10.2 C
United Kingdom
Saturday, April 19, 2025

More

    ਪੰਜਾਬ ਦੇ ਸਾਬਕਾ ਡੀ.ਜੀ.ਪੀ (ਜੇਲਾਂ) ਪਦਮ ਸ਼੍ਰੀ ਮੁਹੰਮਦ ਇਜ਼ਹਾਰ ਆਲਮ ਨੂੰ ਅੱਜ ਕੀਤਾ ਜਾਵੇਗਾ ਸਪੁਰਦ-ਏ-ਖਾਕ

    ਨਮਾਜ ਜੋਹਰ ਉਪਰੰਤ 1:30 ਵਜੇ ਰੋਜ਼ਾ ਸ਼ਰੀਫ ਸਰਹਿੰਦ ਦੇ ਕਬਰਸਤਾਨ ਵਿਖੇ ਕੀਤਾ ਜਾਵੇਗਾ ਸਪੁਰਦ-ਏ-ਖਾਕ
    ਮਲੇਰਕੋਟਲਾ, 6 ਜੁਲਾਈ (ਪੰਜ ਦਰਿਆ ਬਿਊਰੋ)-ਪੰਜਾਬ ਦੇ ਸਾਬਕਾ ਡੀ.ਜੀ.ਪੀ ਜੇਲਾਂ ਅਤੇ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਪਦਮ ਸ਼੍ਰੀ ਜਨਾਬ ਮੁਹੰਮਦ ਇਜ਼ਹਾਰ ਆਲਮ ਸਾਹਿਬ (73) ਦਾ ਅੱਜ ਸਵੇਰੇ ਸਾਢੇ 8 ਵਜੇ ਦੇ ਕਰੀਬ ਉਨ੍ਹਾਂ ਦੀ ਚੰਡੀਗੜ੍ਹ ਦੇ ਸੈਕਟਰ 42 ਵਿਖੇ ਸਥਿਤ ਰਿਹਾਇਸ਼ਗਾਹ ‘ਤੇ ਇੰਤਕਾਲ (ਦਿਹਾਂਤ) ਹੋ ਗਿਆ ਹੈ।ਆਲਮ ਸਾਹਿਬ ਦੇ ਪੀ.ਏ. ਗੁਰਮੇਲ ਸਿੰਘ ਨੇ ‘ਅਜੀਤ’ ਨੂੰ ਉਪਰੋਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਲਮ ਸਾਹਿਬ ਰੌਜ਼ਾਨਾ ਵਾਂਗ ਅੱਜ ਸਵੇਰੇ ਜਦੋਂ ਆਪਣੀ ਚੰਡੀਗੜ੍ਹ ਵਿਚਲੀ ਰਿਹਾਇਸ਼ ‘ਤੇ ਬੈਠੇ ਸਨ ਤਾਂ ਅਚਾਨਕ ਸ਼ੂਗਰ ਵਧ ਜਾਣ ਕਾਰਨ ਆਲਮ ਸਾਹਿਬ ਦੀ ਸਿਹਤ ਬਿਗੜ ਗਈ।ਮੌਕੇ ‘ਤੇ ਹੀ ਮੌਜੂਦ ਆਲਮ ਸਾਹਿਬ ਦੇ ਜਵਾਈ ਡਾਕਟਰ ਜ਼ਫਰ ਇਕਬਾਲ (ਫੋਰਟਿਸ ਹਸਪਤਾਲ) ਮੁਹਾਲੀ ਨੇ ਜਦੋਂ ਉਨ੍ਹਾਂ ਦਾ ਡਾਕਟਰੀ ਮੁਆਇਨਾ ਕੀਤਾ ਤਾਂ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਤੁਰੰਤ ਫੋਰਟਿਸ ਹਸਪਤਾਲ ਤੋਂ ਆਪਣੇ ਸਾਥੀ ਡਾਕਟਰਾਂ ਦੀ ਟੀਮ ਅਤੇ ਐਂਬੂਲੈਂਸ ਬੁਲਾਈ। ਸਥਿਤੀ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਦੀ ਟੀਮ ਆਲਮ ਸਾਹਿਬ ਤੁਰੰਤ ਫੋਰਟਿਸ ਹਸਪਤਾਲ ਲੈ ਕੇ ਪੁੱਜੀ ਜਿੱਥੇ ਜਾਂਚ ਉਪਰੰਤ ਡਾਕਟਰਾਂ ਦੀ ਟੀਮ ਨੇ ਸਵੇਰੇ ਸਾਢੇ 8 ਵਜੇ ਦੇ ਕਰੀਬ ਆਲਮ ਸਾਹਿਬ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਡਾਕਟਰਾਂ ਦੀ ਟੀਮ ਮੁਤਾਬਕ ਆਲਮ ਸਾਹਿਬ ਦੀ ਅਚਾਨਕ ਸ਼ੂਗਰ ਵੱਧ ਜਾਣ  ਕਾਰਨ ਉਨ੍ਹਾਂ ਨੂੰ ਹਾਰਟ ਅਟੈਕ (ਦਿਲ ਦਾ ਦੌਰਾ) ਪੈ ਗਿਆ ਸੀ, ਜੋ ਉਨ੍ਹਾਂ ਦੀ ਮੌਤ ਦਾ ਕਾਰਨ ਬਣਿਆ ਹੈ।ਜ਼ਿਕਰਯੋਗ ਹੈ ਕਿ ਆਲਮ ਸਾਹਿਬ ਜਿੱਥੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਨ ਉਥੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਫਰਜ਼ਾਨਾ ਆਲਮ ਸਾਹਿਬਾ ਪਿਛਲੀ ਅਕਾਲੀ ਭਾਜਪਾ ਸਰਕਾਰ ‘ਚ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੀ ਨੁਮਾਇੰਦਗੀ ਕਰਦੇ ਹੋਏ ਪੰਜਾਬ ਦੇ ਸੰਸਦੀ ਸਕੱਤਰ ਰਹਿ ਚੁੱਕੇ ਹਨ।ਪਰਿਵਾਰਕ ਸੁਤਰਾਂ ਮੁਤਾਬਕ ਆਲਮ ਸਾਹਿਬ ਦੀ ਨਮਾਜ਼-ਏ-ਜਨਾਜ਼ਾ ਕੱਲ 7 ਜੁਲਾਈ ਦਿਨ ਬੁੱਧਵਾਰ ਨੂੰ ਦੁਪਹਿਰ ਬਾਅਦ ਨਮਾਜ ਜੋਹਰ 1:30 ਵਜੇ ਦੇ ਕਰੀਬ ਰੋਜ਼ਾ ਸ਼ਰੀਫ ਸਰਹਿੰਦ ਦੇ ਕਬਰਸਤਾਨ ਜਿਲਾ ਫਤਿਹਗੜ ਸਾਹਿਬ ਵਿਖੇ ਪੜ੍ਹਣ ਉਪਰੰਤ ਉੱਥੇ ਹੀ ਆਲਮ ਸਾਹਿਬ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ।ਆਲਮ ਸਾਹਿਬ ਦੇ ਦਿਹਾਂਤ ਦੀ ਖਬਰ ਅੱਜ ਸਵੇਰੇ ਜਿਉਂ ਹੀ ਮਲੇਰਕੋਟਲਾ ‘ਚ ਪੁੱਜੀ ਤਾਂ ਪੂਰੇ ਹਲਕੇ ‘ਚ ਸੋਗ ਦੀ ਲਹਿਰ ਦੌੜ ਗਈ ਅਤੇ ਮਲੇਰਕੋਟਲਾ ਦੇ ਸਾਰੇ ਸੋਸ਼ਲ ਮੀਡੀਆ ਗਰੁੱਪਾਂ ‘ਚ ਵੀ ਕਾਫੀ ਸਮਾਂ ਆਲਮ ਸਾਹਿਬ ਦੇ ਦੇਹਾਂਤ ਦੀਆਂ ਪੋਸਟਾਂ ਸ਼ੇਅਰ ਹੁੰਦੀਆਂ ਰਹੀਆਂ। ਆਲਮ ਸਾਹਿਬ ਦੇ ਅੱਜ ਅਚਾਨਕ ਹੋਏ ਦੇਹਾਂਤ ‘ਤੇ ਪੰਜਾਬ ਭਰ ਤੋਂ ਇਲਾਵਾ ਮਲੇਰਕੋਟਲਾ ਹਲਕੇ ਦੇ ਲੋਕਾਂ ‘ਚ ਵੀ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਕਿਉਂਕਿ ਮਲੇਰਕੋਟਲਾ ਹਲਕਾ ਇਕ ਕੀਮਤੀ ਹੀਰੇ ਤੋਂ ਵਾਂਝਾ ਹੋ ਗਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ, ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ.ਸੁਖਦੇਵ ਸਿੰਘ ਢੀਂਡਸਾ, ਸਾਬਕਾ ਵਿੱਤ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ,ਸ੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਸ.ਇਕਬਾਲ ਸਿੰਘ ਝੂੰਦਾਂ, ਹਾਜੀ ਤੁਫੈਲ ਮਲਿਕ, ਅਕਾਲੀ ਦਲ ਬਾਦਲ ਦੇ ਮਲੇਰਕੋਟਲਾ ਹਲਕਾ ਇੰਚਾਰਜ਼ ਮੁਹੰਮਦ ਓਬੈਸ, ਨੁਸਰਤ ਅਲੀ ਖਾਂ ਬੱਗਾ, ਚੌਧਰੀ ਅਬਦੁੱਲ ਗੱਫਾਰ (ਦੋਵੇਂ ਸਾਬਕਾ ਮੰਤਰੀ), ਪੰਜਾਬ ਵਕਫ ਬੋਰਡ ਦੇ ਸਾਬਕਾ ਸੀ.ਈ.ਓ. ਐਡਵੋਕੇਟ ਜ਼ੁਲਫਕਾਰ ਮਲਿਕ, ਸਾਬਕਾ ਚੇਅਰਮੈਨ ਮੁਹੰਮਦ ਸ਼ਮਸਾਦ, ਉੱਘੇ ਵਾਤਾਵਰਣ ਪ੍ਰੇਮੀ ਸ. ਇੰਦਰਜੀਤ ਸਿੰਘ ਮੁੰਡੇ, ਉੱਘੇ ਉਯੋਗਪਤੀ ਤੇ ਅਕਾਲੀ ਆਗੂ ਗਿਆਨੀ ਅਮਰ ਸਿੰਘ ਦਸ਼ਮੇਸ ਕੰਬਾਇਨਜ਼, ਅਕਾਲੀ ਦਲ ਸ਼ਹਿਰੀ ਸਰਕਲ-2 ਦੇ ਪ੍ਰਧਾਨ ਮੁਹੰਮਦ ਸ਼ਫੀਕ ਚੌਹਾਨ, ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਨੌਧਰਾਣੀ, ਆਸ਼ਿਫ ਕੁਰੈਸ਼ੀ ਪਿ੍ਰੰਸ, ਜਥੇਦਾਰ ਹਾਕਮ ਸਿੰਘ ਚੱਕ, ਜਥੇਦਾਰ ਤਰਸੇਮ ਸਿੰਘ ਭੂਦਨ, ਐਡਵੋਕੇਟ ਸੁਖਚੈਨ ਸਿੰਘ ਭੂਦਨ ਆਦਿ ਆਗੂਆਂ ਨੇ ਆਲਮ ਸਾਹਿਬ ਦੇ ਦੇਹਾਂਤ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਆਲਮ ਸਾਹਿਬ ਦੀ ਹਲਕਾ ਮਲੇਰਕੋਟਲਾ ਦੇ ਲੋਕਾਂ ਲਈ ਤੇ ਅਕਾਲੀ ਦਲ ਨੂੰ ਵੱਡੀ ਦੇਣ ਸੀ।ਆਲਮ ਸਾਹਿਬ ਦੇ ਚਲੇ ਜਾਣ ਨਾਲ ਆਲਮ ਪਰਿਵਾਰ ਸਮੇਤ ਸ੍ਰੋਮਣੀ ਅਕਾਲੀ ਦਲ ਨੂੰ ਅਤੇ ਹਲਕਾ ਮਾਲੇਰਕੋਟਲਾ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!