ਡਿਪਟੀ ਕਮਿਸ਼ਨਰ ਮਲੇਰਕੋਟਲਾ ਅੰਮਰਿਤ ਕੌਰ ਗਿੱਲ ਨੂੰ ਦਿੱਤਾ ਮੰਗ ਪੱਤਰ


ਮਲੇਰਕੋਟਲਾ, 6 ਜੁਲਾਈ (ਪੰਜ ਦਰਿਆ ਬਿਊਰੋ)-ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਮਲੇਰਕੋਟਲਾ ਵਿਖੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਮੁਜਾਹਰਾ ਕਰਦਿਆਂ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ।ਇਸ ਮੌਕੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਬੀਬਾ ਅੰਮਰਿਤ ਕੌਰ ਗਿੱਲ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ। ਇਸ ਮੌਕੇ ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬਿਨਾਂ ਤਨਖਾਹਾਂ ਤੋਂ ਨਿਗੂਣੇ ਜਿਹੇ ਭੱਤਿਆਂ ਤੇ ਕੋਰੋਨਾ ਮਹਾਂਮਾਰੀ ਦੌਰਾਨ 2020 ਤੋਂ ਲੈ ਕੇ ਅੱਜ ਤੱਕ ਫਰੰਟ ਲਾਇਨ ਤੇ ਜੀਰੋ ਗਰਾਊਂਡ ਤੇ ਕੋਵਿਡ ਦੇ ਅਨੇਕਾਂ ਹੀ ਕੰਮਾਂ ਜਿਵੇਂ ਘਰ-ਘਰ ਸਰਵੇ, ਹਰ ਵਰਗ, ਹਰ ਪਰਿਵਾਰ ਤੱਕ ਸਿੱਧਾ ਸੰਪਰਕ ਕਰਨਾ, ਸੈਂਪਲਿੰਗ ਕਰਵਾਉਣਾ, ਪੋਜੀਟਿਵ ਮਰੀਜਾਂ ਦਾ ਫਾਲੋ ਅਪ ਕਰਨਾ, ਫਤਿਹ ਕਿੱਟ ਦੇ ਕੇ ਆਉਣੀ, ਮਰੀਜਾਂ ਦੀ ਪਲਸ ਅਤੇ ਆਕਸੀਜਨ ਚੈਕ ਕਰਨਾ ਅਤੇ ਟੀਕਾਕਰਨ 100 ਫੀਸਦ ਦੇਣ ਵਿਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ।ਪਰ ਅਫਸੋਸ ਹੈ ਕਿ ਉਹਨਾਂ ਦੀ ਇਕ ਵੀ ਮੰਗ ਪੰਜਾਬ ਸਰਕਾਰ ਵਲੋਂ ਪੂਰੀ ਨਾ ਕਰਨ ਕਾਰਨ ਪੰਜਾਬ ਦੀਆਂ ਵਰਕਰਾਂ ਵਿਚ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ।ਜਿਸ ਕਾਰਨ 2 ਦਿਨਾਂ ਕਲਮਛੋੜ ਹੜਤਾਲ ਕੀਤੀ ਗਈ।ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਫੇਰ ਵੀ ਉਹਨਾਂ ਦੀ ਕੋਈ ਸੁਣਵਾਈ ਨਾ ਕੀਤੀ ਗਈ 20 ਜੁਲਾਈ ਤੋਂ ਸਤੰਬਰ 2021 ਤੱਕ ਪੰਜਾਬ ਦੇ ਜਿਲਾ ਪੱਧਰ ਤੇ ਕੰਮਛੋੜ ਰੈਲੀਆਂ ਕੀਤੀਆਂ ਜਾਣਗੀਆਂ।ਇਸੇ ਉਪਰੰਤ ਸੂਬਾ ਪੱਧਰੀ ਰੈਲੀ ਪਟਿਆਲਾ ਵਿਖੇ ਕਰਕੇ ਆਪਣੀਆਂ ਮੰਗਾਂ ਲਈ ਰੋਸ ਮਾਰਚ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਮੰਗ ਪੱਤਰ ਦਿੰਦਿਆਂ ਯੂਨੀਅਨ ਦੇ ਆਗੂਆਂ ਨੇ ਅੱਗੇ ਗੱਲਬਾਤ ਕਿਹਾ ਕਿ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ 4 ਹਜਾਰ ਰੁਪਏ ਮਹੀਨਾ+ਇਨਸੈਂਟਿਵ ਦਿੱਤਾ ਜਾਵੇ।ਆਸ਼ਾ ਫੈਸਿਲੀਟੇਟਰਾਂ ਨੂੰ ਫਿਕਸ 4 ਹਜਾਰ ਰੁਪਏ ਹਰ ਮਹੀਨੇ+500 ਰੁਪਏ ਪਰ ਟੂਰ ਦਿੱਤਾ ਜਾਵੇ।ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ 15 ਹਜਾਰ ਰੁਪਏ ਘੱਟ ਤੋਂ ਘੱਟ ਹਰੇਕ ਮਹੀਨੇ ਲਈ ਲਾਗੂ ਕੀਤਾ ਜਾਵੇ।ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ।ਡਿਊਟੀ ਦੌਰਾਨ ਹਾਦਸਾ ਗਰਸਤ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ ਕਰਮਚਾਰੀਆਂ ਦੀ ਤਰਾਂ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ। ਆਸ਼ਾ ਫੈਸਿਲੀਟੇਟਰਾਂ ਨੂੰ ਸੀ.ਐਚ.ਓ ਦੀ (ਟੀਮ ਬੇਸਿਡ) ਦੇ ਇਨਸੈਂਨਟਿਵ ਦੀ ਪੇਮੈਂਟ ਹਰ ਮਹੀਨੇ ਦਿੱਤੀ ਜਾਵੇ।ਆਂਗਨਵਾੜੀ ਸੈਂਟਰਾਂ ਦੀ ਤਰਾਂ ਪਿੰਡਾਂ ਵਿਚ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਲਈ ਸੈਂਟਰ ਬਣਾਏ ਜਾਣ।ਗਰਮੀਆਂ/ਸਰਦੀਆਂ ਦੀਆਂ ਵਰਦੀਆਂ ਦਾ ਭੁਗਤਾਨ ਛਮਾਹੀ ਕਰਨਾ ਯਕੀਨੀ ਬਣਾਇਆ ਜਾਵੇ।ਏ.ਐਨ.ਐਮ ਦਾ ਟੈਸਟ ਕਲੀਅਰ ਕਰ ਚੁੱਕੀਆਂ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਅਤੇ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਦੀ ਹਾਜਰੀ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਮਨਜੀਤ ਕੌਰ ਖਾਲਸਾ ਲਸੋਈ ਜਿਲਾ ਪਰਧਾਨ ਸੰਗਰੂਰ, ਭੋਲੀ ਬਲਾਕ ਪਰਧਾਨ ਮਲੇਰਕੋਟਲਾ, ਹਰਪਰੀਤ ਕੌਰ ਬਲਾਕ ਪਰਧਾਨ ਫਤਿਹਗੜ ਪੰਜਗਰਾਈਆਂ, ਸੀਨੀਅਰ ਮੀਤ ਪਰਧਾਨ ਰਫੀਆ, ਸਰਬਜੀਤ ਕੌਰ ਕੈਸ਼ੀਅਰ ਲਾਂਗੜੀਆਂ, ਜਗਜੀਤ ਕੌਰ ਸੀਨੀਅਰ ਮੀਤ ਪਰਧਾਨ ਫਤਿਹਗੜ ਪੰਜਗਰਾਈਆਂ, ਕਰਮਜੀਤ ਕੌਰ ਭੁੱਲਰਾਂ ਭੁੱਲਰਾਂ ਪਰਧਾਨ ਅਮਰਗੜ, ਹਰਦੀਪ ਕੌਰ ਜਨਰਲ ਸਕੱਤਰ ਅਮਰਗੜ, ਕੁਲਵਿੰਦਰ ਕੌਰ, ਗੁਰਪਰੀਤ ਕੌਰ, ਰੀਆ, ਬਲਵੰਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰਾਂ ਨੇ ਰੋਸ ਮੁਜਾਹਰੇ ਵਿਚ ਸ਼ਮੂਲੀਅਤ ਕੀਤੀ।ਇਸ ਮੌਕੇ ਡੀਐਸਪੀ ਮਲੇਰਕੋਟਲਾ ਵਿਲੀਅਮ ਜੇਜੀ ਦੀ ਅਗਵਾਈ ਹੇਠ ਸੁਰੱਖਿਆ ਦੇ ਪੁਖਤਾ ਪਰਬੰਧ ਕੀਤੇ ਗਏ।