ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਸਰਕਾਰ ਵਲੋਂ ਵਿਸ਼ੇਸ਼ ਉਪਰਾਲੇ-ਅਵਤਾਰ ਸਿੰਘ ਭੁੱਲਰ
ਚੋਹਲਾ ਸਾਹਿਬ/ਤਰਨਤਾਰਨ,29 ਮਈ (ਰਾਕੇਸ਼ ਨਈਅਰ) ਪੰਜਾਬ ਦੇ ਪਿੰਡਾਂ ਦੇ ਬਹੁਮੁਖੀ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਇਨ੍ਹਾਂ ਪਿੰਡਾਂ ਨੂੰ ਸ਼ਹਿਰਾਂ ਵਰਗੀ ਦਿੱਖ ਦੇਣ ਲਈ ਪੰਜਾਬ ਸਰਕਾਰ ਵੱਲੋਂ ਰੂਰਬਨ ਸਕੀਮ ਤਹਿਤ ਵੱਖ-ਵੱਖ ਪ੍ਰਾਜੈਕਟਾਂ ਉੱਪਰ ਜੰਗੀ ਪੱਧਰ ‘ਤੇ ਕੰਮ ਚੱਲ ਰਹੇ ਹਨ।ਇਸ ਸਬੰਧ ਵਿਚ ਵਿਭਾਗ ਦੇ ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ 12 ਪਿੰਡਾਂ ਵਿੱਚ ਚੱਲ ਰਹੇ ਰੂਰਬਨ ਕਲੱਸਟਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਵਤਾਰ ਸਿੰਘ ਭੁੱਲਰ ਨੇ ਦੱਸਿਆ ਕਿ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਸੀਮਾ ਜੈਨ ਵਲੋਂ ਲਗਾਤਾਰ ਇਸ ਸਕੀਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪਿੰਡਾਂ ਵਿੱਚ ਆਧੁਨਿਕ ਸਹੂਲਤਾਂ ਵਾਲੇ ਓਪਨ ਏਅਰ ਜਿੰਮ,ਸਮਾਰਟ ਕਲਾਸ ਰੂਮ,ਆਂਗਨਵਾੜੀ ਸੈਂਟਰ,ਪਾਰਕ, ਸਟੇਡੀਅਮ ਸੋਲਰ ਸਟਰੀਟ ਲਾਈਟਾਂ, ਥਾਪਰ ਤਕਨਾਲੌਜੀ ਵਾਲੇ ਛੱਪੜ ਆਦਿ ਮੁਹੱਈਆ ਕਰਵਾਏ ਜਾ ਰਹੇ ਹਨ ,ਜਿਸ ਨਾਲ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇਗਾ।ਇਸ ਦੌਰੇ ਦੌਰਾਨ ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨਾਲ ਮੁਲਾਕਾਤ ਸਮੇਂ ਪਿੰਡਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਮਿਆਰ ਦਾ ਖਾਸ ਖਿਆਲ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ।ਉਨ੍ਹਾਂ ਵਲੋਂ ਪੰਜਾਬ ਸਰਕਾਰ ਦੇ ਵਿਸ਼ੇਸ਼ ਪ੍ਰੋਗਰਾਮ ਤਹਿਤ ਬਰਸਾਤ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਪਿੰਡਾਂ ਦੇ ਛੱਪੜਾਂ ਦੀ ਸਫਾਈ ਦਾ ਕੰਮ ਵੀ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ। ਸੰਯੁਕਤ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਵਲੋਂ ਪਿੰਡ ਸੰਗਤਪੁਰ,ਬ੍ਰਹਮਪੁਰ,ਮੋਹਨਪੁਰ, ਚੋਹਲਾ ਸਾਹਿਬ ਆਦਿ ਪਿੰਡਾਂ ਵਿੱਚ ਇਸ ਪ੍ਰਾਜੈਕਟ ਅਧੀਨ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਨ ਸਮੇਂ ਉਹਨਾਂ ਨਾਲ ਕਾਰਜਕਾਰੀ ਇੰਜੀਨੀਅਰ ਪਰਮਜੀਤ ਸਿੰਘ, ਐਸਡੀਓ ਕੁਲਵੰਤ ਸਿੰਘ, ਬੀਡੀਪੀਓ ਚੋਹਲਾ ਸਾਹਿਬ ਰਜਿੰਦਰਜੀਤ ਕੌਰ ਅਤੇ ਡੀਪੀਐਮ ਹਰਦੀਪ ਸਿੰਘ ਵੀ ਮੌਜੂਦ ਸਨ,ਜਿਨ੍ਹਾਂ ਨੂੰ ਇਸ ਪ੍ਰਾਜੈਕਟ ਦੇ ਸਾਰੇ ਕੰਮਾਂ ਨੂੰ ਮਿੱਥੀ ਸਮਾਂ ਸੀਮਾ ਵਿੱਚ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ।