ਇਸ ਰਚਨਾ ਦੀ ਲੇਖਕਾ ਵਿਸ਼ਵ ਪ੍ਰਸਿੱਧ ਗਾਇਕਾ ਸੁੱਖੀ ਬਰਾੜ ਨੇ ਹਮੇਸ਼ਾ ਹੀ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਲਿਖਿਆ ਗਾਇਆ ਹੈ। ਉਹਨਾਂ ਦੀ “ਪੰਜ ਦਰਿਆ” ਲਈ ਭੇਜੀ ਪਹਿਲੀ ਲਿਖਤ ਆਪ ਸਭ ਦੀ ਨਜ਼ਰ ਕਰਵਾਉਣ ਦੀ ਖੁਸ਼ੀ ਲੈ ਰਹੇ ਹਾਂ। -ਪੰਜ ਦਰਿਆ ਟੀਮ

ਸਰਬੱਤ ਦੇ ਭਲੇ ਲਈ ਅਰਦਾਸ ਕਰਦੀ ਹੋਈ ਕੁਝ ਸਤਰਾਂ ਪੰਜਾਬਣ ਦੀ ਸਿਫਤ–
ਸੁੱਖੀ ਬਰਾੜ
ਮਹਿਲੀਂ ਖੜੀ ਨਿਰੀ ਪੁਰੀ ਹੀਰ ਦੀ ਹੀ ਭੈਣ ਲੱਗੇ ;
ਰੱਖ ਦੇਵੇ ਮੱਤ ਕਈ ਰਾਂਝਿਆਂ ਦੀ ਮਾਰਕੇ !
ਚਿੱਟੇ ਦੰਦ, ਲਾਲ ਬੁੱਲ ਕੀਤੇ ਨੇ ਦੰਦਾਸੇ ਨਾਲ,
ਰੱਖ ਦੇਵੇ ਤਪਦਿਆਂ ਸੀਨਿਆਂ ਨੂੰ ਠਾਰਕੇ !
ਮੋਟੋ ਮੋਟੇ ਨੈਣਾਂ ਵਿੱਚ ਲੱਪ ਪਾਈ ਕੱਜਲੇ ਦੀ,
ਤਿੱਖੇ ਤਿੱਖੇ ਵਾਰ ਉਹਦੇ ਵਾਰ ਨੇ ਕਟਾਰ ਦੇ !
ਮੱਥੇ ਟਿੱਕਾ ,ਗਲ ਗਾਨੀ, ਕੰਨਾਂ ਵਿੱਚ ਵਾਲੀਆਂ ਨੇ,
ਨੱਕ ਲੌਂਗ, ਛਾਪਾਂ ਛੱਲੇ ਸਾਧਨ ਸ਼ਿੰਗਾਰ ਦੇ !
ਵੀਣੀ ਵਿੱਚ ਵੰਗਾਂ ਅਤੇ ਪੈਰਾਂ ਵਿੱਚ ਝਾਂਜਰਾਂ,
ਮਿੱਠੇ ਜਿਹੇ ਸੰਗੀਤ ਛੇੜੇ ਜਾਪਦੇ ਸਿਤਾਰ ਦੇ !
ਹੁਸਨੇ ਦੀ ਹੱਟੀ ਖੋਲ ਬਹਿਜੇ ਦੇ ਪੰਜਾਬ ਕੌਰ,
ਡੰਗ ਦਏ ਪੰਜਾਬੀ ਡੰਗ ਹੁਸਨੇ ਦੇ ਮਾਰਕੇ !