … ਦੀ ਕੁੱਖੋਂ, ਪਿਤਾ ਪੰਡਤ ਬ੍ਰਹਮਾ ਨੰਦ ਜੀ ਦੇ ਘਰ ਹੋਇਆ।
1980 ਦੇ ਦਹਾਕੇ ਦੌਰਾਨ ਮੇਰੇ ਪਿੰਡ ਮਾਛੀਕਿਆਂ ਦੀਆਂ ਗਲ਼ੀਆਂ ਵਿੱਚ ਇੱਕ ਸ਼ੌਕੀਨ ਜਿਹਾ, ਟੇਢੀ ਪੱਗ ਵਾਲਾ, ਇੱਸ਼ਕ ਮਜਾਜੀ, ਲਿਊਟਾ ਜਿਹਾ ਮੁੰਡਾ ਪੈਲ੍ਹਾਂ ਪਾਉਂਦਾ ਫਿਰਦਾ ਹੁੰਦਾ ਸੀ, ਉਹ ਕੋਈ ਹੋਰ ਨਹੀਂ ਸੀ, ਸਗੋਂ ਕੁੱਸੇ ਵਾਲੇ ਡਾਕਟਰ ਦਾ ਭਤੀਜਾ ਜੱਗਾ ਸੀ, ਜਿਹੜਾ ਬਾਅਦ ਵਿੱਚ ਨਾਵਲਕਾਰ ਸ਼ਿਵਚਰਨ “ਜੱਗੀ ਕੁੱਸਾ” ਬਣਿਆ। ਉਹਨਾਂ ਦਿਨਾਂ ਵਿੱਚ ਜੱਗੀ ਕੁੱਸਾ ਕਈ ਵਾਰ ਮੇਰੇ ਘਰ ਮੇਰੇ ਪਿਤਾ ਮਾਸਟਰ ਦਲਬਾਰਾ ਸਿੰਘ ਧਾਲੀਵਾਲ ਨੂੰ ਫ਼ਤਿਹ ਬਲਾਉਣ ਆ ਜਾਇਆ ਕਰਦਾ ਸੀ। ਜੱਗੀ ਕੁੱਸਾ ਨੇ ਛੇਵੀਂ ਤੋਂ ਲੈਕੇ ਦਸਵੀਂ ਤੱਕ ਦੀ ਪੜ੍ਹਾਈ ਖਾਲਸਾ ਸਕੂਲ ਤਖਤੁਪਰਾ ਤੋਂ ਕੀਤੀ। ਇਸੇ ਦੌਰਾਨ ਉਹ ਅਕਸਰ ਬਿਲਾਸਪੁਰ ਸਕੂਲ ਵਿੱਚ ਮੇਰੇ ਪਿਤਾ ਜੀ ਮਾਸਟਰ ਦਲਬਾਰਾ ਸਿੰਘ ਧਾਲੀਵਾਲ ਤੋਂ ਕਬੱਡੀ ਖੇਡਣ ਲਈ ਮਨਜ਼ੂਰੀ ਲੈਣ ਲਈ ਅਰਜ਼ੀ ‘ਤੇ ਸਾਈਨ ਕਰਵਾਉਣ ਦੇ ਸਬੱਬੀਂ ਮਿਲਦਾ ਜੁਲਦਾ ਰਹਿੰਦਾ ਸੀ। ਅੱਜ ਵੀ ਜੱਗੀ ਕੁੱਸਾ ਜਦੋਂ ਮੇਰੇ ਪਿਤਾ ਜੀ ਮਾਸਟਰ ਦਲਬਾਰਾ ਸਿੰਘ ਧਾਲੀਵਾਲ ਨੂੰ ਮਿਲਦਾ ਹੈ ਤਾਂ ਗੁਰੂ-ਚੇਲੇ ਵਾਂਗ ਦੂਰੋਂ ਡੰਡੌਤ ਕਰਦਾ ਬੜੇ ਅਦਬ ਸਤਿਕਾਰ ਨਾਲ ਮਿਲਦਾ ਹੈ।
ਡੀ ਐਮ ਕਾਲਜ ਮੋਗਾ ਵਿਖੇ ਪੜ੍ਹਦਿਆਂ ਪੜ੍ਹਦਿਆਂ ਬਾਈ ਜੱਗੀ ਕੁੱਸਾ ਆਸਟਰੀਆ ਆ ਗਿਆ ਤੇ ਇੱਥੇ ਪੁਲਿਸ ਵਿਚ ਨੌਕਰੀ ਸ਼ੁਰੂ ਕੀਤੀ। ਉਪਰੰਤ ਪਾਰਲੀਮੈਂਟ ਹਾਊਸ ਇੰਗਲੈਂਡ ਬਤੌਰ ਸਕਿਉਰਟੀ ਅਫਸਰ ਕੰਮ ਕੀਤਾ ਅਤੇ ਓਦੋਂ ਦਾ ਇੰਗਲੈਂਡੀਆ ਹੋਕੇ ਰਹਿ ਗਿਆ। ਪਰ ਪੰਜਾਬ, ਪੰਜਾਬੀਅਤ ਬਾਈ ਦੇ ਕਣ ਕਣ ਵਿਚ ਕੁੱਟ ਕੁੱਟ ਕੇ ਭਰੀ ਹੋਈ ਹੈ।
ਜੱਗੀ ਕੁੱਸੇ ਨੂੰ ਇੱਕ ਵਾਰੀ ਮੈ ਸਹਿਜ ਸੁਭਾਅ ਪੁੱਛ ਬੈਠਾ ਕਿ “ਬਾਈ ਜਿੱਥੇ ਤੁਹਾਡੇ ਕਾਫ਼ੀ ਨਾਵਲ ਵਗੈਰਾ ਇਸ਼ਕ ਮੁਹੱਬਤ ਵਾਲੇ ਹਨ, ਉੱਥੇ ਤੁਹਾਡੀਆਂ ਬਹੁਤ ਸਾਰੀਆਂ ਰਚਨਾਵਾਂ ਗੁਰਬਾਣੀ ਦੀਆਂ ਤੁਕਾਂ ਨਾਲ ਭਰਪੂਰ ਹਨ..?” ਉਹਨਾਂ ਦੱਸਿਆ ਕਿ ਮੇਰਾ ਜਨਮ ਬੇਸ਼ੱਕ ਪੰਡਤਾਂ ਦੇ ਘਰ ਹੋਇਆ ਲੇਕਿਨ ਮੈਂ ਛੇਵੀਂ ਜਮਾਤ ਤੋਂ ਲੈਕੇ ਦਸਵੀਂ ਤੱਕ ਖਾਲਸਾ ਸਕੂਲ ਤਖਤੁਪੁਰਾ ਵਿੱਚ ਪੜ੍ਹਿਆ ਤੇ ਇੱਥੇ ਗੁਰਬਾਣੀ ਦਾ ਵੀ ਅਧਿਐਨ ਕਰਦਾ ਰਿਹਾ ਹਾਂ। ਸ਼ਾਇਦ ਏਸੇ ਕਰਕੇ ਉਹਨਾਂ ਦੀਆਂ ਲਿਖਤਾਂ ਵਿੱਚ ਗੁਰਬਾਣੀ ਦਾ ਸਹਿਜੇ ਝਲਕਾਰਾ ਪੈ ਜਾਂਦਾ ਹੈ। ਉਹਨਾਂ ਦੱਸਿਆ ਕਿ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਅਤੇ ਉਹਨਾਂ ਦੀਆਂ ਸਿੱਖਿਆਵਾਂ ‘ਤੇ ਸਦਾ ਤੁਰਨ ਦੀ ਕੋਸ਼ਿਸ਼ ਕਰਦਾ ਹਾਂ।
2015-16 ‘ਚ ਬਾਈ “ਜੱਗੀ ਕੁੱਸਾ” ਮਡਿਸਟੋ ਵਾਲੇ ਰਾਣੇ ਖਟਕੜ ਨਾਲ ਫਰਿਜ਼ਨੋ ਦਾਸ ਦੇ ਘਰ ਆਇਆ। ਉਸ ਟਾਇਮ ਮੇਰੀ ਮਾਤਾ ਸਵ. ਮੁਖ਼ਤਿਆਰ ਕੌਰ ਬਿਮਾਰ ਸਨ। ਬਾਈ ਜੱਗੀ ਕੁੱਸਾ ਨੇ ਉਹਨਾਂ ਦੇ ਪੈਰੀਂ ਹੱਥ ਲਾਏ, ਮਾਤਾ ਜੀ ਨੇ ਅਸ਼ੀਰਵਾਦ ਦਿੱਤਾ। ਮਾਤਾ ਜੀ ਨਾਲ ਜੱਗੀ ਬਾਈ ਦੀ ਇਹ ਆਖਰੀ ਮਿਲਣੀ ਹੋ ਨਿੱਬੜੀ। ਉਸ ਰਾਤ ਅਸੀਂ ਰਾਤ ਦੇ ਦੋ ਤਿੰਨ ਵਜੇ ਤੱਕ ਪਿੰਡ ਮਾਛੀਕੇ ਬਿਤਾਏ ਬਾਈ ਦੇ ਸਮੇਂ ਦੀਆਂ ਖ਼ੂਬ ਗੱਲਾਂ ਕੀਤੀਆਂ। ਮੈਂ ਕਿਹਾ ‘ਬਾਈ ਤੁਸੀਂ ਲਿਖਣਾ ਕਿਵੇਂ ਸ਼ੁਰੂ ਕੀਤਾ..? ਬਾਈ ਕਹਿੰਦਾ, “ਭੇਦ ਦੀ ਗੱਲ ਹੈ, ਸਾਡਾ ਵੀ ਜਵਾਨੀ ਪਹਿਰੇ ਕਿਸੇ ਪਰੀ ਨਾਲ ਪੇਚਾ ਲੜਿਆ ਸੀ। ਬੱਸ ਓਸੇ ਸੌਹਰੀ ਦੇ ਵਿਯੋਗ ਨੇ ਹੀ ਕਲਮ ਚਕਵਾ ਦਿੱਤੀ।” ਮੈਂ ਉਤਸੁਕਤਾ ਨਾਲ ਪੁੱਛਿਆ, “ਬਾਈ ਉਹ ਸ਼ੋਖ਼ ਜਿਹਾ ਚਿਹਰਾ ਕੌਣ ਸੀ..? ਬਾਈ ਕਹਿੰਦਾ, “ਉਹ ਸ਼ੋਖ਼ ਚਿਹਰਾ ਆਪਣੇ ਪਿੰਡਾਂ ਦਾ ਈ ਸੀ ਨਿੱਕਿਆ। ਬੱਸ ਇਸ ਤੋਂ ਅੱਗੇ ਉਸਦਾ ਨਾਮ ਪਤਾ ਨਾ ਪੁੱਛੀਂ।” ਬਾਈ ਕਹਿੰਦਾ, “ਜਵਾਨੀ ਪਹਿਰੇ ਦੇ ਜਜ਼ਬਾਤਾਂ ਦੇ ਬੰਨ੍ਹ ਟੁੱਟੇ ਤਾਂ ਸ਼ਬਦ ਹੜ੍ਹ ਦੇ ਪਾਣੀ ਵਾਂਗ ਆਪ ਮੁਹਾਰੇ ਹੋ ਤੁਰੇ। ਓਹਨਾਂ ਜਜ਼ਬਾਤਾਂ ਦੀ ਬਾਤ ਮੈਂ ਇੱਕ ਕਾਵਿ ਸੰਗ੍ਰਹਿ “ਤੇਰੇ ਤੋਂ ਤੇਰੇ ਤੱਕ” ਲਿਖ ਚੁੱਕਿਆ ਹਾਂ। ਮੈਂ ਕਿਹਾ, “ਬਾਈ, ਸਭ ਤੋ ਪਹਿਲਾ ਨਾਵਲ ਕਿਹੜਾ ਸੀ?” ਬਾਈ ਕਹਿੰਦਾ, “ਇਹ ਵੀ ਤੁਹਾਡੇ ਪਿੰਡ ਮਾਛੀਕਿਆਂ ਵਾਲੇ ਬੋਹੜ ਦੀ ਕਹਾਣੀ ਸੀ “ਜੱਟ ਵੱਢਿਆ ਬੋਹੜ ਦੀ ਛਾਵੇਂ “ 1987 ਵਿੱਚ ਛਪਿਆ ਸੀ।”
1987 ਤੋਂ ਲੈਕੇ ਅੱਜ ਤੱਕ ਸ਼ਿਵਚਰਨ ‘ਜੱਗੀ ਕੁੱਸਾ’ ਦੀਆਂ ਤਕਰੀਬਨ 37-38 ਕਿਤਾਬਾਂ ਛਪ ਚੁੱਕੀਆਂ ਹਨ, ਜਿਹਨਾਂ ਵਿੱਚ ਨਾਵਲ, ਕਾਵਿ ਸੰਗ੍ਰਹਿ, ਕਹਾਣੀ ਸੰਗ੍ਰਹਿ ਆਦਿ ਸ਼ਾਮਲ ਹਨ। ਬੇਸ਼ੱਕ ਇਹਨਾਂ ਸਾਰੀਆਂ ਕਿਤਾਬਾਂ ਨੂੰ ਹੀ ਪਾਠਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਪਰ “ਪੁਰਜ਼ਾ-ਪੁਰਜ਼ਾ ਕਟ ਮਰੈ” ਅਤੇ “ਸੱਜਰੀ ਪੈਰ ਦਾ ਰੇਤਾ” ਤਾਂ ਜੱਗੀ ਕੁੱਸਾ ਦੀਆਂ ਸ਼ਾਹਕਾਰ ਰਚਨਾਵਾਂ ਹੋ ਨਿੱਬੜੀਆਂ। “ਪੁਰਜ਼ਾ-ਪੁਰਜ਼ਾ ਕਟ ਮਰੈ” ਨਾਵਲ ਜਿਹੜਾ ਕਿ ਖਾੜਕੂਵਾਦ ਅਤੇ ਪੁਲਿਸ ਵਧੀਕੀਆਂ ‘ਤੇ ਲਿਖਿਆ ਹੋਇਆ ਹੈ, ਦੇ 23 ਐਡੀਸ਼ਨ ਛਪ ਚੁੱਕੇ ਹਨ। “ਸੱਜਰੀ ਪੈੜ ਦਾ ਰੇਤਾ” ਨਾਵਲ ਇੱਕ ਐਸੇ ਦੁਖਾਂਤ ‘ਤੇ ਲਿਖਿਆ ਗਿਆ, ਜਿਹੜਾ ਅੱਜ ਤੱਕ ਕਿਸੇ ਨੇ ਛੋਹਿਆ ਹੀ ਨਹੀਂ ਸੀ ਕਿ ਕਿਵੇਂ ਪਾਕਿਸਤਾਨੀ ਮੁੰਡੇ ਭਾਰਤੀ ਪੰਜਾਬ ਦੀਆਂ ਕੁੜੀਆਂ ਨੂੰ ਇੰਗਲੈਂਡ ਤੋਂ ਆਪਣੇ ਪਿਆਰ ਦੇ ਝਾਂਸੇ ਵਿੱਚ ਫਸਾ ਕੇ ਪਾਕਿਸਤਾਨ ਲਿਜਾ ਕੇ ਕੋਠਿਆਂ ਉੱਪਰ ਬਿੱਠਾ ਦਿੰਦੇ ਨੇ। ਇਸ ਨਾਵਲ ਦੇ 17 ਐਡੀਸ਼ਨ ਛਪ ਚੁੱਕੇ ਹਨ। ਬਹੁਤ ਜਲਦ ਇਸ ਨਾਵਲ ‘ਤੇ ਟੀਵੀ ਸੀਰੀਅਲ ਬਣਨ ਜਾ ਰਿਹਾ ਹੈ ਅਤੇ ਇਸ ਨਾਵਲ ਦਾ ਇੰਗਲਿਸ਼ ਐਡੀਸ਼ਨ ਵੀ ਛਪ ਚੁੱਕਿਆ ਹੈ। ਇਸ ਤੋਂ ਬਿਨਾਂ “ਤਵੀ ਤੋਂ ਤਲਵਾਰ ਤੱਕ”, “ਹਾਜੀ ਲੋਕ ਮੱਕੇ ਵੱਲ ਜਾਂਦੇ”, “ਬਾਰ੍ਹੀਂ ਕੋਹੀਂ ਬਲਦਾ ਦੀਵਾ” ਆਦਿ ਮੇਰੇ ਮਨਪਸੰਦੀ ਦੇ ਨਾਵਲ ਹਨ। ਸ਼ਿਵਚਰਨ ਜੱਗੀ ਕੁੱਸਾ ਉਹਨਾਂ ਕਿਸਮਤ ਵਾਲੇ ਪੰਜਾਬੀ ਲੇਖਕਾਂ ਵਿੱਚੋਂ ਇੱਕ ਨੇ, ਜਿਹਨਾਂ ਨੂੰ ਪਬਲਿਸ਼ਰ ਰਾਇਲਟੀ ਦਿੰਦੇ ਨੇ..!
ਸ਼ਿਵਚਰਨ “ਜੱਗੀ ਕੁੱਸਾ” ਬੇਸ਼ੱਕ 37-38 ਕਿਤਾਬਾਂ ਲਿੱਖ ਚੁੱਕਿਆ ਹੈ, ਪਰ ਉਹ ਕਿਤਾਬੀ ਨਹੀਂ ਬਣਿਆ, ਸਗੋਂ ਉਹ ਕੁਦਰਤ ਦੇ ਕਲਾਵੇ ਭਰਦਾ, ਫੁੱਲਾਂ ਨੂੰ ਖਿੜਦੇ ਮਹਿਕਦੇ ਤੱਕਦਾ, ਧੁੱਪਾਂ ਛਾਵਾਂ ਨਾਲ ਗੱਲਾਂ ਕਰਦਾ, ਪੌਣਾਂ ਪਰਿੰਦਿਆਂ ਦਾ ਹਾਲ ਚਾਲ ਪੁੱਛਦਾ-ਦੱਸਦਾ, ਬੈਰੂਨੀ ਤੇ ਅੰਦਰੂਨੀ ਸਫ਼ਰ ਦਾ ਅਹਿਸਾਸਮੰਦ ਮੁਸਾਫ਼ਰ ਬਣਿਆ ਜਿੰਦਗੀ ਦਾ ਨਿੱਘ ਮਾਣ ਰਿਹਾ ਹੈ। ਜੱਗੀ ਕੁੱਸੇ ਦੀ ਠੇਠ ਪੰਜਾਬੀ, ਉਸਦੀ ਲਿਖਣ ਸ਼ੈਲੀ ਐਨੀ ਕੁ ਸਰਲ ਅਤੇ ਪੇਂਡੂ ਹੈ ਕਿ ਹਰ ਕੋਈ ਉਸਦੀ ਲਿਖਤ ਦਾ ਆਨੰਦ ਮਾਣ ਸਕਦਾ ਹੈ। ਉਹ ਆਪਣੇ ਨਾਵਲਾਂ ਦੇ ਪਾਤਰ ਐਨੇ ਦਿਲਚਸਪ ਬਣਾਕੇ ਪਾਠਕਾਂ ਸਾਹਮਣੇ ਪੇਸ਼ ਕਰਦਾ ਕਿ ਜੀਅ ਕਰਦਾ ਸਾਰੀ ਕਿਤਾਬ ਪੜ੍ਹਕੇ ਹੀ ਸਾਹ ਲਈਏ। ਬਾਈ ਜੱਗੀ ਕੁੱਸੇ ਦੀ ਲੇਖਣੀ ਪਾਠਕ ਨੂੰ ਉਂਗਲ ਫੜ੍ਹ ਕੇ ਨਾਲ ਤੋਰਨ ਦੇ ਸਮਰੱਥ ਹੈ। ਜੱਗੀ ਕੁੱਸਾ ਧਰਤੀ ਨਾਲ ਜੁੜਿਆ, ਬੇਹੱਦ ਨਿਮਰਤਾ ਨਾਲ ਨੱਕੋ ਨੱਕ ਭਰਪੂਰ ਇਨਸਾਨ ਹੈ। ਦੁਨੀਆ ਪੱਧਰ ਦੀ ਮਸ਼ਹੂਰੀ ਖੱਟ ਕੇ ਵੀ ਬਾਈ ਨੇ ਪੈਰ ਨਹੀਂ ਛੱਡੇ। ਇੱਕ ਵਾਰੀ ਅਸੀਂ ਫਰਿਜ਼ਨੋ ਤੋਂ ਸੈਕਰਾਮੈਂਟੋ ਨੂੰ ਚੱਲੇ ਰਸਤੇ ਵਿੱਚ ਟਰੱਕ ਸਟਾਪ ‘ਤੇ ਰੁਕੇ, ਉੱਥੇ ਛੇ-ਸੱਤ ਪੰਜਾਬੀ ਮੁੰਡੇ ਸਾਨੂੰ ਬੁਲਾਉਣ ਲਈ ਜਕਾਂ-ਤਕਾਂ ਜਿਹੀਆਂ ਕਰੀ ਜਾਣ। ਬਾਈ ਜੱਗੀ ਕੁੱਸਾ ਨੇ ਸਹਿਜ ਸੁਭਾਅ ਹੀ ਕਿਹਾ “ਸੁਣਾਓ ਬਈ ਸ਼ੇਰੋ ਕਿਵੇਂ ਓ..?” ਮੁੰਡੇ ਝਿਜਕਦੇ ਜੇ ਕਹਿਣ ਲੱਗੇ “ਬਾਈ ਤੁਸੀਂ ਜੱਗੀ ਕੁੱਸਾ ਹੋ..?” ਬਾਈ ਕਹਿੰਦਾ “ਆਹੋ ਯਾਰ ਆਓ ਤੁਹਾਨੂੰ ਕੌਫੀ ਪਿਆਉਨੇ ਆ..?” ਮੁੰਡੇ ਬੜੇ ਖੁਸ਼ ਹੋਏ ਉਹਨਾਂ ਨੇ ਬਾਈ ਨਾਲ ਫੋਟੋ ਖਿਚਵਾਈਆਂ ਅਤੇ ਕਹਿੰਦੇ “ਬਾਈ ਜਿੱਦਾਂ ਦੀ ਤੁਹਾਡੀ ਲੇਖਣੀ ਉਸਤੋਂ ਵਧਕੇ ਮਿਲਣੀ।” ਬਾਈ ਜੱਗੀ ਕੁੱਸਾ ਨੇ ਉਹਨਾਂ ਨੂੰ ਆਪਣਾ ਫ਼ੋਨ ਨੰਬਰ ਦਿੱਤਾ, ਉਹ ਬਹੁਤ ਖੁਸ਼ ਹੋਏ।
ਯਾਰੀ ਨਿਭਾਉਣੀ ਕੋਈ ਬਾਈ ਜੱਗੀ ਕੁੱਸਾ ਤੋਂ ਸਿੱਖੇ, ਸਤੰਬਰ 2016 ਵਿੇਚ ਕੈਂਸਰ ਨਾਲ ਜੂਝਦਿਆਂ ਮੇਰੇ ਮਾਤਾ ਜੀ ਫਰਿਜ਼ਨੋ ਵਿਖੇ ਚੜ੍ਹਾਈ ਕਰ ਗਏ। ਬਾਈ ਜੱਗੀ ਕੁੱਸਾ ਉਹਨੀ ਦਿਨੀਂ ਕਨੇਡਾ ਆਇਆ ਹੋਇਆ ਸੀ। ਜਦੋਂ ਬਾਈ ਨੂੰ ਮਾਤਾ ਜੀ ਦੇ ਦੇਹਾਂਤ ਬਾਰੇ ਪਤਾ ਲੱਗਿਆ, ਸਿੱਧੀ ਫਲਾਈਟ ਫੜਕੇ ਫਰਿਜ਼ਨੋ ਮਾਤਾ ਨੂੰ ਸ਼ਰਧਾਂਜਲੀ ਦੇਣ ਲਈ ਫਿਊਨਰਲ ਮੌਕੇ ਪਹੁੰਚਿਆ। ਉਪਰੰਤ ਮਾਤਾ ਜੀ ਦੇ ਜੀਵਨ ਸਬੰਧੀ ਪੁਸਤਕ “ਦਿਲਾਂ ‘ਚ ਧੜਕਦੀ ਏ ਤੂੰ” ਛਪਵਾਉਣ ਲਈ ਵੀ ਬਾਈ ਜੱਗੀ ਕੁੱਸੇ ਦਾ ਬੇਹੱਦ ਯੋਗਦਾਨ ਰਿਹਾ।
ਬਾਈ ਜੱਗੀ ਕੁੱਸਾ ਦੇ ਪਾਠਕ ਦੁਨੀਆਂ ਦੇ ਹਰ ਕੋਨੇ ਵਿੱਚ ਮੌਜੂਦ ਨੇ, ਬਾਈ ਨੇ ਨਾਵਲ ਲਿਖਣ ਦੇ ਨਾਲ ਨਾਲ ਕਈ ਫਿਲਮਾਂ ਦੇ ਡਾਇਲਾਗ ਵੀ ਲਿਖੇ। ਬਾਈ ਨੂੰ ਜੇ ਬਹੁਪੱਖੀ ਸ਼ਖ਼ਸੀਅਤ ਕਿਹਾ ਜਾਵੇ ਤਾਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗਾ। ਬਾਈ ਜੱਗੀ ਕੁੱਸਾ ਸ਼ਬਦਾਂ ਦਾ ਸਮੁੰਦਰ ਚੁੱਕੀ ਫਿਰਦਾ, ਤੁਰੀ ਫਿਰਦੀ ਇੱਕ ਸੰਸਥਾ ਹੈ। ਬਾਈ ਦੇ ਅੰਦਰ ਗਿਆਨ ਦਾ ਅਥਾਹ ਸਾਗਰ ਹਾਲੇ ਹੋਰ ਬਹੁਤ ਕੁਝ ਪੰਜਾਬੀ ਮਾਂ ਬੋਲੀ ਦੀ ਝੋਲ੍ਹੀ ਪਾਵੇਗਾ। ਬਾਈ ਜੱਗੀ ਕੁੱਸਾ ਦੇ ਨਵੇਂ ਨਾਵਲ “ਕੋਸੀ ਧੁੱਪ ਦਾ ਨਿੱਘ” ਲਈ ਬਹੁਤ ਬਹੁਤ ਮੁਬਾਰਕਾਂ ਅਤੇ ਆਸ ਕਰਦੇ ਹਾਂ ਕਿ ਹਮੇਸ਼ਾਂ ਦੀ ਤਰ੍ਹਾਂ ਇਸ ਨਾਵਲ ਨੂੰ ਵੀ ਪਾਠਕ ਪ੍ਰਵਾਨ ਚੜਾਉਣਗੇ। ਅੱਜ ਕੱਲ ਦੇ ਹਾਈਟੈਕ ਯੁਗ ਵਿੱਚ ਸੰਸਾਰ ਇੱਕ ਗਲੋਬਲ ਪਿੰਡ ਹੀ ਬਣ ਚੁੱਕਾ ਹੈ। ਇਸ ਪਿੰਡ ਵਿੱਚ ਵਿਚਰਦਿਆਂ ਬਾਈ ਜੱਗੀ ਕੁੱਸਾ ਨੂੰ ਜੋ ਮਹਿਸੂਸ ਹੋਇਆ, ਉਹ ਦੁਨੀਆਂ ਦੇ ਰੰਗ ਨਾਵਲ “ਕੋਸੀ ਧੁੱਪ ਦਾ ਨਿੱਘ” ਵਿੱਚ ਅਨਾਥ ਆਸ਼ਰਮ ਤੋਂ ਲੈਕੇ ਬਿਰਧ ਆਸ਼ਰਮ ਤੱਕ ਦਰਸਾਉਣ ਦੀ ਕੋਸ਼ਿਸ਼ ਹੈ। ਦੁਆ ਹੈ ਕਿ ਇਹ ਕਲਮ ਸ਼ਬਦਾਂ ਦਾ ਹਲ ਵਾਹੁੰਦੀ ਬੇਰੋਕ ਚਲਦੀ ਰਹੇ।
ਪੱਤਰਕਾਰ ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”
ਫਰਿਜ਼ਨੋ (ਕੈਲੀਫੋਰਨੀਆ)