ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 28 ਮਈ 2021
ਟੈਕਸਾਸ ਦੇ ਇੱਕ ਹਸਪਤਾਲ ਨੇ ਵੀਰਵਾਰ ਨੂੰ ਦਾਅਵਾ ਕਰਦਿਆਂ ਕਿਹਾ ਹੈ ਕਿ ਗੈਰ ਕਾਨੂੰਨ ਤੌਰ ‘ਤੇ ਅਮਰੀਕਾ- ਮੈਕਸੀਕੋ ਸਰਹੱਦ ਰਾਹੀਂ ਦਾਖਲ ਹੋਣ ਵਾਲੇ ਬੱਚਿਆਂ ਦਾ ਇਲਾਜ ਕਰਨ ਲਈ ਬਾਈਡੇਨ ਪ੍ਰਸ਼ਾਸਨ ਵੱਲ ਉਹਨਾਂ ਦੀ 2 ਲੱਖ ਡਾਲਰ ਤੋਂ ਵੱਧ ਦੀ ਅਦਾਇਗੀ ਬਕਾਇਆ ਹੈ। ਇਸ ਸੰਬੰਧੀ ਮਿਡਲੈਂਡ ਮੈਮੋਰੀਅਲ ਹਸਪਤਾਲ ਦੇ ਬੁਲਾਰੇ ਤਾਸਾ ਰਿਚਰਡਸਨ ਨੇ ਦੱਸਿਆ ਕਿ ਹਸਪਤਾਲ ਨੇ 206,287 ਡਾਲਰ ਦੇ ਬਕਾਏ ਲਈ ਦਾਅਵੇ ਪੇਸ਼ ਕੀਤੇ ਹਨ ਪਰ ਉਹਨਾਂ ‘ਤੇ ਕਾਰਵਾਈ ਨਹੀਂ ਹੋਈ ਹੈ। ਰਿਚਰਡਸਨ ਅਨੁਸਾਰ ਹਸਪਤਾਲ ਨੇ ਮਾਰਚ ਤੋਂ ਲੈ ਕੇ ਹੁਣ ਤੱਕ 40 ਗੈਰਕਾਨੂੰਨੀ ਪ੍ਰਵਾਸੀ ਨਾਬਾਲਗਾਂ ਦਾ ਇਲਾਜ ਕੀਤਾ ਹੈ, ਜਦੋਂਕਿ ਹੈਲਥ ਅਤੇ ਮਨੁੱਖੀ ਸੇਵਾਵਾਂ ਵਿਭਾਗ (ਐਚ ਐਚ ਐਸ) ਨੇ ਮਿਡਲੈਂਡ ਸ਼ਹਿਰ ਵਿੱਚ ਇੱਕ ਐਮਰਜੈਂਸੀ ਸਹੂਲਤ ਵੀ ਖੋਲ੍ਹੀ ਹੋਈ ਹੈ। ਅਗਸਤ ਪਫਲੂਗਰ (ਆਰ-ਟੈਕਸਾਸ) ਅਨੁਸਾਰ, ਇਹਨਾਂ ਬੱਚਿਆਂ ਦਾ ਇਲਾਜ ਕੋਵਿਡ, ਗਰਭ ਅਵਸਥਾ, ਖੁਦਕੁਸ਼ੀਆਂ ਦੀਆਂ ਕੋਸ਼ਿਸ਼ਾਂ ਅਤੇ ਹੋਰ ਬਹੁਤ ਸਾਰੇ ਮੁੱਦਿਆਂ ਲਈ ਕੀਤਾ ਗਿਆ ਸੀ। ਅਗਸਤ ਨੇ ਕਿਹਾ ਹੈ ਕਿ ਉਹ ਮਿਡਲੈਂਡ ਮੈਮੋਰੀਅਲ ਹਸਪਤਾਲ ਨੂੰ ਪੂਰਾ ਭੁਗਤਾਨ ਕਰਨ ਲਈ ਅਪੀਲ ਕਰੇਗਾ। ਇਸ ਸਾਲ ਮਾਰਚ ਅਤੇ ਅਪ੍ਰੈਲ ਮਹੀਨੇ ਸਰਹੱਦੀ ਏਜੰਟਾਂ ਲਈ ਗੈਰ ਕਾਨੂੰਨੀ ਬੱਚਿਆਂ ਨਾਲ ਸਾਹਮਣਾ ਕਰਨ ਲਈ ਬਹੁਤ ਰੁਝੇਵੇਂ ਵਾਲੇ ਰਹੇ ਹਨ।