
ਸੂਰਜ ਦੀਆਂ ਕਿਰਨਾਂ ਵਾਂਗ
ਹਸੂੰ ਹਸੂੰ ਕਰਦੇ ਚਿਹਰੇ ਨਾਲ
ਮਹਿਕਾਂ ਖਿੰਡਾਉਂਦੀ, ਘਰ ਨੂੰ ਮਹਿਕਾਉਂਦੀ
ਪਿਆਰੀ ਅੰਮੜੀ।
ਸਾਰਾ ਦਿਨ ਘਰ ਦੇ ਕੰਮ ਕਰਦੀ
ਝੱਟ ਆਪਣੀ ਥਕਾਨ ਨੂੰ ਲਕੋ ਲੈਣ ਵਾਲੀ,
ਸਾਡੀ ਥਕਾਨ ਹਰਨ ਲਈ
ਪੋਲੇ ਪੋਲੇ ਹੱਥਾਂ ਨਾਲ
ਸਾਡੇ ਵਾਲਾਂ ਵਿਚ ਤੇਲ ਲਗਾਉਂਦੀ
ਪਿਆਰੀ ਅੰਮੜੀ।
ਚੁੱਪਚਾਪ ਸਭ ਦੀਆਂ ਸੁਣਦੀ,
ਕਦੇ ਆਪਣੀ ਨਾ ਸੁਣਾਉਂਦੀ।
ਕਦੇ ਨਾ ਰੁੱਸਦੀ
ਪਰ ਰੁੱਸਿਆਂ ਨੂੰ ਮਨਾਉਂਦੀ।
ਕਦੇ ਸਾਡੇ ਕੁਮਲਾਏ ਚਿਹਰਿਆਂ ਨੂੰ ਤੱਕ ਕੇ
“ਸਿਰ ਘੁੱਟ ਦਿਆਂ ਪੁੱਤ” ਕਹਿੰਦੀ,
ਜ਼ਿੰਦਗੀ ਦੀ ਤਲਖ਼ ਗਰਮੀ ਵਿਚ
ਮੀਂਹ ਦੀਆਂ ਕਣੀਆਂ ਵਾਂਗ
ਦਿਲ ਨੂੰ ਠੰਡ ਪਹੁੰਚਾਉਂਦੀ
ਪਿਆਰੀ ਅੰਮੜੀ।
ਕੰਮਕਾਜ ਕਰਦੀ
ਕਦੇ ਕੋਈ ਪੁਰਾਣਾ ਗੀਤ ਗਾ ਕੇ
ਆਪੇ ਹੀ ਮੁਸਕਾਉਂਦੀ,
ਕਦੇ ਮੱਥੇ ਵੱਟ ਨਾ ਪਾਉਂਦੀ।
ਤੜਕੇ ਉੱਠਕੇ ਗੁਰਬਾਣੀ ਪੜ੍ਹਦੀ,
ਸਾਰੇ ਜੀਆਂ ਲਈ ਅਰਦਾਸ ਕਰਦੀ,
ਹਰ ਵੇਲੇ ਸਾਡੇ ਲਈ ਸੁੱਖਾਂ ਸੁੱਖਦੀ,
ਸਾਡੀ ਰੱਖਿਆ ਲਈ ਰੱਬ ਨੂੰ ਮਨਾਉਂਦੀ
ਪਿਆਰੀ ਅੰਮੜੀ।
‐ ਅਮਨਜੀਤ ਜੌਹਲ