
ਬੱਚੇ ਦੇ ਦਿਲ ਵਿੱਚ ਹੋਏ ਛੇਕ ਤੋਂ ਅਣਜਾਣ ਪਰਿਵਾਰ ਬੱਚੇ ਦਾ ਇਲਾਜ ਕਰਵਾਉਣ ਤੋਂ ਸੀ ਅਸਮਰੱਥ
*ਰਾਸ਼ਟਰੀ ਬਾਲ ਸਵਸਥ ਕਾਰਿਆਕ੍ਰਮ ਤਹਿਤ ਡੇਢ ਸਾਲਾ ਜੁਝਾਰ ਸਿੰਘ ਦਾ ਮੁਫ਼ਤ ਕੀਤਾ ਦਿਲ ਦਾ ਆਪ੍ਰੇਸ਼ਨ
ਚੋਹਲਾ ਸਾਹਿਬ/ਤਰਨਤਾਰਨ,5 ਜੂਨ (ਰਾਕੇਸ਼ ਨਈਅਰ) ਜੁਝਾਰ ਸਿੰਘ ਹੁਣ ਜੁਝਾਰੂ ਜ਼ਿੰਦਗੀ ਜੀਵੇਗਾ। ਮਹਿਜ਼ ਡੇਢ ਸਾਲ ਦੀ ਉਮਰ ਵਿੱਚ ਹੀ ਉਹ ਦਿਲ ਦੀ ਬਿਮਾਰੀ ਨਾਲ ਜੂਝਿਆ ਹੈ। ਪ੍ਰਮਾਤਮਾਂ ਨੇ ਉਸਨੂੰ ਨਵੀੰ ਜ਼ਿੰਦਗੀ ਦੀ ਬਖ਼ਸ਼ਿਸ਼ ਕੀਤੀ ਹੈ।ਹਾਲੇ ਮਸਾਂ ਸਾਲ ਦਾ ਹੀ ਹੋਇਆ ਸੀ ਕਿ ਡਾਕਟਰਾਂ ਨੇ ਨੁਕਸ ਲੱਭ ਲਿਆ।ਛਾਤੀ ਵਿੱਚੋੰ ਆਉੰਦੀ ਆਵਾਜ਼ ਮਾਮੂਲੀ ਨਹੀਂ ਸੀ। ਦਿਲ ਵਿੱਚ ਛੇਕ ਸੀ।ਜਦੋੰ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਇੱਕ ਵਾਰ ਤਾਂ ਪੈਰਾਂ ਹੇਠੋੰ ਜ਼ਮੀਨ ਨਿਕਲ ਗਈ। ਅੜੀ-ਥੁੜੀ ਖੇਤੀ ਨਾਲ ਪਰਿਵਾਰ ਪਾਲ ਰਿਹਾ ਨੰਨ੍ਹੇ ਜੁਝਾਰ ਦਾ ਪਿਤਾ ਪਿੰਡ ਰੱਤੋਕੇ ਨਿਵਾਸੀ ਰੇਸ਼ਮ ਸਿੰਘ ਫਿਕਰਾਂ ਵਿੱਚ ਡੁੱਬ ਗਿਆ ਕਿ ਉਹ ਇਲਾਜ ਲਈ ਕਿੱਥੇ ਜਾਵੇਗਾ ਤੇ ਪੈਸੇ ਕਿੱਥੋੰ ਲਿਆਵੇਗਾ।ਇਸ ਅਵਸਥਾ ਵਿੱਚ ਸੀਐੱਚਸੀ ਸਰਹਾਲੀ ਜੁਝਾਰ ਅਤੇ ਪਰਿਵਾਰ ਲਈ ਰੱਬ ਬਣ ਕੇ ਬਹੁੜੀ।ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਰਹਿਨੁਮਾਈ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੀਐੱਚਸੀ ਸਰਹਾਲੀ ਦੀ ਰਾਸ਼ਟਰੀ ਬਾਲ ਸਵਸਥ ਕਾਰਿਆਕ੍ਰਮ ਟੀਮ ਨੇ ਪਰਿਵਾਰ ਲਈ ਹੌੰਸਲੇ ਦੇ ਨਾਲ-ਨਾਲ ਰਾਹ ਦਸੇਰਾ ਵੀ ਬਣੀ। ਟੀਮ ਦੇ ਇੰਚਾਰਜ ਡਾ ਵਿਵੇਕ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਬਾਲ ਸਵਸਥ ਕਾਰਿਆਕ੍ਰਮ ਤਹਿਤ ਉਹਨਾਂ ਦੀ ਟੀਮ ਪਿੰਡ ਰੱਤੋਕੇ ਦੇ ਆਂਗਣਵਾੜੀ ਸੈੰਟਰ ਵਿੱਚ ਬੱਚਿਆਂ ਦਾ ਚੈੱਕਅਪ ਕਰਨ ਗਈ ਸੀ।ਜਦੋੰ ਜੁਝਾਰ ਸਿੰਘ ਦਾ ਚੈੱਕਅਪ ਕੀਤਾ ਤਾਂ ਛਾਤੀ ਵਿੱਚ ਕੁਝ ਦਿੱਕਤ ਮਹਿਸੂਸ ਕੀਤੀ ਗਈ।ਡਾ ਵਿਵੇਕ ਸ਼ਰਮਾ , ਡਾ ਮਨੀ , ਸਟਾਫ ਨਰਸ ਕਵਲਪ੍ਰੀਤ ਕੌਰ ਅਤੇ ਸਟਾਫ ਨਰਸ ਅਮਨ ਢਿੱਲੋੰ ਨੇ ਸਿਵਲ ਹਸਤਾਲ ਤਰਨ ਤਾਰਨ ਵਿਖੇ ਸਪੈਸ਼ਲਿਸਟ ਡਾਕਟਰ ਤੋੰ ਜੁਝਾਰ ਦੀ ਜਾਂਚ ਕਰਵਾਈ ਤਾਂ ਦਿਲ ਵਿੱਚ ਛੇਕ ਹੋਣ ਦੀ ਗੱਲ ਸਾਹਮਣੇ ਆਈ।ਸਿਵਲ ਹਸਪਤਾਲ ਵਿਖੇ ਰਾਸ਼ਟਰੀ ਬਾਲ ਸਵਸਥ ਕਾਰਿਆਕ੍ਰਮ ਦੀ ਜ਼ਿਲ੍ਹਾ ਕੁਆਰਡੀਨੇਟਰ ਮੈਡਮ ਰਜਨੀ ਵੱਲੋੰ ਮਰੀਜ਼ ਦੀ ਤੁਰੰਤ ਫਾਈਲ ਤਿਆਰ ਕਰਵਾ ਕੇ ਫੋਰਟਿਸ ਹਸਪਤਾਲ , ਮੋਹਾਲੀ ਤੋੰ ਆਪ੍ਰੇਸ਼ਨ ਕਰਵਾਇਆ। ਜੁਝਾਰ ਦੇ ਪਿਤਾ ਰੇਸ਼ਮ ਸਿੰਘ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਉੱਤੇ ਉਹਨਾ ਦਾ ਕੋਈ ਪੈਸਾ ਨਹੀ ਲੱਗਾ ਅਤੇ ਨਾ ਹੀ ਕਿਸੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।ਉਹਨਾਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਵਿਭਾਗ ਸਮੇੰ ਸਿਰ ਮੇਰੀ ਬਾਂਹ ਨਾ ਫੜ੍ਹਦਾ ਤਾਂ ਮੇਰੇ ਕੋਲੋੰ ਬੱਚੇ ਦਾ ਆਪ੍ਰੇਸ਼ਨ ਵੀ ਨਹੀੰ ਕਰਵਾਇਆ ਜਾ ਸਕਣਾ ਸੀ।