ਜਰਨੈਲ ਸਿੰਘ ਘੋਲੀਆ, ਅਮਰੀਕਾ
ਜਿਹੜਿਆਂ ਬਾਗਾਂ ‘ਚ ਕੋਇਲ ਕੂਕਦੀ ਸੀ ਹੁੰਦੀ,
ਲਗਦਾ ਏ ਸਣੇ ਮਾਲੀ ਬਾਗ ਸੌਂ ਗਏ।
ਡੀ ਜੇ ਦੀ ਖੁੱਲ੍ਹ, ਬਾਣੀ ਗੁਰੂ ਘਰੋਂ ਬੰਦ ਹੋ ਗਈ,
ਜਿੰਦਗੀ ‘ਚੋਂ ਸੁਬ੍ਹਾ ਵਾਲੇ ਰਾਗ ਸੌਂ ਗਏ।

ਘਰ ਘਰ ਸੱਥਰ ਵਿਛਾਤੇ ਬਲੈਕੀਆਂ ਨੇ,
ਰੋ ਰੋ ਕੇ ਮਾਂਵਾਂ ਦੇ ਵੈਰਾਗ ਸੌਂ ਗਏ।
ਮੱਥਿਓ ਸੰਧੂਰ ਲੱਥੇ ਬਾਹਾਂ ਵਿੱਚੋਂ ਚੂੜੇ ਟੁੱਟੇ,
ਚਿੱਟਾ ਲੀੜਾ ਤਾਣ ਕੇ ਸੁਹਾਗ ਸੌਂ ਗਏ।
ਪਾਣੀਆਂ ਦੇ ਮਾਲਕਾਂ ਦੇ ਬੁੱਲਾਂ ਉੱਤੇ ਸਿੱਕਰੀ ਹੈ,
ਨੇਤਾ ਖਾ ਕੇ ਲਾਲਚਾਂ ਦਾ ਸਾਗ ਸੌ ਗਏ।
ਅਟਕ ਵੀ ਜਿੰਨਾਂ ਨੂੰ ਅਟਕਾ ਨਾ ਸਕਿਆ ਸੀ,
ਰਾਜ ਦੀਆਂ ਤਾਂਗਾਂ ਉਹ ਤਿਆਗ ਸੌਂ ਗਏ।
ਸੁੱਤ ਨੀਂਦਿਆਂ ਨੇ ਵੋਟਾਂ ਪਾਈਆਂ ਜਦੋਂ ਉੱਲੂਆਂ ਨੂੰ,
ਦਿਨ ਚੜੇ ਉਹ ਰਾਤਾਂ ਜਾਗ ਸੌ ਗਏ।
ਹੁਣ ਨੀ ਕੋਈ ਫੈਦਾ ਚਾਹੇ ਰੋਈ ਚਾਹੇ ਪਿੱਟੀ ਚੱਲੋ,
ਪੰਜ ਸਾਲ ਹੁਣ ਥੋਡੇ ਭਾਗ ਸੌਂ ਗਏ।
ਮੱਠੀ ਪੈਗੀ ਚਾਲ ਲੋਕ ਲਹਿਰਾਂ ਵਾਲੇ ਕਾਫਲੇ ਦੀ,
ਰਾਹ ਦਿਸਿਆਰੇ ਲੈ ਕੇ ਦਾਗ ਸੌਂ ਗਏ।
ਘੋਲੀਏ ਦਾ ਜਰਨੈਲ ਮਾੜਾ ਮਾੜਾ ਊਂਘਦਾ ਏ,
ਮਾਰਦੇ ਘਰਾੜੇ ਸਾਡੇ ਘਾਗ ਸੌਂ ਗਏ।