3.8 C
United Kingdom
Friday, March 6, 2026

More

    ਬਾਬਾ ਮਿੱਠਾ ਤੇ ਪੂਜਾ

    ਬਾਬੇ ਮਿੱਠੇ ਨੂੰ ਅਧਰੰਗ ਦਾ ਅਟੈਕ ਆ ਗਿਆ ਤੇ ਕੋਕਰੀ ਵਾਲੇ ਡਾਕਟਰ ਤੋਂ ਟੀਕੇ ਲੁਆ ਕੇ ਠੀਕ ਹੋ ਗਿਆ। ਮੁੰਡਿਆਂ ਨੇ ਬਾਬੇ ਨੂੰ ਕੰਮ ਤੋਂ ਰਿਟਾਇਰ ਕਰ ਦਿੱਤਾ। ਆਪਣੇ ਪਿੰਡਾਂ ਵਿੱਚ ਬਜ਼ੁਰਗਾਂ ਕੋਲ ਵਿਹਲਾ ਸਮਾਂ ਲੰਘਾਉਣ ਲਈ ਦੋ ਹੀ ਰਸਤੇ ਹੁੰਦੇ ਹਨ। ਇੱਕ ਤਾਸ਼ ਦੀ ਢਾਣੀ ਤੇ ਦੂਜਾ ਕਿਸੇ ਧਾਰਮਿਕ ਅਸਥਾਨ ਤੇ ਸੇਵਾ, ਬਾਬੇ ਨੂੰ  ਤਾਸ਼ ਤੇ ਤਾਸ਼ ਖੇਡਣ ਵਾਲੇ ਵਿਉ ਵਰਗੇ ਲਗਦੇ ਸਨ ਇਸ ਕਰਕੇ ਗੁਰੂ ਘਰ ਨਾਲ ਜੁੜ ਗਿਆ। ਸਾਰਾ ਦਿਨ ਸੇਵਾ ਚ ਲੱਗਿਆ ਰਹਿੰਦਾ ਰਾਤ ਨੂੰ ਬਾਹਰਲੇ ਘਰੇ ਪਸੂਆਂ ਕੋਲ ਸੌਂ ਜਾਂਦਾ। ਇੱਕ ਦਿਨ ਗੁਰਦੁਆਰੇ ਕੋਈ ਅਨਾਊਂਸਮੈਂਟ ਕਰਵਾਉਣ ਆਇਆ ਤਾਂ ਭਾਈ ਜੀ ਹੈ ਨਹੀਂ ਸੀ। ਬਾਬਾ ਮਿੱਠਾ ਉਸ ਨੂੰ ਬੁਲਾਉਣ ਗਿਆ ਤਾਂ ਉਹ ਕਹਿੰਦਾ, “ਬਾਬਾ ਸਪੀਕਰ ਔਨ ਕਰਕੇ ਤੂੰ ਹੀ ਬੋਲ ਦੇਅ ਜੋ ਬੋਲਣਾ। ਉਸੇ ਦਿਨ ਤੋਂ ਬਾਬਾ ਮਿੱਠਾ ਅਨਾਊਂਸਰ ਬਣ ਗਿਆ। ਗੜਕਵੀਂ ਅਵਾਜ਼ ਸੀ ਲੋਕਾਂ ਨੇ ਬਹੁਤ ਪਸੰਦ ਕੀਤੀ। ਪਿੰਡ ਦੇ ਨਿੱਕੇ ਮੋਟੇ ਹੋਕਿਆਂ ਤੋਂ ਬਿਨਾਂ ਪਿੰਡ ਚ ਸੇਲ ਤੇ ਸਮਾਨ ਵੇਚਣ ਵਾਲਿਆਂ ਦੀ ਵੀ ਬਾਬਾ ਮਿੱਠਾ ਅਨਾਊਂਸਮੈਂਟ ਕਰਦਾ। ਬਦਲੇ ਵਿੱਚ ਵੀਹ ਪੰਜਾਹ ਰੁਪਏ ਬਾਬੇ ਦੇ ਖੀਸੇ ਵਿੱਚ ਪਾ ਜਾਂਦੇ। ਸਾਡੇ ਅੱਜ ਦੇ ਡਿਪਟੀ ਸਪੀਕਰ ਅਜੈਬ ਭੱਟੀ ਬਿਲਾਸਪੁਰੀਏ ਦਾ ਵੱਡਾ ਭਰਾ ਸਦਾਜੀਤ ਭੱਟੀ ਇੱਕ ਵਾਰ ਸਾਡੇ ਹਲਕੇ ਤੋਂ ਅਸੈਂਬਲੀ ਚੋਣ ਲੜ ਰਿਹਾ ਸੀ ਟਾਈਮਪੀਸ ਚੋਣ ਨਿਸ਼ਾਨ ਥੱਲੇ। ਉਸ ਵੇਲੇ ਉਨ੍ਹਾਂ ਵੀ ਬਾਬੇ ਮਿੱਠੇ ਦੀ ਅਵਾਜ਼ ਨੂੰ ਆਪਣੇ ਚੋਣ ਪ੍ਰਚਾਰ ਲਈ ਵਰਤਿਆ।             

    ਪਿੰਡ ਵਿੱਚ ਯੂ ਪੀ ਵੱਲ ਦੇ ਬਾਣੀਏ ਨੇ ਬਾਬੇ ਮਿੱਠੇ ਦੇ ਬਾਹਰਲੇ ਘਰ ਦੇ ਨਾਲ ਲੱਗਦੇ ਮਕਾਨ ਵਿੱਚ ਕਰਿਆਨੇ ਦੀ ਹੱਟੀ ਪਾ ਲਈ। ਮੂਹਰਲੀ ਬੈਠਕ ਵਿੱਚ ਦੁਕਾਨ ਤੇ ਪਿਛਲੇ ਦੋ ਕਮਰਿਆਂ ਵਿੱਚ ਆਪਣੇ ਦੋ ਬੱਚਿਆਂ ਤੇ ਪਤਨੀ ਪੂਜਾ ਨਾਲ ਰਿਹਾਇਸ਼ ਕਰ ਲਈ। 25/26 ਕੁ ਸਾਲ ਦੀ ਪੂਜਾ ਬਹੁਤ ਖ਼ੂਬਸੂਰਤ ਜਨਾਨੀ ਸੀ ਤੇ ਓਦਾਂ ਵੀ ਖ਼ੁਸ਼ ਤਬੀਅਤ ਵਾਲੀ। ਪਿੰਡ ਦੇ ਮਨਚਲੇ ਚੋਬਰ ਤੇ ਠਰਕੀ ਬੁੱਢੇ ਹੱਟੀ ਦੀ ਸੇਲ ਵਧਾਉਂਦੇ ਰਹਿੰਦੇ ਜਦ ਤੱਕ ਪੂਜਾ ਹੱਟੀ ਤੇ ਬੈਠੀ ਹੁੰਦੀ। ਬਾਣੀਏ ਨੂੰ ਹਫਤੇ ਦਸ ਦਿਨ ਲਈ ਆਪਣੇ ਪਿੰਡ ਜਾਣਾ ਪੈ ਗਿਆ ਤੇ ਜਾਣ ਲੱਗਾ ਬਾਬੇ ਮਿੱਠੇ ਨੂੰ ਕਹਿ ਗਿਆ ਕਿ, “ਮੈਂ ਕੁੱਝ ਦਿਨਾਂ ਲਈ ਪਿੰਡ ਜਾ ਰਿਹਾ ਹਾਂ ਪਿੱਛੇ ਬੱਚਿਆਂ ਦਾ ਧਿਆਨ ਰੱਖਣਾ।” ਗਰਮੀਆਂ ਦੇ ਦਿਨ ਸਨ ਰਾਤ ਨੂੰ ਬਾਬਾ ਆਪਣੇ ਵਿਹੜੇ ਵਿੱਚ ਮੰਜਾ ਡਾਹ ਲੈਂਦਾ ਤੇ ਛੋਟੀ ਜਿਹੀ ਕੰਧ ਦੇ ਦੂਜੇ ਪਾਸੇ ਪੂਜਾ ਬੱਚਿਆਂ ਨਾਲ ਮੱਛਰਦਾਨੀ ਲਾ ਕੇ ਪੈ ਜਾਂਦੀ।ਇਕ ਰਾਤ ਨੂੰ ਮਡੀਹਰ  ਨੇ ਪੂਜਾ ਦੇ ਘਰ  ‘ਚ ਰੋੜੇ ਮਾਰੇ ਤੇ ਬੂਹਾ ਭੰਨਿਆ। ਪੂਜਾ ਤੇ ਬੱਚੇ ਡਰ ਗਏ। ਬੂਹਾ ਖੜਕਣ ਨਾਲ ਬਾਬੇ ਦੀ ਵੀ ਅੱਖ ਖੁੱਲ੍ਹ ਗਈ। ਬਾਬੇ ਨੇ ਬਾਹਰ ਨਿਕਲ ਕੇ ਪੰਜ ਸੱਤ ਗਾਲ਼ਾਂ ਵੀ ਕੱਢੀਆਂ ਤੇ ਪੂਜਾ ਨੂੰ ਬੇਫਿਕਰੀ ਨਾਲ ਸੌਣ ਦੀ ਤਕੀਦ ਕੀਤੀ। ਦੂਜੀ ਰਾਤ ਮਡੀਹਰ ਨੇ ਫਿਰ ਓਹੀ ਕਾਂਡ ਕੀਤਾ। ਸਵੇਰੇ ਗੁੱਸੇ ਵਿੱਚ ਬਾਬਾ ਗੁਰਦੁਆਰੇ ਗਿਆ ਤੇ ਮਾਇਕ ਫੜ੍ਹ ਕੇ ਮਡੀਹਰ ਨੂੰ ਸੂਚਿਤ ਕਰਨ ਲੱਗਾ, ਜਿਸ ਨਾਲ ਬਹੁਤ ਗੜਬੜ ਹੋ ਗਈ ਕਿਉਂਕਿ ਸੂਚਨਾਂ ਦੇਣ ਵੇਲੇ ਸ਼ਬਦਾਂ ਦਾ ਹੇਰ ਫੇਰ ਹੋ ਗਿਆ। ਜਿਸ ਕਰਕੇ ਬਾਬਾ ਅੱਜ ਤੱਕ ਵੀ ਪਿੰਡ ਵਿੱਚ ਯਾਦ ਕੀਤਾ ਜਾਂਦਾ ਹੈ। ਸੂਚਨਾ ਇਊਂ ਸੀ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਨਗਰ ਨਿਵਾਸੀਓ ਇਕ ਸੂਚਨਾ ਸੁਣੋ, ਇਹ ਸੂਚਨਾ ਪਿੰਡ ਦੇ ਮੁਸ਼ਟੰਡਿਆਂ ਵਾਸਤੇ ਆ ਜਿਹੜੇ ਪੂਜਾ ਲਾਲੀ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਅੱਧੀ ਰਾਤ ਨੂੰ। ਮੈਂ ਸਾਰਿਆਂ ਨੂੰ ਦੱਸ ਦੇਵਾਂ ਕਿਤੇ ਇਹ ਨਾ ਸਮਝਿਓ ਕਿ ਥੋਡਾ ਪਤਾ ਨਹੀਂ ਕਿ ਤੁਸੀਂ ਕਿੰਨਾਂ ਕਿੰਨਾਂ ਦੇ ਛੋਕਰੇ ਹੋ। ਮੈਨੂੰ ਕੱਲੇ ਕੱਲੇ ਦਾ ਪਤਾ ਆ। ਥੋਨੂੰ ਦੱਸ ਦੇਵਾਂ ਲਾਲਾ ਭਾਵੇਂ ਆਪਣੇ ਦੇਸ਼ ਨੂੰ ਗਿਆ ਹੋਇਆ ਪਰ ਲਾਲੀ ਨੂੰ ਕੱਲੀ ਨਾ ਸਮਝਿਓ। ਰਾਤ ਨੂੰ ਮੈਂ ਲਾਲੀ ਦੇ ਨਾਲ ਹੀ ਸੁੱਤਾ ਪਿਆ ਹੁੰਨਾ। “
    ਅਮਰ ਮੀਨੀਆਂ, ਗਲਾਸਗੋ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!