ਹਰਪ੍ਰੀਤ ਸਿੰਘ ਲਲਤੋਂ

ਮਨਮਰਜ਼ੀ ਦਾ ਮਾਲਿਕ, ਮਿਲੀ ਫੁੱਲ ਅਜ਼ਾਦੀ ਸੀ,
ਮੈਨੂੰ ਆਂਗਣਵਾੜੀ ਲੈ ਕੇ ਜਾਂਦੀ, ਮੇਰੀ ਦਾਦੀ ਸੀ।
ਤਿੰਨ ਖੂੰਜੇ ਵਾਲਾ ਪਰੌਂਠਾ, ਖੰਡ ਦਹੀਂ ਦੇ ਵਿੱਚ ਚੂਰ ਕੇ,
ਮੂੰਹ ਪਿਆਰ ਨਾਲ ਪਾਈ ਬੁਰਕੀ, ਕਦੇ ਪਾਈ ਘੂਰ ਕੇ।
ਮੇਰੇ ਖਾਧੇ ਬਿਨ, ਕਦੇ ਨਾ ਉਹਨੇ ਰੋਟੀ ਖਾਧੀ ਸੀ,
ਮੈਨੂੰ ਆਂਗਣਵਾੜੀ………..।
ਬਿਠਾ ਕੇ ਪੀੜੀ ਤੇਲ ਸਰੋਂ ਦਾ ਮੇਰੇ, ਵਾਲਾਂ ਦੇ ਵਿੱਚ ਝੱਸਣਾ,
ਟਰੈਕਟਰ ਵਾਲਾ ਨੋਟ ਦੇ ਕਹਿਣਾ, ਕਿਸੇ ਨੂੰ ਨਾ ਦੱਸਣਾ।
ਮੇਰੇ ਕਹਿਣ ਤੇ ਝੱਟ ਸੰਦੂਕ ਨੂੰ ਲਾ ਲੈਂਦੀ ਚਾਬੀ ਸੀ।
ਮੈਨੂੰ ਆਂਗਣਵਾੜੀ………।
ਮਿੰਨੀ ਬੱਸ ਮੇਰੇ ਲਈ ਮੇਰੀ, ਦਾਦੀ ਦੀ ਕੁੱਛੜ ਸੀ,
ਜੀਹਦੇ ਉੱਤੇ ਚੜਕੇ ਘੁੰਮਦਾ, ਪਿੰਡ ਦੀ ਹਰ ਨੁੱਕੜ ਸੀ।
ਲੈ ਕੇ ਆਪਣੇ ਨਾਲ ਜਾਂਦੀ, ਹਰ ਵਿਆਹ ਸ਼ਾਦੀ ਸੀ,
ਮੈਨੂੰ ਆਂਗਣਵਾੜੀ……….।
ੳ ਨਾਲ ਮੇਰਾ ਤਾਰੁਫ ਕਰਾਇਆ, ਸਭ ਤੋਂ ਪਹਿਲਾਂ ਪੈਂਤੀ ਚੋਂ,
ਮੈਨੂੰ ਸਦਾ ਮੂਹਰੇ ਹੋ ਕੇ ਬਚਾਇਆ, ਬਾਪੂ ਦੀ ਖੜਕੈਂਤੀ ਤੋਂ।
ਝਿੜਕਣ ਵਾਲਾ ਮੈਨੂੰ, ਉਹਦੇ ਲਈ ਅਪਰਾਧੀ ਸੀ,
ਮੈਨੂੰ ਆਂਗਣਵਾੜੀ…….।
ਸੱਚ ਜਾਣਿਓ ਰੁੱਗ ਗਿਆ ਮੇਰੇ, ਕਾਲਜੇ ‘ਚੋਂ ਭਰਿਆ,
ਜਿਸ ਦਿਨ ਮੇਰੀ ਦਾਦੀ ਨੇ ਸੀ, ਕੂਚ ਜਹਾਨੋਂ ਕਰਿਆ।
ਲਲਤੋਂ ਐਸੀ ਨੀਂਦਰ ਸੁੱਤੀ, ਮੁੜ ਕੇ ਨਾ ਜਾਗੀ ਸੀ,
ਮੈਨੂੰ ਆਂਗਣਵਾੜੀ………।