ਛੁੱਟੀਆਂ ਦੌਰਾਨ ਅਧਿਆਪਕਾਂ ਨੂੰ ਸਕੂਲਾਂ ਚ ਧੱਕੇ ਨਾਲ ਸੱਦਿਆ ਜਾ ਰਿਹਾ
ਮੋਗਾ, 29 ਮਈ (ਜਗਵੀਰ ਆਜ਼ਾਦ)
ਡੀਟੀਐੱਫ਼ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਸਰਵਣ ਸਿੰਘ ਔਜਲਾ ਤੇ ਜਿਲਾ ਪ੍ਰਧਾਨ ਅਮਨਦੀਪ ਮਟਵਾਣੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੋਗਾ ਸੁਸ਼ੀਲ ਨਾਥ ਨੇ ਆਪਣੇ ਅੱਖੜ ਰਵੱਈਏ ਦਾ ਸਬੂਤ ਦਿੰਦਿਆਂ ਸਕੂਲ ਅਧਿਆਪਕਾਂ ਲਈ ਨਾਦਰਸ਼ਾਹੀ ਫੁਰਮਾਨ ਜਾਰੀ ਕੀਤੇ ਹਨ ਜਿੰਨ੍ਹਾਂ ਤਹਿਤ ਦਾਖਲਾ ਮੁਹਿੰਮ ਲਈ ਅਧਿਆਪਕਾਂ ਨੂੰ ਸਕੂਲਾਂ ਵਿੱਚ ਸੱਦਿਆ ਜਾ ਰਿਹਾ ਹੈ। ਇੱਕ ਪਾਸੇ ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਡਰਦਿਆਂ ਸਕੂਲਾਂ ਵਿੱਚ ਸਮੇਂ ਤੋਂ ਪਹਿਲਾਂ ਹੀ ਗਰਮੀ ਦੀਆਂ ਛੁੱਟੀਆਂ ਕਰ ਦਿੱਤੀਆਂ ਹਨ ਪਰ ਦੂਜੇ ਪਾਸੇ ਸਿੱਖਿਆ ਮਹਿਕਮੇ ਦਾ ਅੱਖੜ ਰਵੱਈਏ ਦਾ ਮਾਲਕ ਡੀਈਓ ਸੈਕੰ ਮੋਗਾ ਸੁਸ਼ੀਲ ਨਾਥ ਸਰਕਾਰੀ ਹੁਕਮਾਂ ਦੀ ਅਦੂਲੀ ਕਰ ਰਿਹਾ ਹੈ ਅਤੇ ਅਧਿਆਪਕਾਂ ਦੀ ਜਾਨ ਨੂੰ ਜੋਖ਼ਮ ਚ ਪਾ ਰਿਹਾ ਹੈ।
ਜਥੇਬੰਦੀ ਦੇ ਆਗੂਆਂ ਜਗਵੀਰਨ ਕੌਰ ਜ਼ਿਲ੍ਹਾ ਸਕੱਤਰ, ਸੁਖਪਾਲਜੀਤ ਮੋਗਾ ਜਿਲ੍ਹਾ ਮੀਤ ਪ੍ਰਧਾਨ ਨੇ ਆਖਿਆ ਕਿ ਵੋਕੇਸ਼ਨਲ ਸਟਾਫ ਹੋਣ ਕਰਕੇ ਛੁੱਟੀਆਂ ਅਧਿਆਪਕਾਂ ਦਾ ਹੱਕ ਹਨ, ਜਿਸ ਦੌਰਾਨ ਮਹਿਕਮੇ ਦਾ ਕੋਈ ਵੀ ਅਧਿਕਾਰੀ ਜਬਰੀ ਹਾਜਰ ਹੋਣ ਲਈ ਨਹੀਂ ਕਹਿ ਸਕਦਾ। ਜੇਕਰ ਕਿਸੇ ਅਧਿਆਪਕ ਨੂੰ ਛੁੱਟੀਆਂ ਦੌਰਾਨ ਡਿਊਟੀ ‘ਤੇ ਸੱਦਿਆ ਜਾਂਦਾ ਹੈ ਤਾਂ ਉਸਨੂੰ ਇਸ ਦੇ ਬਦਲੇ ਕਮਾਈ ਛੁੱਟੀ ਦੇਣੀ ਬਣਦੀ ਹੈ। ਜਿਲਾ ਵਿੱਤ ਸਕੱਤਰ ਗੁਰਮੀਤ ਝੋਰੜਾਂ, ਸਹਾਇਕ ਸਕੱਤਰ ਸੁਖਵਿੰਦਰ ਘੋਲੀਆ ਤੇ ਅਮਨਦੀਪ ਮਾਛੀਕੇ ਨੇ ਚਿਤਾਵਨੀ ਦਿੰਦਿਆਂ ਦੱਸਿਆ ਕਿ ਜੇਕਰ ਇਸ ਸਿੱਖਿਆ ਅਧਿਕਾਰੀ ਨੇ ਆਪਣੇ ਫੁਰਮਾਨ ਵਾਪਸ ਨਾ ਲਏ ਤਾਂ ਡੀਟੀਐੱਫ਼ ਇਸਦਾ ਸਖਤ ਨੋਟਿਸ ਲੈਂਦਿਆਂ ਸੰਘਰਸ਼ ਕਰੇਗੀ।ਜਥੇਬੰਦੀ ਨੇ ਇਸ ਸੰਬੰਧੀ ਸੁਸ਼ੀਲ ਨਾਥ ਡੀਈਓ (ਸੈਕੰ) ਮੋਗਾ ਨੂੰ ਮਾਸ ਡੈਪੂਟੇਸ਼ਨ ਮਿਲਣ ਦਾ ਵੀ ਫੈਸਲਾ ਲਿਆ।ਇਸ ਸਮੇਂ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਲ ਸਨ।