
ਨਿੰਦਰ ਘੁਗਿਆਣਵੀ
ਜਦ ਅਸੀਂ ਪੈਲਿਸ ਵਿਚ ਪੁੱਜੇ ਤਾਂ ਹਾਲੇ ਟਾਵੇਂ ਟਾਵੇਂ ਜਿਹੇ ਮਹਿਮਾਨ ਪਧਾਰ ਰਹੇ ਸਨ। ਪ੍ਰਗਟ ਸਿੰਘ ਗਰੇਵਾਲ ‘ਪ੍ਰਗਟ’ ਹੋ ਗਿਆ। ਅਮਰੀਕਾ ਤੋਂ ਮੈਨੂੰ ਜਾਣਦਾ ਇਕ ਸੰਧੂ ਪਰਿਵਾਰ ਮਿਲਿਆ, ਤਾਂ ਮੈਨੂੰ ਯਾਦ ਆਇਆ ਕਿ ਮੈਂ ਉਨਾ ਦੇ ਕੈਲੀਫੋਰਨੀਆ ਫਾਰਮ ਵਿਚ ਗਿਆ ਸੀ। ਬਰਾੜ ਸਾਹਬ ਨੂੰ ਵੀ ਉਹ ਮਿਲਵਾਏ। ਬੜੇ ਖੁਸ਼ ਹੋਏ। ਬਰਾੜ ਸਾਹਬ ਨੂੰ ਉਨਾ ਅਮਰੀਕਾ ਆਉਣ ਦਾ ਸੱਦਾ ਦਿੱਤਾ। ਅਸੀਂ ਚਾਹ ਚੂਹ ਪੀ ਹੀ ਰਹੇ ਸਾਂ ਕਿ ਕਾਲਾ ਲੰਮਾ ਕੋਟ ਪਾਈ ਰਾਮੂਵਾਲੀਆ ਜੀ ਪਧਾਰ ਗਏ। ਠੰਢ ਦੇ ਦਿਨ ਸਨ ਪਰ ਪੰਜਾਬ ਦੀ ਸਿਆਸਤ ਵਿੱਚ ਗਰਮਾਹਟ ਪੈਦਾ ਹੋ ਚੁੱਕੀ ਸੀ, ਵਿਧਾਨ ਸਭਾ ਚੋਣਾਂ ਦਾ ‘ਤੂਤਕੜਾ’ ਵੱਜ ਚੁੱਕਾ ਸੀ। ਜਦ ਵਿਹਲੇ ਜਿਹੇ ਹੋਏ, ਤਾਂ ਅਸੀਂ ਦੋਵੇਂ ਰਾਮੂਵਾਲੀਆ ਨੂੰ ਪਿਸ਼ਾਬ ਕਰਨ ਦਾ ਵਿਖਾਵਾ ਜਿਹਾ ਕਰਕੇ ਬੰਦਿਆਂ ਤੇ ਬੁੜੀਆਂ ਦੇ ਮੂਤਣ ਨੂੰ ਬਣੇ ਸੋਹਣੇ ਸੋਹਣੇ ਗੁਸਲਖਾਨਿਆਂ ਵੱਲ ਲੈ ਆਏ। ਰਾਮੂਵਾਲੀਏ ਨਾਲ ਪਰਮਜੀਤ ਸਿੰਘ ਸਿੱਧਵਾਂ ਵੀ ਆਇਆ ਹੋਇਆ ਸੀ। ਉਹ ਬੰਦਾ ਸਿਆਣਾ ਹੈ ਤੇ ਮੌਕਾ ਤਾੜ ਗਿਆ, ਨੇੜੇ ਨਾ ਆਇਆ ਤੇ ਆਪਣੇ ਫੋਨ ਉਤੇ ਕਿਸੇ ਨਾਲ ਲੰਮੀਆਂ ਗੱਲਾਂ ਕਰਦਾ ਰਿਹਾ। ਬਰਾੜ ਸਾਹਬ ਨੇ ਰਾਮੂਵਾਲੀਏ ਮੂਹਰੇ ਦੋਵੇ ਹੱਥ ਜੋੜ ਦਿੱਤੇ ਤੇ ਰੋਣਹਾਕਾ ਜਿਹਾ ਮੂੰਹ ਬਣਾ ਕੇ ਬੋਲੇ, “ਆਪਣੇ ਭਰਾ ਉਤੇ ਤਰਸ ਕਰ ਯਾਰ, ਕਿਰਪਾ ਕਰਕੇ ਬਿਠਾਦੇ ਗੁਰਟੇਕ ਸਿੰਘ ਨੂੰ, ਮੇਰੀ ਮਿੰਤ ਆ, ਮੈਂ ਤੇਰਾ ਭਾਈ ਆਂ, ਬਾਈ ਵੇਖ, ਮੇਰੀ ਸਾਰੀ ਉਮਰ ਦੀ ਕੀਤੀ ਕਤਾਈ ਖੂਹੇ ਪੈਂਦੀ ਆ।” ਰਾਮੂਵਾਲੀਆ ਹੱਸਦਾ ਹੋਇਆ ਬੋਲਦਾ, “ਲੈ ਹੈਆ, ਓ ਹੋ ਓ ਹੋ–ਯਾਰ ਮੈਂ ਕਿਵੇਂ ਬਹਾ ਦਿਆਂ ਓਹਨੂੰ,ਏਹ ਕਿਵੇ ਹੋਜੂ? ਉਹਨੇ ਆਵਦੀ ਨੌਕਰੀ ਤੇ ਘਰ ਘਾਟ ਦਾਅ ਉਤੇ ਲਾਇਆ ਵੈ, ਸਭ ਕੁਛ ਛਡਕੇ ਮੇਰੇ ਨਾਲ ਤੁਰਿਆ ਐ, ਹਾਂ– ਪਰ ਮੈਂ ਗੱਲ ਕਰਲੂੰ ਉਹਦੇ ਨਾਲ, ਘਬਰਾਓ ਨਾ ਤੁਸੀਂ,ਮੈਂ ਹੁਣ ਜਾਣੈਂ ਬਰਨਾਲੇ ਭੋਲਾ ਸਿੰਓ ਵਿਰਕ ਕੇ ਰਿਸ਼ਤੇਦਾਰਾਂ ਦੇ ਭੋਗ ਉਤੇ — ਤੇ ਆਪਾਂ ਮਿਲਦੇ ਆਂ ਕਿਸੇ ਦਿਨ ਬਾਈ, ਹੋਰ ਘਰੇ ਸਾਰੇ ਤਗੜੇ ਐ, ਤੂੰ ਆਜਾ ਘੁਗਿਆਣਵੀ ਬਰਨਾਲੇ ਚੱਲੀਏ।”
ਉਹ ਸਾਨੂੰ ‘ਲੱਕੜ ਦਾ ਮੁੰਡਾ’ ਫੜਾ ਤੁਰ ਗਿਆ ਬਰਨਾਲੇ ਨੂੰ। ਬਰਾੜ ਸਾਹਬ ਖਾਸੇ ਉਦਾਸ ਜਿਹੇ ਹੋ ਗਏ। ਉਹਨਾਂ ਦੇ ਚੇਹਰੇ ਉਤੇ ਕਾਲੀ ਕਾਲੀ ਉਦਾਸੀ ਭਰੀ ਕਾਲਖ ਤਾਰੀ ਹੋ ਗਈ। ਮੈਂ ਬਿਲਕੁਲ ਚੁੱਪ ਸਾਂ।
ਆਖਰ, ਮੈਂ ਪੁੱਛਿਆ,” ਵਾਪਸ ਚੱਲੀਏ ਫੇਰ ਹੁਣ ਅੰਕਲ ਆਪਾਂ?” ਕਹਿੰਦੇ, ” ਨਹੀ, ਆਪਾਂ ਜੌਹਰ ਸਾਹਬ ਦਾ ਪਤਾ ਲੈਜੀਏ, ਮੇਰੇ ਪੁਰਾਣੇ ਸਾਥੀ ਆ, ਢਿੱਲੇ ਮੱਠੇ ਆ ਵਿਚਾਰੇ, ਕੋਈ ਆਉਂਦਾ ਨੀ,ਕੋਈ ਜਾਂਦਾ ਨੀ।”
ਅਸੀਂ ਜੌਹਰ ਸਾਹਬ ਦੇ ਘਰ ਮੂਹਰੇ ਜਾ ਪੁੱਜੇ। ਪਤਾ ਲੱਗਿਆ ਕਿ ਉਹ ਡੀ ਐਮ ਸੀ ਗਏ ਹੋਏ ਹਨ। ਬਰਾੜ ਸਾਹਬ ਨੇ ਉਨਾ ਦੇ ਬੰਦੇ ਨੂੰ ਦੱਸਿਆ ਕਿ ਬਾਊ ਜੀ ਨੂੰ ਕਹਿਣਾ ਕਿ ਅਵਤਾਰ ਸਿੰਘ ਬਰਾੜ ਆਇਆ ਸੀ। ਹੁਣ ਜਿੱਦਣ ਆਇਆ ਤਾਂ ਮਿਲਕੇ ਜਾਊਂਗਾ। ਫਿਰ ਕਹਿੰਦੇੰ ਕਿ ਜਸੋਵਾਲ ਸਾਹਬ ਦਾ ਪਤਾ ਕਰ ਕਿ ਉਹ ਘਰ ਨੇ ਜਾਂ ਕਿਸੇ ਮੇਲੇ ਮੂਲੇ ਉਤੇ ਅੱਪੜੇ ਹੋਏ ਆ। ਘਰ ਵਾਲੇ ਫੋਨ ਉਤੇ ਫੋਨ ਕੀਤਾ ਤਾਂ ਉਹੀ ਗੱਲ ਹੋਈ। ਬੀਬੀ ਬੋਲੀ, ” ਵੇ ਭਾਈ ਦੋ ਦਿਨ ਹੋਗੇ ਉਹ ਤਾਂ ਹੁਸ਼ਿਆਰਪੁਰੋਂ ਨੀ ਮੁੜਿਆ, ਕਹਿੰਦਾ ਸੀ ਅਖੇ ਓਥੇ ਮੇਲਾ ਮਨਾਉਣੈ।” ਬੀਬੀ ਦੇ ਸੁਭਾਅ ਦਾ ਮੈਨੂੰ ਪਤਾ ਸੀ ਤੇ ਮੈਂ ਬਰਾੜ ਸਾਹਬ ਦਾ ਮੂਡ ਸੈਟ ਕਰਨ ਲਈ ਗੱਲ ਅੱਗੇ ਵਧਾਈ ਤੇ ਫੋਨ ਦਾ ਸਪੀਕਰ ਆਨ ਕਰਿਆ, ” ਨਾ ਬੇਬੇ, ਹੁਣ ਬਾਪੂ ਨੂੰ ਕਹੋ ਕਿ ਬਸ ਕਰਜੇ ਤੇ ਘਰੇ ਟਿਕ ਕੇ ਬੈਠਿਆ ਕਰੇ ਰਮਾਨ ਨਾਲ, ਬਹੁਤ ਹੋਗੇ ਮੇਲੇ ਮੂਲੇ, ਘਰ ਵੱਲ ਵੀ ਧਿਆਨ ਦੇਵੇ ਹੁਣ”। ਬੇਬੇ ਭਰੀ ਪੀਤੀ ਪਈ ਸੀ, ” ਵੇ ਮੈਂ ਬਥੇਰਾ ਪਿਟਦੀ ਆਂ, ਬਥੇਰਾ ਪਿਟਦੀ ਆਂ, ਇਕ ਨੀ ਸੁਣਦਾ ਤੇ ਓਹੋ ਜੇਹੇ ਲਗਾੜੇ ਨਾਲ ਰਲੇ ਵੇ ਆ, ਕੰਜਰ ਕੰਜਰੀਆਂ ਨਾ ਟਿਕਣ ਤੇ ਨਾ ਟਿਕਣ ਦੇਣ, ਬੇੜਾ ਬਹਿਕੇ ਇਨਾ ਦਾ, ਸਾਡਾ ਘਰ ਉਜੜ ਗਿਆ ਤੇ ਇਨਾਂ ਦੇ ਮੇਲੇ ਨੀ ਮੁੱਕੇ ਟੁਟੜਿਆਂ ਦੇ।” ਬਰਾੜ ਸਾਹਬ ਦਾ ਤੇ ਮੇਰਾ ਹਾਸਾ ਬੰਦ ਨਾ ਹੋਵੇ ਤੇ ਨਾ ਬੇਬੇ ਫੋਨ ਬੰਦ ਨਾ ਕਰੇ। “ਤੂੰ ਗੇੜਾ ਮਾਰੀਂ ਵੇ ਘੁਗਿਆਣੀ।” ਆਖਕੇ ਬੇਬੇ ਨੇ ਫੋਨ ਕੱਟਿਆ।
ਬਰਾੜ ਸਾਹਬ ਕਹਿੰਦੇ, ” ਪੁੱਤ, ਅੱਜ ਤਾਂ ਭੈਣ ਦੇਣੇ ਦਾ ਦਿਨ ਈ ਭੈੜਾ ਚੜਿਆ ਐ, ਸਾਰੇ ਫਾਇਰ ਈ ਫੋਕੇ ਜਾਈ ਜਾਂਦੇ ਆ, ਮਾੜਾ ਦਿਨ ਐਂ ਅੱਜ। ਕੋਈ ਮਿਲਦਾ ਈ ਨੀ ਘਰੇ, ਲੱਭਿਆਂ ਨੀ ਲਭਦਾ ਕੋਈ। ਓਧਰੋਂ ਰਾਮੂਵਾਲੀਏ ਨੇ ਕੜੀ ਘੋਲਤੀ ਐ, ਆਪਣੀ ਗੱਲ ਈ ਨੀ ਗੌਲੀ ਪਤੰਦਰ ਨੇ।”
ਬਰਾੜ ਸਾਹਬ ਨੇ ਇਕ ਕਲੀਨਿਕ ਮੂਹਰੇ ਕਾਰ ਰੋਕਣ ਨੂੰ ਕਿਹਾ ਤੇ ਉਤਰ ਗਏ। ਮੈਂ ਮਗਰੇ ਉਤਰਣ ਲੱਗਾ ਤਾ ਕਹਿੰਦੇ, ” ਬੈਠ ਬੈਠ ਬੇਟਾ, ਆਇਆ ਮੈਂ ਹੁਣੇ, ਪਿਸ਼ਾਬ ਕਰਲਾਂ ਨਾਲੇ ਪੁਰਾਣੇ ਡਾਕਟਰ ਬੇਲੀ ਨੂੰ ਮਿਲ ਲਾਂ, ਇਕ ਮਿੰਟ ‘ਚ ਆਇਆ ਕਿ ਆਇਆ।”
ਮੈਂ ਹੁਣ ਹੋਰ ਵੀ ਉਦਾਸ ਹੋ ਗਿਆ ਸਾਂ। ਮੇਰਾ ਦਿਲ ਬੀਅਰ ਪੀਣ ਨੂੰ ਕਰ ਆਇਆ। ਆਥਣ ਵਾਹਵਾ ਹੋ ਗਈ ਸੀ। ਬਰਾੜ ਸਾਹਬ ਕਲੀਨਿਕ ਤੋਂ ਬਾਹਰ ਆਕੇ ਕਹਿੰਦੇ,”ਆਪਾਂ ਆਪਣੇ ਪੁੱਤਰ ਨੂੰ ਮਿਲਦੇ ਆਂ, ਤੈਨੰ ਵੀ ਮਿਲੌਣਾ, ਆਪਣੇ ਫਰੀਦਕੋਟ ਦਾ ਮੁੰਡਾ ਐ ਤੇ ਇਥੇ ਡੀ ਐਸ ਪੀ ਐ, ਬੜਾ ਨੇਕ ਆ ਮੁੰਡਾ।” ਸਾਡੀ ਕਾਰ ਸਟੇਡੀਅਮ ਨੇੜੇ ਸਰਕਾਰੀ ਕੋਠੀਆਂ ਵਿਚ ਵੜ ਗਈ। ਜਿਸ ਸਰਕਾਰੀ ਘਰ ਮੂਹਰੇ ਅਸੀਂ ਰੁਕੇ, ਉਥੇ ਲਿਖਿਆ ਹੋਇਆ ਸੀ- ਡੀ ਐਸ ਪੀ ਸੰਦੀਪ ਗੋਇਲ। ਜਦ ਅਸੀਂ ਅੰਦਰ ਗਏ ਤਾਂ ਗੋਇਲ ਨੇ ਬਰਾੜ ਸਾਹਬ ਦੇ ਪਹਿਲਾਂ ਪੈਰੀ ਹੱਥ ਲਾਕੇ ਆਦਰ ਕੀਤਾ ਤੇ ਫਿਰ ਗਲੱਵਕੜੀ ਪਾਈ। ਮੇਰੇ ਨਾਲ ਮਿਲਾਉਂਦਿਆਂ ਸੰਦੀਪ ਗੋਇਲ ਨੂੰ ਕਹਿੰਦੇ,” ਏਹ ਮੁੰਡਾ ਆਪਣੇ ਜਿਲੇ ਦਾ, ਤੇਰੇ ਵਾਂਗ ਆਪਣਾ ਪੁੱਤ ਐ ਨਿੰਦਰ ਘੁਗਿਆਣਵੀ ਐ, ਆਵਦੀ ਉਮਰ ਜਿੰਨੀਆਂ ਕਿਤਾਬਾਂ ਦਾ ਲੇਖਕ ਐ।” ਸੰਦੀਪ ਗੋਇਲ ਬੜੀ ਨਿੱਘ ਨਾਲ ਮਿਲਿਆ। ਉਸਨੇ ਸਾਡੀ ਬੜੀ ਟਹਿਲ ਸੇਵਾ ਕੀਤੀ ਤੇ ਪੈੱਗ ਸ਼ੈੱਗ ਲੁਵਾ ਕੇ ਰਾਤ ਦੀ ਰੋਟੀ ਖੁਵਾ ਕੇ ਤੋਰਿਆ ਤਾਂ ਫਰੂਟਾਂ ਦੀ ਇਕ ਟੋਕਰੀ ਕਾਰ ਦੀ ਡਿੱਕੀ ‘ਚ ਰਖਵਾ ਦਿੱਤੀ, ਕਹਿੰਦਾ, ” ਚਾਚਾ ਜੀ,ਰਾਹ ਚ ਖਾ ਲਿਓ ਜਦ ਭੁਖ ਲਗੇ ਤਾਂ।” (ਮਿਲਾਪੜੇ ਸੁਭਾਅ ਵਾਲਾ ਸੰਦੀਪ ਗੋਇਲ ਅਜਕਲ ਇਕ ਜਿਲੇ ਦਾ ਐਸ ਐਸ ਪੀ ਹੈ)।
ਲੁਧਿਆਣਿਓ ਨਿਕਲਦਿਆਂ ਬਰਾੜ ਸਾਹਬ ਥੋੜਾ ਕੁ ਸੌਂ ਗਏ ਤੇ ਫਿਰ ਜਦ ਉਹ ਗੱਲਾਂ ਸੁਣਾਉਣ ਜੋਕਰੇ ਹੋਏ ਤਾਂ ਮੈਨੂੰ ਨੀਂਦ ਆਉਣ ਲੱਗੀ। ਬਰਾੜ ਸਾਹਬ ਦੇ ਆਖੇ ਬੋਲ ਮੇਰੇ ਮਨ ਦੇ ਕੰਪਿਊਟਰ ਦੀ ਚਿੱਪ ਵਿਚ ਹਾਲੇ ਵੀ ਸੇਵ ਨੇ: “ਪੁੱਤ ਘੁਗਿਆਣਵੀ, ਮੈਂ ਆਪਣੇ ਲੋਕਾਂ ਵਿਚ ਜੰਮਿਆਂ ਤੇ ਇਨਾਂ ਵਿਚ ਈ ਮਰਨੈਂ, ਬਸ ਕਿਸੇ ਨੂੰ ਲੁੱਟਣਾ ਨਹੀ, ਕਿਸੇ ਨੂੰ ਕੁੱਟਣਾ ਨਹੀਂ, ਜੇ ਬੀ ਟੀ ਮਾਸਟਰ ਸੀ ਮੈਂ ਤੇ ਅੱਜ ਲੋਕਾਂ ਦਾ ਸੇਵਕ ਆਂ ਤੇ ਬਾਕੀ ਭਾਈ ਸਮਾਂ ਬੜਾ ਬਲਵਾਨ ਐਂ ਪੁੱਤ ਓਏ।” ਗੱਲ ਸੁਣਦਿਆਂ ਸੁਣਦਿਆਂ ਮੈਂ ਸੌਂ ਗਿਆ। ਜਦ ਅਸੀਂ ਫਰੀਦਕੋਟ ਪੁੱਜੇ ਤੇ ਬਰਾੜ ਸਾਹਬ ਦੀ ਕੋਠੀ ਨੂੰ ਗੱਡੀ ਮੁੜੀ, ਮੈਂ ਨਹਿਰਾਂ ਵੱਲ ਝਾਕਿਆ। ਸ਼ਾਂਤ ਚਿਤ ਵਗ ਰਹੀਆਂ ਸਨ ਜੌੜੀਆਂ ਨਹਿਰਾਂ ਪਰ ਨਹਿਰਾਂ ਕਿਨਾਰੇ ਵੱਸ ਰਹੇ ਬੰਦਿਆਂ ਦੇ ਮਨਾਂ ਵਿਚ ਉਥਲ ਪੁਥਲ ਸੀ। ਮੈਂ ਸੋਚਿਆ ਕਿ ਪਾਣੀ ਦੇ ਵਗਣ ਤੇ ਬੰਦਿਆਂ ਦੇ ਵੱਸਣ ਵਿਚ ਬੜਾ ਫਰਕ ਹੁੰਦਾ ਹੈ ਨਿੰਦਰਾ, ਤੂੰ ਕੇਹੜੀ ਦੁਨੀਆਂ ਵਿਚ ਫਿਰਦਾਂ ਏਂ।
***
ਜਦ ਮੈਂ ਬਰਾੜ ਸਾਹਬ ਦੀ ਕੋਠੀਓਂ ਸਵੇਰੇ ਸਵੇਰੇ ਆਪਣੇ ਪਿੰਡ ਪੁੱਜਿਆ ਤਾਂ ਸਾਡੇ ਘਰ ਮੂਹਰੇ ਦੋ ਕਾਰਾਂ ਤੇ ਇਕ ਜੀਪ ਖੜੀ ਹੋਈ ਸੀ। ਅੱਗੇ ਗਿਆ ਤਾਂ ਗੁਰਟੇਕ ਸਿੱਧੂ ਆਪਣੇ ਸਮਰਥਕਾਂ ਨੂੰ ਲੈਕੇ ਮੇਰੀ ਮਾਂ ਤੇ ਬਾਪੂ ਦੇ ਮੰਜੇ ਦੁਆਲੇ ਬੈਠਾ ਹੋਇਆ ਸੀ। ਜਦ ਮਿਲੇ ਤਾਂ ਉਸ ਨੇ ਬੜੀ ਅਪਣੱਤ ਨਾਲ ਗਿਲਾ ਕੀਤਾ। ਕਹਿਣ ਲਗਿਆ, “ਅਸੀ ਤਾਂ ਪੰਜਾਬ ਵਿਚ ਨਵੇਂ ਦਿਨ, ਨਵੀ ਸਰਕਾਰ ਤੇ ਨਵਾਂ ਸੰਸਾਰ ਸਿਰਜ ਰਹੇ ਆਂ ਤਾ ਤੂੰ ਅਵਤਾਰ ਬਰਾੜ ਦੇ ਪਿੱਛੇ ਲੱਗਕੇ ਮੇਰੀ ਟਿਕਟ ਕਟਾਉਂਦਾ ਫਿਰਦਾ ਐਂ।”
ਪਿੰਡ ‘ ਚੋਂ ਹੋਰ ਲੋਕ ਵੀ ਆ ਗਏ। ਖੈਰ, ਗੁਰਟੇਕ ਸਿੱਧੂ ਨੂੰ ਠੰਢਿਆਂ ਕੀਤਾ ਤੇ ਉਹ ਚਲਾ ਗਿਆ।
ਉਹਨੇ ਚੋਣ ਲੜੀ ਤੇ ਵੋਟਾਂ ਵੀ ਛੇ ਕੁ ਹਜਾਰ ਲੈ ਗਿਆ ਪਰ ਟਿਕਟ ਕਟਾਉਣ ਵਾਲਾ ‘ਵੱਟ’ ਉਹਦੇ ਦਿਲ ‘ਚੋਂ ਹਾਲੇ ਵੀ ਨੀ ਗਿਆ ਤੇ ਨਾ ਜਾਣਾ ਹੈ, ਪਰ, ਉਹ ਸੱਚਾ ਹੈ ਤੇ ਮੈਂ ਝੂਠਾ ਹਾਂ,ਬਿਲਕੁੱਲ ਝੂਠਾ ਹਾਂ ਟੇਕ ਬਾਈ ਪਰ ਬਰਾੜ ਸੱਚਾ ਸੀ, ਉਹਨੇ ਮਚਾਕੀ ਵਾਲੀ ਸੜਕ ਉਤੇ ਸਾਹਮਣਿਓਂ ਆਉਂਦੀ ਗੁਰਟੇਕ ਦੀ ਗੱਡੀ ਰੋਕ ਕੇ ਤੇ ਦੋਵੇਂ ਹੱਥ ਜੋੜਕੇ ਆਖਿਆ ਸੀ, ” ਛੋਟੇ ਭਾਈ, ਨੌਕਰੀ ਨਾ ਛੱਡੀਂ, ਲੀਡਰੀ ਭਾਵੇਂ ਨਾਲ ਨਾਲ ਕਰੀ ਚੱਲ, ਮੈਂ ਵੀ ਨੌਕਰੀ ਤੇ ਲੀਡਰੀ ਕਰਦਾ ਰਿਹਾਂ, ਨੌਕਰੀ ਨਾਲ ਘਰ ਦਾ ਚੁੱਲਾ ਬਲਦਾ ਐ।” ਗੁਰਟੇਕ ਕਹਿੰਦਾ, ” ਜਵਾਂ ਨਹੀਂ ਛਡਦਾ ਨੌਕਰੀ ਪਰ ਸਮਾਜ ਵਿਚ ਬਦਲਾਓ ਜਰੂਰ ਲਿਆਊਂਗਾ ਮੈਂ।” ਉਹ ਜੋਸ਼ ਵਿਚ ਭਰਪੂਰ ਸੀ। ਮੈਨੂੰ ਯਾਦ ਹੈ, ਗੁਰਟੇਕ ਸਿੰਘ ਦੀ ਰਿਟਾਇਰਮੈਂਟ ਉਤੇ ਪ੍ਰੋਗਰਾਮ ਹੋਇਆ ਘੁੱਦੂ ਵਾਲੇ ਤੇ ਰਾਮੂਵਾਲੀਆ ਵੀ ਆਇਆ, ਬਰਾੜ ਸਾਹਬ ਵੀ ਬੋਲੇ,ਮੈਂ ਵੀ ਭਾਸ਼ਣ ਦਿੱਤਾ। ਬਰਾੜ ਸਾਹਬ ਨੇ ਉਥੇ ਵੀ ਗੁਰਟੇਕ ਨੂੰ ਮਾਇਕ ਉਤੇ ਬੋਲਕੇ ਦੁਹਾਈ ਪਾਈ, “ਤੈਂ ਨੌਕਰੀ ਛਡਤੀ, ਨਾ ਛਡਦਾ, ਸਿਰ ਬਾਹਾਂ ਚ ਦੇ ਦੇ ਰੋਏਂਗਾ।” ਉਹ ਵਿਚਾਰਾ ਸੱਚੀਓਂ ਰੋਂਦਾ ਰਿਹਾ ਸੀ, ਹੁਣ ਆਮ ਆਦਮੀ ਪਾਰਟੀ ਵਿਚ ਰਲਕੇ ਚੁੱਪ ਕਰਿਆ ਹੈ। ਲੋਕ ਭਲਾਈ ਪਾਰਟੀ ਨੇ ਰੁਵਾਇਆ ਸੀ ਤੇ ਆਸ਼ਾ ਕਰਦਾਂ ਕਿ ਆਮ ਆਦਮੀ ਪਾਰਟੀ ਵਾਰੇ ਨਿਆਰੇ ਕਰ ਦੇਵੇਗੀ ਉਹਦੇ!!
(ਜਾਰੀ)