6.9 C
United Kingdom
Sunday, April 20, 2025

More

    ਲੰਡਨ ਦੀ ਈਲਿੰਗ ਕੌਂਸਲ ਦੀ ਡਿਪਟੀ ਮੇਅਰ ਬਣਨ ਦਾ ਸ੍ਰੀਮਤੀ ਮਹਿੰਦਰ ਕੌਰ ਮਿੱਢਾ ਨੂੰ ਮਿਲਿਆ ਮਾਣ

    ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)  ਬਰਤਾਨੀਆ ਦੀ ਸਿਆਸਤ ਵਿੱਚ ਪੰਜਾਬੀਆਂ ਦੀ ਸ਼ਮੂਲੀਅਤ ਲੁਕੀ ਛਿਪੀ ਨਹੀਂ ਰਹੀ ਹੈ। ਪੰਜਾਬੀਆਂ ਵੱਲੋਂ ਪਾਰਲੀਮੈਂਟ ਮੈਂਬਰ ਦੇ ਅਹੁਦਿਆਂ ‘ਤੇ ਬਿਰਾਜਮਾਨ ਹੋਣਾ ਵੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਆਪਣੀ ਸਿਆਸੀ ਸੂਝ ਬੂਝ ਦਾ ਲੋਹਾ ਮਨਵਾਉਣ ਵਿੱਚ ਕਾਮਯਾਬ ਹੋਏ ਹਾਂ। ਇਸੇ ਸੂਝ ਬੂਝ ਸਦਕਾ ਹੀ ਸਾਊਥਾਲ ਦੀ ਮਾਣਮੱਤੀ ਸਿਆਸਤਦਾਨ ਸ਼੍ਰੀਮਤੀ ਮਹਿੰਦਰ ਕੌਰ ਮਿੱਢਾ ਨੂੰ ਈਲਿੰਗ ਕੌਂਸਲ ਦੀ ਡਿਪਟੀ ਮੇਅਰ ਵਜੋਂ ਸੇਵਾਵਾਂ ਨਿਭਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਮਹਿੰਦਰ ਕੌਰ ਮਿੱਢਾ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਕਸਬੇ ਨੇੜਲੇ ਬੜਾਪਿੰਡ (ਕਮਾਲਪੁਰ) ਨਾਲ ਸਬੰਧਿਤ ਹਨ। 1972 ਤੋਂ ਇੰਗਲੈਂਡ ਦੀ ਧਰਤੀ ‘ਤੇ ਵਿਆਹ ਉਪਰੰਤ ਆਣ ਵਸੀ ਸ੍ਰੀਮਤੀ ਮਹਿੰਦਰ ਕੌਰ ਮਿੱਡਾ ਪਿਛਲੇ ਚਾਲੀ ਵਰ੍ਹਿਆਂ ਤੋਂ ਲੇਬਰ ਪਾਰਟੀ ਦੀ ਅਣਥੱਕ ਵਰਕਰ ਵਜੋਂ ਕੰਮ ਕਰਦੀ ਆ ਰਹੀ ਹੈ। ਇਕ ਬੇਟੀ ਅਤੇ ਬੇਟੇ ਦੀ ਮਾਂ ਦੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਉਣ ਦੇ ਨਾਲ ਨਾਲ ਉਹ ਸਫ਼ਲ ਕਾਰੋਬਾਰੀ ਵੀ ਹੋ ਨਿਬੜੇ। ਅੱਜ ਈਲਿੰਗ ਕੌਂਸਲ ਦੀ ਡਿਪਟੀ ਮੇਅਰ ਬਣਨ ਪਿੱਛੇ ਵਰ੍ਹਿਆਂ ਦੇ ਸਿਆਸੀ ਸੰਘਰਸ਼ ਦਾ ਹੱਥ ਕਿਹਾ ਜਾ ਸਕਦਾ ਹੈ। ਸ੍ਰੀਮਤੀ ਮਿੱਢਾ ਵਿੱਦਿਅਕ ਯੋਗਤਾ ਪੱਖੋਂ ਐਮ. ਏ. ਇਤਿਹਾਸ ਅਤੇ ਬੀ. ਐੱਡ ਪਾਸ ਹਨ। ਲੱਗਭਗ ਤੀਹ ਸਾਲ  ਕਾਰੋਬਾਰੀ ਮਾਲਕ ਵਜੋਂ ਰੁਝੇਵਿਆਂ ਭਰੀ ਜ਼ਿੰਦਗੀ ਬਿਤਾਉਣ ਦੇ ਨਾਲ ਨਾਲ ਉਨ੍ਹਾਂ ਸਮਾਜ ਦੀ ਝੋਲੀ ਕੁੱਝ ਯੋਗਦਾਨ ਆਪਣੇ ਬੋਲਾਂ ਰਾਹੀਂ ਪਾਉਣ ਲਈ ਪਿਛਲੇ ਵੀਹ ਸਾਲ ਤੋਂ ਰੇਡੀਓ ਪੇਸ਼ਕਾਰਾ ਦੇ ਫ਼ਰਜ਼ ਵੀ ਨਿਭਾਏ ਹਨ। ਉਨ੍ਹਾਂ ਆਪਣੇ ਸਰਗਰਮ ਸਿਆਸੀ ਜੀਵਨ ਦੀ ਸ਼ੁਰੂਆਤ 2010 ਵਿੱਚ ਕੌਂਸਲਰ ਦੀ ਪਹਿਲੀ ਚੋਣ ਜਿੱਤ ਕੇ ਕੀਤੀ ਸੀ। ਉਸ ਉਪਰੰਤ ਉਨ੍ਹਾਂ ਮੁੜ ਕੇ ਕਦੇ ਪਿਛਾਂਹ ਨਹੀਂ ਤੱਕਿਆ। ਆਪਣੀਆਂ ਸਿਆਸੀ ਪ੍ਰਾਪਤੀਆਂ ਪਿੱਛੇ ਉਹ ਆਪਣੇ ਪਤੀ ਹਰਬੰਸ ਮਿੱਢਾ ਅਤੇ ਪਰਿਵਾਰ ਦਾ ਧੰਨਵਾਦ ਕਰਨ ਦੇ ਨਾਲ ਨਾਲ ਆਪਣੇ ਸਮੂਹ ਸਿਆਸਤਦਾਨ ਸਾਥੀਆਂ ਅਤੇ ਇਲਾਕਾ ਨਿਵਾਸੀਆਂ ਅਤੇ ਦੋਸਤਾਂ ਦਾ ਵੀ ਧੰਨਵਾਦ ਕਰਦੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ੍ਰੀਮਤੀ ਮਿੱਢਾ ਬਹੁਤ ਸਾਰੀਆਂ ਸੰਸਥਾਵਾਂ ਜਿਵੇਂ ਕਿ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੀ ਐਗਜ਼ੈਕਟਿਵ ਕਮੇਟੀ ਮੈਂਬਰ, ਸ੍ਰੀ ਗੁਰੂ ਰਵਿਦਾਸ ਸਭਾ ਦੀ ਐਗਜ਼ੈਕਟਿਵ ਕਮੇਟੀ ਮੈਂਬਰ ਵਜੋਂ ਵੀ ਸੇਵਾਵਾਂ ਨਿਭਾ ਰਹੀ ਹੈ। ਉਹ ‘ਆਪਣਾ ਗਰੁੱਪ’ ਨਾਮੀ ਔਰਤਾਂ ਦੇ ਕਲੱਬ ਦਾ ਸੰਚਾਲਨ ਵੀ ਕਰਦੀ ਆ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!