ਕਿਹਾ ; ਕੇਂਦਰ ਸਰਕਾਰ ਬਦਲੇ ਆਪਣਾ ਵਤੀਰਾ, ਮਹਿੰਗਾਈ ਨੂੰ ਵੀ ਪਾਈ ਜਾਵੇ ਨੱਥ

ਚੋਹਲਾ ਸਾਹਿਬ/ਤਰਨਤਾਰਨ,5 ਜੂਨ (ਨਈਅਰ)ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਸ਼ਨੀਵਾਰ ਨੂੰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁਢਾ ਵਲੋਂ ਚੋਹਲਾ ਸਾਹਿਬ ਦੇ ਗੁਰਦੁਆਰਾ ਪਾਤਸ਼ਾਹੀ ਪੰਜਵੀ ਵਿਖੇ ਇਕੱਠੇ ਹੋ ਕੇ ਮੰਦਸੋਰ (ਮੱਧਪ੍ਰਦੇਸ਼) ਵਿਖੇ ਸ਼ਹੀਦ ਹੋਏ ਛੇ ਕਿਸਾਨਾਂ ਦੀ ਚੌਥੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਇਥੋਂ ਦੀ ਸਬ ਤਹਿਸੀਲ ਦੇ ਮੂਹਰੇ ਕੇਂਦਰ ਸਰਕਾਰ ਵੱਲੋਂ ਬਣਾਏ ਹੋਏ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਆਗੂ ਪਰਗਟ ਸਿੰਘ ਚੰਬਾ ਅਤੇ ਬੁੱਧ ਸਿੰਘ ਰੂੜੀਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਹੋਏ ਕਾਲੇ ਕਾਨੂੰਨਾਂ ਨੂੰ ਇਕ ਸਾਲ ਪੂਰਾ ਹੋ ਚੁੱਕਾ ਹੈ ਅਤੇ ਉਦੋਂ ਤੋਂ ਸਰਕਾਰ ਖ਼ਿਲਾਫ਼ ਸੰਘਰਸ਼ ਲਗਾਤਾਰ ਜਾਰੀ ਹੈ।ਇਹ ਸੰਘਰਸ਼ ਪੰਜਾਬ ਤੋਂ ਸ਼ੁਰੂ ਹੋ ਕੇ ਸਾਰੇ ਭਾਰਤ ਵਿੱਚ ਫੈਲ ਚੁੱਕਾ ਹੈ। ਪਿਛਲੇ ਕੋਈ ਇੱਕ ਸੌ ਨੱਬੇ ਦਿਨਾਂ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਸੰਘਰਸ਼ ਨਿਰੰਤਰ ਜਾਰੀ ਹੈ ਅਤੇ ਲੋਕ ਠੰਡ,ਗਰਮੀ,ਹਨੇਰੀ,ਬਾਰਿਸ਼ ਦੀ ਪ੍ਰਵਾਹ ਨਾ ਕਰਦਿਆਂ ਅੰਦੋਲਨ ਵਿੱਚ ਡਟੇ ਹੋਏ ਹਨ ਪਰ ਕੇਂਦਰ ਦੀ ਸਰਕਾਰ ਬੇਸ਼ਰਮੀ ਅਤੇ ਢੀਠਤਾਈ ਦੀਆਂ ਸਭ ਹੱਦਾਂ ਪਾਰ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਅਜੇ ਵੀ ਆਪਣਾ ਵਤੀਰਾ ਨਾ ਬਦਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਪਰੋਂ ਸਰਕਾਰ ਨੇ ਮਹਿੰਗਾਈ ਦੀ ਹੱਦ ਪਾਰ ਕਰ ਦਿੱਤੀ ਹੈ।ਇਸ ਅੱਤ ਦੀ ਮਹਿੰਗਾਈ ਨੇ ਲੋਕਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ ਅਤੇ ਵੱਖ-ਵੱਖ ਕੰਪਨੀਆਂ ਨੂੰ ਲੁੱਟ ਕਰਨ ਦੀ ਖੁੱਲ ਦਿੱਤੀ ਹੋਈ ਹੈ।ਉਹਨਾਂ ਨੇ ਕੇਂਦਰ ਸਰਕਾਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਮਹਿੰਗਾਈ ਨੂੰ ਨੱਥ ਪਾਵੇ,ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ ਅਤੇ ਐਮਐਸਪੀ ‘ਤੇ ਕਨੂੰਨ ਬਣਾ ਕੇ ਫ਼ਸਲ ਦੀ ਖਰੀਦ ਦੀ ਪੱਕੀ ਗਰੰਟੀ ਕੀਤੀ ਜਾਵੇ।ਇਸ ਮੌਕੇ ਸੁਖਜਿੰਦਰ ਸਿੰਘ ਰਾਜੂ,ਨਛੱਤਰ ਸਿੰਘ ਰੂੜੀਵਾਲਾ,ਗੁਰਨਾਮ ਸਿੰਘ,ਜਗਤਾਰ ਸਿੰਘਗੁਰਚੇਤਨ ਸਿੰਘ,ਜੋਗਿੰਦਰ ਸਿੰਘ,ਹਜਾਰਾ ਸਿੰਘ ਚੰਬਾ,ਜਗਜੀਤ ਸਿੰਘ ਸਰਾਲੀਮੰਡ,ਗੁਲਜ਼ਾਰ ਸਿੰਘ,ਸਰਦੂਲ ਸਿੰਘ,ਸੰਤੋਖ ਸਿੰਘ,ਅਮਰਜੀਤ ਸਿੰਘ ਘੜਕਾ,ਗੁਰਦੇਵ ਸਿੰਘ ਖਾਰਾ ਆਦਿ ਹਾਜ਼ਰ ਸਨ।