ਧਾਮੀ ਗਿੱਲ
ਇਹ ਤਾਂ ਮੁੱਢੋਂ ਰੀਤ ਹੈ ਚਲਦੀ,
ਗੱਲ ਨਹੀਂ ਐ ਅੱਜ ਜਾਂ ਕੱਲ੍ਹ ਦੀ,
ਜਦ ਵੀ ਬੱਚੇ ਕਰਨ ਸ਼ਰਾਰਤ,
ਜਾਂ ਕਰਦੇ ਸੀ ਗ਼ਲਤੀ ਕੋਈ,
ਮਾਪੇ, ਬੱਚੇ ਝਿੜਕ ਦਿੰਦੇ ਸੀ।
ਮੋਹ ਦਾ ਜਲ ਵੀ ਛਿੜਕ ਦਿੰਦੇ ਸੀ।

ਪਰ
ਸਭ ਬੱਚੇ ਤਾਂ ਇੱਕੋ ਜਿਹੇ ਨਾ,
ਕੁੱਝ, ਮਾਪਿਆਂ ਦੀ ਇੱਕ ਨਾ ਮੰਨਦੇ,
ਸਬਕ ਕੋਈ ਨਾ ਪੱਲੇ ਬੰਨ੍ਹਦੇ,
ਅਕਸਰ ਅਪਣੇ ਰਾਹ ਤੋਂ ਥਿੜਕਣ,
ਲੇਖਾਂ ਦੇ ਵਿੱਚ ਲਿਖਦੇ ਭਟਕਣ,
ਕੱਲੇ ਬਹਿ ਕੇ ਰੋਵਣ ਡੁਸਕਣ,
ਤੇ ਗ਼ਲਤੀ ਦੀ ਸਜ਼ਾ ਵੀ ਭੁਗਤਣ,
ਅਸੀਂ ਵੀ ਇਨ੍ਹਾਂ ਬੱਚਿਆਂ ਵਰਗੇ,
ਗ਼ਲਤੀ ਕਰ ਕੇ ਭੁਗਤ ਰਹੇ ਹਾਂ,
ਨਵੀਂ ਲੜ੍ਹਾ ਨਿੱਤ ਜੁਗਤ ਰਹੇ ਹਾਂ।
ਪਰ
ਇਸ ਵਾਰੀ
ਔਖੈ ਲਗਦੈ
ਮਾਂ ਦਾ ਸਾਨੂੰ ਗ਼ਲ ‘ਨਾ ਲਾਉਣਾ,
ਇਹ ਵੀ ਢੰਗ ਤਰੀਕਾ ਹੀ ਹੈ,
ਚਾਹੁੰਦੀ ਕੋਈ ਸਬਕ ਸਿਖਾਉਣਾ।
ਵੇਲ਼ਾ ਹੈ ਕਿ ਪੱਲੇ ਬੰਨ੍ਹੀਏ,
ਮਿਲੀ ਨਸੀਹਤ ਜਿਹੜੀ ਸਾਨੂੰ,
ਅੱਗੇ ਤੋਂ ਨਾ ਗ਼ਲਤੀ ਕਰੀਏ,
ਅਸੀਂ ਵੀ ਚੰਗੇ ਬੱਚੇ ਬਣੀਏ।