
ਨਿੰਦਰ ਘੁਗਿਆਣਵੀ
ਬਲਵੰਤ ਸਿੰਘ ਰਾਮੂਵਾਲੀਏ ਨੇ ਆਪਣੀ ਬਣਾਈ ਲੋਕ ਭਲਾਈ ਪਾਰਟੀ ਵਲੋਂ ਫਰੀਦਕੋਟ ਤੋਂ ਆਪਣਾ ਉਮੀਦਵਾਰ ਗੁਰਟੇਕ ਸਿੱਧੂ ਨੂੰ ਐਲਾਨ ਦਿੱਤਾ। ਗੁਰਟੇਕ ਪਿੰਡਾਂ ‘ਚ ਗੇੜੇ ਕੱਢਣ ਲੱਗਿਆ ਤਾਂ ਬਰਾੜ ਸਾਹਬ ਨੂੰ ਲੋਕਾਂ ਨੇ ਆਖਿਆ ਕਿ ਚੁੱਪ ਨਾ ਬੈਠੋ। ਇਕ ਦਿਨ ਬੱਬੂ ਦਾ ਫੋਨ ਆਇਆ, “ਬਰਾੜ ਸਾਹਬ ਯਾਦ ਕਰਦੇ ਆਜਾ, ਜਾਂ ਆਕੇ ਲੈਜੀਏ ਪਿੰਡੋਂ।” ਮੈਂ ਪੁੱਜਿਆ। ਆਖਣ ਲੱਗੇ, “ਟੇਕਾ ਆਪਾਂ ਨੂੰ ਖਰਾਬ ਕਰੂ, ਆਪਾਂ ਰਾਮੂਵਾਲੀਏ ਕੋਲ ਚੱਲੀਏ ਪੁੱਤ।” ਇਹ ਸੁਣ ਮੈਂ ਸੋਚੀਂ ਪੈ ਗਿਆ। “ਕੀ ਸੋਚਦਾਂ ਬੇਟਾ?” ਉਨਾ ਮੇਰੀ ਚੁੱਪ ਤੋੜੀ। “ਅੰਕਲ ਜੀ, ਓਹ ਗੁਰਟੇਕ ਇੱਜਤ ਬੜੀ ਕਰਦਾ ਤੇ ਆਖੂ ਮੇਰੀ ਟਿਕਟ ਕਟਾਉਣ ਜਾ ਵੜਿਆ ਤੇ ਅਗਾਂਹ ਵੀ ਬਲਵੰਤ ਸਿੰਘ ਰਾਮੂਵਾਲੀਆ ਦਾ ਕੀ ਪਤੈ, ਕੀ ਬੋਲੂ, ਕੁਹਾੜੇ ਜਿੱਡਾ ਮੂੰਹ ਐਂ?”
ਮੈਂ ਜਿਗਰਾ ਜਿਹਾ ਕਰਕੇ ਆਖਿਆ ਤਾਂ ਬਰਾੜ ਸਾਹਬ ਘੂਰੀ ਵੱਟਕੇ ਬੋਲੇ, “ਚੰਗਾ ਫੇ ਬੇਟਾ, ਟੇਕੇ ਕੋਲ ਜਾਹ, ਜਾਂਦਾ ਰਹਿ ਉਹਦੇ ਨਾਲ ਪਿੰਡਾਂ ‘ਚ, ਪਿਓ ਆਵਦੇ ਨੂੰ ਛਡਦੇ, ਤੇ ਜਾਹ ਟੇਕੇ ਕੋਲੇ, ਠੀਕ ਆ ਬੇਟਾ, ਕੋਈ ਨਾ, ਧੰਨਵਾਦ ਐ ਤੇਰਾ।”
ਉਨਾਂ ਦੀ ਅਵਾਜ ਭਰੜਾਈ ਤੇ ਮੇਰੇ ਵੀ ਦੋ ਹੰਝੂ ਵਹਿ ਤੁਰੇ। “ਮੈਂ ਕੀ ਲੈਣਾ ਉਹਤੋਂ ਚਾਚਾ, ਨਰਾਜ ਹੋਗੇ ਐਵੇਂ ਤੁਸੀਂ, ਆਪਾਂ ਚੱਲਾਂਗੇ,ਦੱਸੋ ਕਦੋਂ ਜਾਣੈ?” ਨਾਲ ਹੀ ਮੈਂ ਇਹ ਵੀ ਆਖਿਆ ਕਿ ਸਿੱਧੇ ਰਾਮੂਵਾਲੀਏ ਕੋਲ ਜਾਣ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ, ਬਾਪੂ ਪਾਰਸ ਪਿੰਡ ਆਇਆ ਹੋਇਆ ਟੋਰਾਂਟੋ ਤੋਂ। ਪਹਿਲਾਂ ਬਾਪੂ ਕੋਲੇ ਚਲਦੇ ਆਂ ਤੇ ਬਾਪੂ ਬਲਵੰਤ ਨੂੰ ਫੋਨ ਕਰੂ ਬਾਪੂ, ਫੇਰ ਉਹਦੇ ਕੋਲ ਚਲਜਾਂਗੇ ਆਪਾਂ।
ਇਉਂ ਪ੍ਰੋਗਰਾਮ ਬਣਿਆ ਤੇ ਦੂਸਰੇ ਦਿਨ ਅਸੀਂ ਸਾਝਰੇ ਹੀ ਰਾਮੂਵਾਲੇ ਜਾ ਵੱਜੇ। ਬਾਪੂ ‘ਨਵਾਂ ਜਮਾਨਾ’ ਅਖਬਾਰ ਪੜੀ ਜਾਂਦਾ ਸੀ। ਸਾਨੂੰ ਆਏ ਵੇਖਕੇ ਖੁਸ਼ ਹੋ ਗਿਆ, “ਕਹਿੰਦਾ, ਬਰਾੜਾ ਤੂੰ ਮੈਨੂੰ ਬਾਹਲਾ ਚੰਗਾ ਲਗਦੈ ਐਂ ਪਰ ਜਦੋਂ ਦਾ ਟੋਰਾਂਟੋ ਘਰੇ ਆਕੇ ਮਿਲ ਕੇ ਗਿਆ ਐਂ ਓਦਣ ਦਾ ਹੋਰ ਵੀ ਚੰਗਾ ਚੰਗਾ ਲੱਗਣ ਲੱਗ ਪਿਆਂ ਤੇ ਅੱਜ ਆਕੇ ਤਾਂ ਬਾਹਲਾ ਈ ਚੰਗਾ ਕੀਤਾ, ਕੀੜੀ ਘਰ ਨਰੈਣ ਆਏ ਆ, ਚਾਹ ਬਣਦੀ ਆ ਤੇ ਦੱਸੋ ਅੱਜ ਕਿਵੇ ਦਰਸ਼ਨ ਦਿੱਤੇ ਆ ਤੇ ਆਹ ਸਾਡਾ ਘੁਗਿਆਣਵੀ ਕਿਥੋਂ ਟੱਕਰ ਪਿਆ ਅੱਜ।” ਮੈਂ ਬਾਪੂ ਦੇ ਕੰਨ ਕੋਲ ਮੂੰਹ ਕਰਕੇ (ਉੱਚਾ ਸੁਣਦਾ ਹੋਣ ਕਾਰਣ) ਬਾਪੂ ਨੂੰ ਸਾਰੀ ਗੱਲ ਸਮਝਾਈ ਤੇ ਵਿਚ ਵਿਚ ਬਰਾੜ ਸਾਹਬ ਵੀ ਬਾਪੂ ਦੇ ਕੰਨ ਨੇੜੇ ਮੂੰਹ ਕਰਕੇ ਬੋਲਦੇ ਰਹੇ। ਗੱਲ ਸੁਣਕੇ ਬਾਪੂ ਬੋਲਿਆ, “ਮੰਨਣਾ ਤਾਂ ਉਹਨੇ ਹੈਨੀ ਪਰ ਫੋਨ ਕਰੇ ਬਿਨਾ ਮੈਥੋਂ ਵੀ ਨੀ ਰਹੀਦਾ, ਲਿਆ ਘੁਗਿਆਣਵੀ ਫੜਾ ਫੋਨ ਓਏ।” ਮੈਂ ਘਰ ਵਾਲਾ ਫੋਨ ਫੜਿਆ ਤੇ ਬਾਪੂ ਨੇ ਮੂੰਹ ਜੁਬਾਨੀ ਆਪਣੇ ਲਾਡਲੇ ਪੁੱਤ ਰਾਮੂਵਾਲੀਏ ਨੰਬਰ ਬੋਲ ਦਿੱਤਾ। ਮੈਂ ਫੋਨ ਮਿਲਾ ਕੇ ਫੜਾਇਆ। ਰਾਮੂਵਾਲੀਏ ਨੇ ” ਹੈਲੋਅ” ਆਖੀ ਤਾਂ ਬਾਪੂ ਗੱਜਿਆ,” ਓ ਬਲਵੰਤ,ਤੇਰਾ ਭਰਾ ਈ ਆ ਅਵਤਾਰ ਬਰਾੜ ਫਰੀਦਕੋਟ ਆਲਾ ਤੇ ਘੁਗਿਆਣਵੀ ਆਪਣਾ ਬੱਚਾ, ਏਹੇ ਆਉਂਦੇ ਆ ਤੇਰੇ ਕੋਲੇ, ਤੇ ਇਨਾਂ ਦੀ ਗੱਲ ਅਣਸੁਣੀ ਨਾ ਕਰੀਂ, ਦੱਸ ਕਿੱਥੇ ਮਿਲੇਂਗਾ ਇਨਾਂ ਨੂੰ?” ਰਾਮੂਵਾਲੀਏ ਨੇ ਪੈਲਿਸ ਦਾ ਨਾਂ ਦੱਸਿਆ ਤਾਂ ਬਾਪੂ ਕਹਿੰਦਾ, “ਲੈ ਆਹ ਘੁਗਿਆਣਵੀ ਨੂੰ ਈ ਦਸਦੇ ਸਾਰਾ ਕੁਛ।”
ਮੈਂ ਫੋਨ ਫੜਿਆ ਤਾਂ ਰਾਮੂਵਾਲੀਆ ਬੋਲਦਾ ਹੈ, “ਕਿਵੇਂ ਹੱਲਾ ਬੋਲਤਾ ਸਵੇਰੇ ਸਵੇਰੇ, ਤੁਸੀਂ ਇਉਂ ਕਰਿਓ,ਪੱਖੋਵਾਲ ਰੋਡ ਉਤੇ ਆਜਿਓ ਕਰੈਸਟਿਲ ਪੈਲਸ ‘ਚ– ਇਕ ਮੰਗਣੀ ਉਤੇ ਜਾਣਾ ਮੈਂ, ਤੇ ਉਥੇ ਮਿਲ ਲਾਂਗੇ।” ਬਰਾੜ ਸਾਹਬ ਆਖਣ ਲੱਗੇ, ” ਚਲ ਚਲ, ਜਿਥੇ ਵੀ ਬੁਲਾਉਂਦਾ ਐ ਆਪਾਂ ਚਲੇ ਚਲਦੇ ਆਂ।” ਮੈਂ ਪੈਲਿਸ ਦਾ ਨਾਂ ਦੱਸਿਆ ਤਾਂ ਬਰਾੜ ਸਾਹਬ ਨੇ ਕਾਰ ਵਿਚ ਬਹਿ ਕੇ ਭਾਗ ਸਿੰਘ ਵਾਲੇ ਜਸਵੀਰ ਸੰਧੂ ਦੇ ਮੁੰਡੇ ਦੇ ਵਿਆਹ ਵਾਲਾ ਕਾਰਡ ਖੋਲ ਲਿਆ। ਕਹਿੰਦੇ ਕਿ ਆਪਾਂ ਏਥੇ ਵੀ ਜਾਣਾ ਅੱਜ ਪੰਜ ਕੁ ਮਿੰਟ।
ਮੈਂ ਪੜਕੇ ਕਿਹਾ, ” ਇਹ ਤਾਂ ਉਹੀ ਪੈਲਿਸ ਆ ਜਿਥੇ ਰਾਮੂਵਾਲੀਆ ਬੁਲਾ ਰਿਹਾ ਚਾਚਾ।” ਬਰਾੜ ਸਾਹਬ ਖੁਸ਼ ਹੋਗੇ, ਤੇ ਥੋੜਾ ਉਤਸ਼ਾਹ ਜਿਹੇ ਵਿਚ ਵੀ ਦਿਸਣ ਲੱਗੇ। ਕਹਿੰਦੇ, “ਲੈ ਫੇਰ ਤਾਂ ਸੌਖਾ ਹੋ ਗਿਆ ਐ ਆਪਾਂ ਨੂੰ ਪੁੱਤਰਾ ਤੇ ਨਾਲੇ ਕਈ ਹੋਰ ਮਿਲ ਜਾਣੇ ਆਂ ਓਥੇ ਪਰ ਗੁਰਟੇਕ ਵਾਲੀ ਗੱਲ ਆਪਾਂ ਉਹਦੇ ਨਾਲ ਪਾਸੇ ਲਿਜਾ ਕੇ ਕਰਨੀ ਆਂ ਪੁੱਤ।”
ਬਰਾੜ ਸਾਹਬ ਦੀ ਅੱਖ ਲੱਗ ਗਈ।
ਮੈਂ ਨਾਲ ਬੈਠਾ ਸੋਚ ਰਿਹਾ ਸਾਂ ਕਿ ਏਹ ਜੀਵਨ ਤੇ ਕੈਰੀਅਰ ਦਾ ਕੈਸਾ ਚੱਕਰ ਹੈ? ਕੈਸੀ ਖੇਡ ਖਿਡਾਈ ਹੈ ਏਹ!
ਇੱਕ ਹੰਢੇ ਹੋਏ ਤੇ ਆਮ ਘਰੋਂ ਉਠੇ, ਅਧਿਆਪਕ ਆਗੂ ਤੋਂ ਠੋਕਰਾਂ ਖਾ ਖਾ ਨੇਤਾ ਬਣੇ ਭਲੇ ਜਿਹੇ ਇਮਾਨਦਾਰ ਬੰਦੇ ਨੂੰ ਆਪਣੀ ਸਿਆਸੀ ਹੋਂਦ ਬਚਾਉਣ ਵਾਸਤੇ ਕੀ ਕੀ ਵੇਲਣ ਵੇਲਣੇ ਪੈ ਰਹੇ ਨੇ। ਨਾਲ ਬੈਠੇ ਬੈਠੇ ਈ ਮੈਨੂੰ ਬਾਘੇ ਮੱਲਕਿਆਂ ਵਾਲੇ ਵਲੋਂ ਟੋਰਾਂਟੋ ਉਹਦੇ ਘਰੇ ਬੈਠਿਆਂ ਸੁਣਾਈ ਗੱਲ ਚੇਤੇ ਆ ਗਈ। ਬਾਘਾ ਦੱਸਦਾ ਸੀ, “ਇਕ ਵਾਰ ਫਰੀਦਕੋਟ ਗੇਮਾਂ ਹੋਈਆਂ। ਬਰਾੜ ਸਾਹਬ ਮੁੱਖ ਮਹਿਮਾਨ ਸੀ ਤੇ ਆਥਣੇ ਕਹਿੰਦੇ ਕਿ ਬਾਘੇ ਬੇਟਾ ਮੇਰੇ ਕੋਲ ਕਦੇ ਨੀ ਰਿਹਾ ਤੂੰ, ਅੱਜ ਮੇਰੇ ਕੋਲ ਰਹਿਣਾ ਐਂ।” ਬਾਘਾ,ਅਮਰਜੀਤ ਦਿਓਲ ਤੇ ਵੀਰੂ ਉਨਾ ਪਾਸ ਰਹੇ। ਦਿਓਲ ਪੁੱਛਦਾ ਕਿ ਬਰਾੜ ਸਾਹਬ ਇਹ ਦੱਸੋ ਵਈ ਕੋਠੀ ਐਨ ਨਹਿਰ ਦੀ ਪਟੜੀ ਉਤੇ ਹੀ ਕਿਉਂ ਬਣਾਈ ਤੁਸੀਂ? ਬਰਾੜ ਸਾਹਬ ਬੋਲੇ, ” ਭਾਈ, ਸਾਰੀ ਉਮਰ ਇਮਾਨਦਾਰੀ ‘ਚ ਈ ਕਢਤੀ ਐ, ਜੇ ਫੇਰ ਵੀ ਕੋਈ ਦਾਗ ਦੂਗ ਲੱਗ ਗਿਆ ਤਾਂ ਏਸੇ ਨਹਿਰ ‘ਚ ਹੀ ਛਾਲ ਮਾਰਜੂੰ,ਆਪੇ ਬੱਬੂ ਲੱਭ ਲਿਆਊਗਾ ਕਿਤੋਂ ਗਿੱਲੇ ਗੁਆਚੇ ਨੂੰ।” ਇਹ ਗੱਲ ਸੁਣ ਕੋਈ ਨਾ ਹੱਸਿਆ। ਪੀਤੇ ਪੈੱਗ ਲੱਥ ਚੁੱਕੇ ਸਨ ਤੇ ਨਵੇਂ ਪੈਗ ਪਾਏ ਜਾ ਰਹੇ ਸਨ।
ਬਾਘੇ ਦੀ ਸੁਣਾਈ ਗੱਲ ਯਾਦ ਕਰਦਿਆਂ ਮੇਰਾ ਵੀ ਮਨ ਭਰਿਆ ਤੇ ਮੈਂ ਇੱਕ ਟਕ ਬਰਾੜ ਸਾਹਬ ਵੱਲ ਵੇਖਿਆ। ਉਹ ਸੌਂ ਰਹੇ ਸਨ। ਸਾਡੀ ਕਾਰ ਲੁਧੇਹਾਣੇ ਵੱਲ ਨੂੰ ਦੌੜੀ ਜਾ ਰਹੀ ਸੀ।
(ਚਲਦਾ) Note: (ਇਹ ਫੋਟੋ ਬਾਊ ਬਲਦੇਵ ਰਾਜ ਤੇ ਬਾਊ ਵਲੈਤੀ ਰਾਮ ਹੁਰਾਂ ਨਾਲ ਉਨਾ ਦੇ ਬੇਟੇ ਰੰਜੀਵ ਕੁਮਾਰ ਦੇ ਵਿਆਹ ਵੇਲੇ ਦੀ ਹੈ, ਬਰਾੜ ਸਾਹਬ ਤੇ ਹਰਚਰਨ ਸਿੰਘ ਹੀਰੋ ਮਿਲਣੀ ਕਰ ਰਹੇ ਨੇ)