10.2 C
United Kingdom
Saturday, April 19, 2025

More

    ਜਨਤਕ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ 25 ਅਪ੍ਰੈਲ ਨੂੰ ਕਰਨ ਦਾ ਐਲਾਨ

    ?ਕਣਕ ਦੀ ਖਰੀਦ, ਰਾਸ਼ਨ ਦੀ ਵੰਡ ਤੇ ਸਿਹਤ ਸੇਵਾਵਾਂ ਦੇ ਕੌਮੀਕਰਨ ਆਦਿ ਮੰਗਾਂ

    ਮੋਗਾ (ਪੰਜ ਦਰਿਆ ਬਿਊਰੋ)

    ਕਣਕ ਦੀ ਖਰੀਦ, ਰਾਸ਼ਨ ਦੀ ਵੰਡ, ਕਰੋਨਾ ਤੋਂ ਬਚਾਓ, ਹੋਰਨਾ ਰੋਗੀਆਂ ਦਾ ਇਲਾਜ ਕਰਨ ਤੇ ਮੈਡੀਕਲ ਸਟਾਫ਼ ਨੂੰ ਬਚਾਓ ਕਿੱਟਾਂ ਦੇਣ ਆਦਿ ਮਾਮਲਿਆਂ ‘ਚ ਕੇਂਦਰ ਤੇ ਸੂਬਾਈ ਸਰਕਾਰ ਦੇ ਨਕਾਮ ਰਹਿਣ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣ ਦੇ ਰੋਸ ਵਜੋਂ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਤੇ ਬਿਜਲੀ ਕਾਮਿਆਂ, ਠੇਕਾ ਮੁਲਾਜ਼ਮਾਂ, ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ 16 ਜਥੇਬੰਦੀਆਂ ਵੱਲੋਂ 25 ਅਪ੍ਰੈਲ ਨੂੰ ਸਵੇਰੇ 7 ਵਜੇ ਤੋਂ 8 ਵਜੇ ਦਰਮਿਆਨ ਪੰਜਾਬ ਭਰ ‘ਚ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਜਾਣਕਾਰੀ ਇਹਨਾਂ ਜਥੇਬੰਦੀਆ ਦੀ ਹੋਈ ਸਾਂਝੀ ਮੀਟਿੰਗ ਤੋਂ ਬਾਅਦ ਜੋਗਿੰਦਰ ਸਿੰਘ ਉਗਰਾਹਾਂ, ਰਾਜਵਿੰਦਰ ਸਿੰਘ, ਜਗਰੂਪ ਸਿੰਘ ਤੇ ਲਛਮਣ ਸਿੰਘ ਸੇਵੇਵਾਲਾ ਵੱਲੋਂ ਜਾਰੀ ਕੀਤੇ ਇੱਕ ਬਿਆਨ ਰਾਹੀਂ ਦਿੰਦਿਆਂ ਦੱਸਿਆ ਕਿ ਬਿਮਾਰੀ ਤੋਂ ਬਚਾਓ ਨੂੰ ਮੁੱਖ ਰੱਖਦੇ ਹੋਏ ਸਰੀਰਕ ਦੂਰੀ ਬਣਾਕੇ ਰੱਖਣ ਲਈ ਇਹ ਪ੍ਰਦਰਸ਼ਨ ਕੋਠਿਆਂ ਉੱਤੇ ਚੜ੍ਹ ਕੇ ਹੀ ਕੀਤਾ ਜਾਵੇਗਾ। ਇਹਨਾਂ ਆਗੂਆਂ ਨੇ ਆਖਿਆ ਕਿ ਲਾਕਡਾਊਨ ਤੇ ਕਰਫਿਊ ਦੇ ਤਿੰਨ ਹਫ਼ਤੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਕੇਂਦਰ ਤੇ ਸੂਬਾ ਸਰਕਾਰ ਲੋੜਵੰਦਾਂ ਨੂੰ ਰਾਸ਼ਨ ਦੇਣ, ਕਰੋਨਾ ਸਬੰਧੀ ਟੈਸਟ ਕਰਨ, ਮੈਡੀਕਲ ਸਟਾਫ਼ ਨੂੰ ਬਚਾਓ ਕਿੱਟਾਂ ਦੇਣ, ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਨਾਉਣ ਤੇ ਕਣਕ ਦੀ ਖਰੀਦ ਕਰਨ ਆਦਿ ਮਾਮਲਿਆਂ ‘ਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈਆਂ ਹਨ। ਉਹਨਾਂ ਦੱਸਿਆ ਕਿ ਇਸ ਪ੍ਰਦਰਸ਼ਨ ਦੌਰਾਨ ਮੰਗ ਕੀਤੀ ਜਾਵੇਗੀ ਕਿ ਕਿਸਾਨਾਂ ਦੇ ਘਰਾਂ ‘ਚੋਂ ਹੀ ਕਣਕ ਦੀ ਖਰੀਦ ਨੂੰ ਯਕੀਨੀ ਬਣਾ ਕੇ 48 ਘੰਟਿਆਂ ‘ਚ ਅਦਾਇਗੀ ਕੀਤੀ ਜਾਵੇ, ਸਭਨਾਂ ਲੋੜਵੰਦਾਂ ਨੂੰ ਪੂਰਾ ਰਾਸ਼ਨ ਤੇ ਜ਼ਰੂਰੀ ਵਰਤੋਂ ਦੀਆਂ ਵਸਤਾਂ ਮੁਫ਼ਤ ਮੁਹੱਈਆਂ ਕਰਾਈਆਂ ਜਾਣ, ਕਰੋਨਾ ਤੋਂ ਬਚਾਓ ਲਈ ਵੱਡੇ ਪੱਧਰ ਤੇ ਟੈਸਟ ਕੀਤੇ ਜਾਣ, ਮੈਡੀਕਲ ਸਟਾਫ਼ ਨੂੰ ਬਚਾਓ ਕਿੱਟਾਂ ਦਿੱਤੀਆਂ ਜਾਣ, ਸਭਨਾਂ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ ‘ਚ ਲੈ ਕੇ ਸਿਹਤ ਵਿਭਾਗ ਸਮੇਤ ਸਭਨਾਂ ਵਿਭਾਗਾਂ ਦੇ ਠੇਕਾ ਮੁਲਾਜ਼ਮ ਪੱਕੇ ਕੀਤੇ ਜਾਣ, ਲੋਕ ਵਲੰਟੀਅਰਾਂ ਦੀ ਅਥਾਹ ਸ਼ਕਤੀ ਨੂੰ ਸੇਵਾ ਸੰਭਾਲ ਲਈ ਹਰਕਤ ਵਿੱਚ ਲਿਆਕੇ ਪਾਸ ਜਾਰੀ ਕੀਤੇ ਜਾਣ, ਪੁਲਸ ਸਖਤੀ ਤੇ ਸਰਕਾਰੀ ਬੇਰੁੱਖੀ ਨੂੰ ਨੱਥ ਪਾਈ ਜਾਵੇ, ਮੁਲਾਜ਼ਮਾਂ ਦੀ ਤਨਖਾਹ ਕਟੌਤੀ ਰੱਦ ਕੀਤੀ ਜਾਵੇ, ਸਨਅਤੀ ਤੇ ਠੇਕਾ ਕਾਮਿਆਂ ਨੂੰ ਲਾਕਡਾਊਨ ਦੇ ਸਮੇਂ ਦੀ ਪੂਰੀ ਤਨਖਾਹ ਦੇਣ ਤੇ ਛਾਂਟੀ ਨਾ ਕਰਨ ਦਾ ਫੈਸਲਾ ਲਾਗੂ ਕੀਤਾ ਜਾਵੇ, ਸਭਨਾਂ ਕਿਰਤੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ, ਫਿਰਕੂ ਫਾਸ਼ੀ ਹਮਲੇ ਬੰਦ ਕਰਕੇ ਜਮਹੂਰੀ ਹੱਕਾਂ ਦੇ ਕਾਰਕੁੰਨ ਰਿਹਾਅ ਕੀਤੇ ਜਾਣ, ਵੱਡੇ ਉਦਯੋਗਪਤੀਆਂ ਤੇ ਭੂੰਮੀਪਤੀਆਂ ਤੇ ਮੋਟਾ ਟੈਕਸ ਲਾਇਆ ਜਾਵੇ ਅਤੇ ਖਜ਼ਾਨੇ ਦਾ ਮੂੰਹ ਲੋਕ ਸਮੱਸਿਆਵਾਂ ਦੇ ਹੱਲ ਲਈ ਖੋਲ੍ਹ ਕੇ ਹਥਿਆਰ ਖਰੀਦਣ ਦੇ ਸੌਦੇ ਰੱਦ ਕੀਤੇ ਜਾਣ। ਉਹਨਾਂ ਆਖਿਆ ਕਿ ਕਰੋਨਾ ਦੇ ਬਹਾਨੇ ਭਾਜਪਾ ਤੇ ਆਰ.ਐਸ.ਐਸ. ਦੀ ਹਕੂਮਤ ਮੁਸਲਮਾਨਾਂ ਖਿਲਾਫ਼ ਫਿਰਕੂ ਜਹਿਰ ਪਸਾਰਾ ਕਰਨ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਅਤੇ ਸੀ.ਏ.ਏ., ਐਨ.ਆਰ.ਸੀ. ਦੇ ਖਿਲਾਫ਼ ਸੰਘਰਸ਼ ਲੜਨ ਵਾਲੇ ਲੋਕਾਂ ਨੂੰ ਕੇਸਾਂ ‘ਚ ਉਲਝਾਕੇ ਗ੍ਰਿਫਤਾਰ ਕਰਨ ਦਾ ਕੁਕਰਮ ਕਰ ਰਹੀ ਹੈ। ਉਹਨਾਂ ਆਖਿਆ ਕਿ ਬੇਕਿਰਕ ਤੇ ਬੇਤਰਤੀਬੇ ਢੰਗ ਨਾਲ ਕੀਤੇ ਲਾਕਡਾਊਨ ਤੇ ਮੜ੍ਹੇ ਕਰਫਿਊ ਕਾਰਨ ਕਿਰਤੀ ਕਮਾਊ ਲੋਕ ਨਾ ਸਿਰਫ਼ ਖਾਧ ਖੁਰਾਕ ਦੀ ਤੋਟ ਹੰਢਾ ਰਹੇ ਹਨ ਸਗੋਂ ਹੋਰਨਾਂ ਬਿਮਾਰੀਆ ਤੋਂ ਪੀੜਤ ਰੋਗੀਆਂ ਦੇ ਇਲਾਜ ਦਾ ਕੋਈ ਬਦਲਵਾਂ ਪ੍ਰਬੰਧ ਨਾ ਕਰਨ ਸਦਕਾ ਅਨੇਕਾਂ ਲੋਕ ਤੜਫ਼ ਰਹੇ ਹਨ। ਉਹਨਾਂ ਆਖਿਆ ਕਿ ਲਾਕਡਾਊਨ ਤਾਂ ਕਰੋਨਾ ਤੋਂ ਬਚਾਓ ਦਾ ਇੱਕ ਮੁੱਢਲਾ ਕਦਮ ਹੈ ਪ੍ਰੰਤੂ ਵਿਆਪਕ ਪੱਧਰ ਤੇ ਟੈਸਟ ਕਰਨ, ਵੈਂਟੀਲੇਟਰਾਂ ਤੇ ਮਾਸਕਾਂ ਆਦਿ ਦਾ ਪ੍ਰਬੰਧ ਕਰਨ, ਘਰਾਂ ‘ਚ ਬੰਦ ਲੋਕਾਂ ਦੀਆਂ ਖਾਧ ਖੁਰਾਕ ਤੇ ਹੋਰਨਾਂ ਲੋੜਾਂ ਦੀ ਪੂਰਤੀ ਕਰਨ ਵਰਗੇ ਵੱਡੇ ਕਦਮ ਚੁੱਕੇ ਤੋਂ ਬਿਨਾਂ ਇਸ ਸੰਕਟ ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਪ੍ਰਦਰਸ਼ਨ ਦਾ ਸੱਦਾ ਦੇਣ ਵਾਲੀਆਂ ਜਥੇਬੰਦੀਆਂ ‘ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਟੈਕਸਟਾਈਲ ਹੌਜਰੀ ਕਾਮਗਰ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜ਼ਿ ਨੰ 31, ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ (ਲਲਕਾਰ), ਪੀ.ਐਸ.ਯੂ. (ਸ਼ਹੀਦ ਰੰਧਾਵਾ), ਟੈਕਨੀਕਲ ਸਰਵਿਸਜ਼ ਯੂਨੀਅਨ, ਨੌਜਵਾਨ ਭਾਰਤ ਸਭਾ, ਪੀ.ਐਸ.ਯੂ. (ਲਲਕਾਰ), ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ, ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਠੇਕਾ ਮੁਲਾਜ਼ਮ ਯੂਨੀਅਨ ਅਜ਼ਾਦ, ਪਾਵਰ ਕੌਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰ ਕੌਮ ਜੋਨ ਬਠਿੰਡਾ ਅਤੇ ਪੰਜਾਬ ਰੋਡਵੇਜ/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਸ਼ਾਮਲ ਹਨ।

    PUNJ DARYA

    Previous article
    Next article

    LEAVE A REPLY

    Please enter your comment!
    Please enter your name here

    Latest Posts

    error: Content is protected !!