
ਪੰਜਾਬ ਦੇ ਪ੍ਰੋਫਾਰਮੈਂਸ ਗਰੇਡਿੰਗ ਇੰਡੈਕਸ ਦਾ ਕੁਹਜ ਨੰਗਾ ਹੋਇਆ
ਨਿਹਾਲ ਸਿੰਘ ਵਾਲਾ 8 ਜੂਨ (ਜਗਵੀਰ ਆਜ਼ਾਦ)
ਮੁੱਖ ਮੰਤਰੀ ਦੇ ਸ਼ਹਿਰ ਰੁਜ਼ਗਾਰ ਦਾ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ ਨੰਗਾ ਚਿੱਟਾ ਸਰਕਾਰੀ ਜਬਰ ਹੈ ਜਿਹੜਾ ਬੇਰੁਜ਼ਗਾਰਾਂ ਦੀ ਆਵਾਜ਼ ਬੰਦ ਕਰਕੇ ਹੱਕਾਂ ਹਿਤਾਂ ਦੀ ਲੜ੍ਹਾਈ ਨੂੰ ਦਬਾਉਣ ਜਿਹੀਆਂ ਲੋਕ ਵਿਰੋਧੀ ਨੀਤੀਆਂ ਦਾ ਪ੍ਰਤੀਕ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਤਿਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਅਮਨਦੀਪ ਮਾਛੀਕੇ ਤੇ ਸਕੱਤਰ ਹੀਰਾ ਸਿੰਘ ਢਿੱਲੋਂ,ਜ਼ਿਲ੍ਹਾ ਕਮੇਟੀ ਮੈਂਬਰ ਸੁਖਮੰਦਰ ਨਿਹਾਲ ਸਿੰਘ ਵਾਲਾ ਨੇ ਮੋਤੀ ਮਹਿਲ ਵੱਲ ਵਧਦੇ ਬੇਰੁਜ਼ਗਾਰ ਅਧਿਆਪਕਾਂ ਤੇ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਰਾਜ ਸੱਤਾ ਵਿੱਚ ਆਈ ਕੈਪਟਨ ਸਰਕਾਰ ਹੁਣ ਰੁਜ਼ਗਾਰ ਦੇਣ ਦੀ ਬਜਾਏ ਲਾਠੀ, ਗੋਲੀ ਦੀ ਨੀਤੀ ਤੇ ਉੱਤਰ ਆਈ ਹੈ।ਜਿਹੜੀ ਰੁਜ਼ਗਾਰ ਖੋਹ ਕੇ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚਣ ਵੱਟਣ ਜਿਹੇ ਕਾਲੇ ਮਨਸੂਬਿਆਂ ਨੂੰ ਜੱਗ ਜ਼ਾਹਰ ਕਰਦੀ ਹੈ।ਸਰਕਾਰ ਦੇ ਅਜਿਹੇ ਕਦਮਾਂ ਦੀ ਤਿੱਖੀ ਆਲੋਚਨਾ ਕਰਦਿਆਂ ਬਲਾਕ ਆਗੂਆਂ ਜੱਸੀ ਹਿੰਮਤਪੁਰਾ, ਜਸਵੀਰ ਸੈਦੋਕੇ, ਸੁਖਜੀਤ ਕੁੱਸਾ ਨੇ ਆਖਿਆ ਕਿ ਮੀਡੀਆ ਵਿੱਚ ਨਿੱਤ ਰੋਜ਼ ਵਿਕਾਸ ਦੇ ਝੂਠੇ ਦਾਅਵੇ ਕਰਦੇ ਲੱਖਾਂ ਰੁਪਏ ਦੇ ਇਸ਼ਤਿਹਾਰ ਦੇਣ ਵਾਲੀ ਸਰਕਾਰ ਬੇਰੁਜ਼ਗਾਰਾਂ ਨੂੰ ਸੜਕਾਂ ਤੇ ਰੋਲ ਰਹੀ ਹੈ।ਆਗੂਆਂ ਨੇ ਆਖਿਆ ਕੈਪਟਨ ਹਕੂਮਤ ਆਪਣੇ ਧਨਾਢ ਵਿਧਾਇਕਾਂ,ਮੰਤਰੀਆਂ ਦੇ ਧੀਆਂ ਪੁੱਤਰਾਂ ਨੂੰ ਨੌਕਰੀਆਂ ਦੇਣ ਲਈ ਪੱਬਾਂ ਭਰ ਹੈ ਪਰ ਕਾਬਲ ਤੇ ਯੋਗ ਬੇਰੁਜ਼ਗਾਰ ਅਧਿਆਪਕਾਂ ਨੂੰ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਹੈ।ਅਧਿਆਪਕ ਆਗੂਆਂ ਨੇ ਪੰਜਾਬ ਦੀਆਂ ਬੇਰੁਜ਼ਗਾਰ ਅਧਿਆਪਕ ਧੀਆਂ ਤੇ ਪਟਿਆਲੇ ਦੀ ਮਰਦਾਨਾ ਪੁਲਿਸ ਵੱਲੋਂ ਕੀਤੀ ਖਿੱਚ ਧੂਹ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਦੀ ਮੋਦੀ ਹਕੂਮਤ ਦੀ ਤਰਜ਼ ਤੇ ਰੁਜ਼ਗਾਰ ਖੋਹ ਕੇ ਨਿੱਜੀਕਰਨ ਦੀਆਂ ਨੀਤੀਆਂ ਨਾਲ ਦੀ ਲੁੱਟ ਦਾ ਰਾਹ ਪੱਧਰਾ ਕਰਨਾ ਲੋਕ ਹਿਤਾਂ ਨਾਲ ਸਿੱਧਾ ਧ੍ਰੋਹ ਹੈ।ਆਗੂਆਂ ਨੇ ਸਪੱਸ਼ਟ ਕੀਤਾ ਕਿ ਅਧਿਆਪਕਾਂ ਦੀ ਲਾਮਬੰਦੀ ਕਰਕੇ ਸਰਕਾਰ ਦੀ ਤਾਨਾਸ਼ਾਹੀ ਤੇ ਸਿੱਖਿਆ ਵਿਰੋਧੀ ਨੀਤੀਆਂ ਦਾ ਜੁਆਬ ਦਿੱਤਾ ਜਾਵੇਗਾ।ਜਥੇਬੰਦੀ ਦੇ ਆਗੂਆਂ ਨੇ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਤੁਰੰਤ ਰਿਹਾ ਕਰਨ ਤੇ ਲਾਠੀਚਾਰਜ਼ ਕਰਵਾਉਣ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਮੇਂ ਗੁਰਮੀਤ ਝੋਰੜਾਂ ਜ਼ਿਲ੍ਹਾ ਵਿੱਤ ਸਕੱਤਰ ,ਕੁਲਵਿੰਦਰ ਸਿੰਘ, ਨਵਦੀਪ ਧੂੜਕੋਟ , ਹਰਪ੍ਰੀਤ ਰਾਮਾਂ ਆਦਿ ਅਧਿਆਪਕ ਆਗੂ ਹਾਜ਼ਰ ਸਨ ।