ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬ੍ਰਿਟੇਨ ਵਿੱਚ ਸ਼ਾਹੀ ਘਰਾਣੇ ਦੇ ਸੰਬੰਧ ਵਿੱਚ ਇੱਕ ਸਰਵੇਖਣ ਦੇ ਅਨੁਸਾਰ ਜਿਆਦਾਤਰ ਬ੍ਰਿਟਿਸ਼ ਨੌਜਵਾਨ ਸ਼ਾਹੀ ਪਰਿਵਾਰ ਦੀ ਜਗ੍ਹਾ ‘ਰਾਜ ਦੇ ਮੁਖੀ’ ਦੀ ਚੋਣ ਕਰਨ ਦੇ ਹੱਕ ਵਿੱਚ ਹਨ। ਬਰਤਾਨੀਆ ਵਿੱਚ ‘ਯੂ ਗੋਵ’ ਵੱਲੋਂ ਕੀਤੇ ਇੱਕ ਸਰਵੇਖਣ ਅਨੁਸਾਰ 18-24 ਸਾਲ ਦੇ ਨੌਜਵਾਨਾਂ ਵਿੱਚੋਂ ਸਿਰਫ 31% ਹੀ ਸ਼ਾਹੀ ਰਾਜ ਨੂੰ ਇਸ ਦੇ ਮੌਜੂਦਾ ਰੂਪ ਵਿੱਚ ਜਾਰੀ ਰੱਖਣ ਦਾ ਸਮਰਥਨ ਕਰਦੇ ਹਨ। ਜਦਕਿ 41% ਲੋਕ ਇਸ ਨੂੰ ਚੁਣੇ ਹੋਏ ਵਿਅਕਤੀ ਦੇ ਰੂਪ ਵਿੱਚ ਬਦਲਣਾ ਚਾਹੁੰਦੇ ਹਨ। ਇਸ ਸਰਵੇਖਣ ਦੇ ਅੰਕੜੇ ਦੱਸਦੇ ਹਨ ਕਿ ਨੌਜਵਾਨਾਂ ਵਿੱਚ ਬ੍ਰਿਟਿਸ਼ ਰਾਜਤੰਤਰ ਲਈ ਸਮਰਥਨ, ਇਸ ਵਿੱਚ ਤਾਜ਼ਾ ਘੁਟਾਲਿਆਂ ਅਤੇ ਵਿਵਾਦਾਂ ਕਾਰਨ ਪ੍ਰਭਾਵਿਤ ਹੋਇਆ ਹੈ। ਇਸ ਵਿੱਚ ਸਮੇਤ ਪ੍ਰਿੰਸ ਐਂਡਰਿਊ ਦਾ ਅਪਰਾਧੀ ਜੈਫਰੀ ਐਪਸਟੀਨ ਨਾਲ ਸਬੰਧ ਵੀ ਸ਼ਾਮਲ ਹੈ, ਜਿਸ ਕਾਰਨ ਉਸ ਨੂੰ 2019 ਵਿੱਚ ਯਾਰਕ ਦੇ ਡਿਊਕ ਦੀ ਡਿਊਟੀ ਵਜੋਂ ਮੁਕਤ ਕਰ ਦਿੱਤਾ ਗਿਆ ਸੀ। ਹਾਲਾਂਕਿ ਉਸ ਸਾਲ, ਸਿਰਫ 26% ਨੌਜਵਾਨ ਬ੍ਰਿਟਿਸ਼ ਰਾਜਤੰਤਰ ਵਿੱਚ ਇਸ ਤਬਦੀਲੀ ਦੇ ਹੱਕ ਵਿੱਚ ਸਨ ਜੋ ਚਾਹੁੰਦੇ ਸਨ ਕਿ ਰਾਇਲ ਪਰਿਵਾਰ ਦੀ ਥਾਂ ਰਾਜ ਦਾ ਇੱਕ ਮੁਖੀ ਚੁਣਿਆ ਜਾਵੇ। ਜਿਸ ਉਪਰੰਤ ਇਹ ਅੰਕੜਾ 2020 ਵਿੱਚ 37% ਅਤੇ 2021 ਵਿੱਚ 41% ਹੋ ਗਿਆ ਹੈ। ਨੌਜਵਾਨਾਂ ਦੀ ਜਗ੍ਹਾ ਜਿਆਦਾ ਉਮਰ ਦੇ ਬਾਲਗ ਲੋਕ ਅਜੇ ਵੀ ਰਾਇਲ ਪਰਿਵਾਰ ਦਾ ਸਮਰਥਨ ਕਰਦੇ ਹਨ। ਸਰਵੇ ਅਨੁਸਾਰ 61% ਬਾਲਗ ਲੋਕ ਚਾਹੁੰਦੇ ਹਨ ਕਿ ਰਾਜਸ਼ਾਹੀ ਇਸੇ ਤਰ੍ਹਾਂ ਬਣੀ ਰਹੇ, ਜਦੋਂ ਕਿ ਸਿਰਫ 24% ਲੋਕ ਇੱਕ ਚੁਣੇ ਗਏ ਰਾਜ ਦੇ ਮੁਖੀ ਨੂੰ ਤਰਜੀਹ ਦੇਣਗੇ। ਰਾਇਲ ਫੈਮਲੀ ਦਾ ਸਮਰਥਨ ਜਿਆਦਾ ਉਮਰ ਦੇ ਸਮੂਹਾਂ ਵਿੱਚ ਵੱਧਦਾ ਹੈ, ਜਿਸ ਤਹਿਤ 50-64 ਸਾਲ ਦੀ ਉਮਰ ਦੇ 70 ਪ੍ਰਤੀਸ਼ਤ ਲੋਕ ਇਸਦਾ ਸਮਰਥਨ ਕਰਦੇ ਹਨ। ਇਸ ਦੌਰਾਨ 65 ਸਾਲ ਜਾਂ ਇਸਤੋਂ ਵੱਧ ਉਮਰ ਦੇ ਕੁੱਲ 81% ਲੋਕ ਚਾਹੁੰਦੇ ਹਨ ਕਿ ਸ਼ਾਹੀ ਸੰਸਥਾ ਇਸ ਤਰ੍ਹਾਂ ਬਣੀ ਰਹੇ। 25 ਤੋਂ 49 ਸਾਲ ਦੀ ਉਮਰ ਦੇ ਲੋਕਾਂ ਵਿੱਚ ਵੀ ਰਾਜਸ਼ਾਹੀ ਹੋਣ ਦੇ ਹੱਕ ਵਿੱਚ ਥੋੜੀ ਜਿਹੀ ਗਿਰਾਵਟ ਵੇਖੀ ਗਈ ਹੈ, ਜੋ ਕਿ 58% ਤੋਂ 53% ਤੱਕ ਘਟੀ ਹੈ। ਰਾਜ ਘਰਾਣੇ ਦੇ ਸੰਬੰਧ ਵਿੱਚ ‘ਯੂ ਗੋਵ’ (You Gov) ਨੇ 2019 ਵਿੱਚ 4,870 , 2020 ਵਿੱਚ 3,127 ਅਤੇ 2021 ਵਿੱਚ 4,997 ਬਾਲਗ਼ਾਂ ਦਾ ਸਰਵੇਖਣ ਕੀਤਾ ਹੈ।
