ਜਰਨੈਲ ਸਿੰਘ ਘੋਲੀਆ (ਅਮਰੀਕਾ)
ਫੇਰ ਮੇਰਾ ਅੱਜ ਬੱਚਿਆਂ ਦੇ ਨਾਲ, ਬੱਚਾ ਹੋਣ ਨੂੰ ਜੀਅ ਕਰਦਾ ਏ।
ਕਿਸੇ ਚੀਜ ਲਈ ਜਿੱਦ ਜਿਹੀ ਕਰਕੇ, ਲਿਟ ਕੇ ਰੋਣ ਨੂੰ ਜੀਅ ਕਰਦਾ ਏ।
ਰੱਬ ਕਰੇ ਕਿਤੇ ਹੋ ਜਾਵੇ, ਮੇਰੀ ਫਿਰ ਤੋਂ ਉਮਰ ਨਿਆਣੀ ਜਿਹੀ।
ਮਿੱਟੀ ਦੇ ਵਿੱਚ ਡੋਲ੍ਹ ਕੇ ਪਾਣੀ, ਮਿੱਧ ਮਿੱਧ ਕਰ ਦਿਆਂ ਘਾਣੀ ਜਿਹੀ।
ਲਾਲ ਮਿੱਟੀ ਦਾ ਘੜ ਕੇ ਸਾਬਣ, ਮੂੰਹ ਹੱਥ ਧੋਣ ਨੂੰ ਜੀਅ ਕਰਦਾ ਏ।
ਦੋ ਢੱਕਣਾ ਕੱਢ ਕੇ ਗਲੀਆਂ, ਗਲੀਆਂ ਵਿੱਚ ਦੀ ਰਬੜ ਲੰਘਾਲਾਂ।
ਦੋਨੋ ਪਾਸੇ ਪਾ ਕੇ ਡੱਕੇ, ਫੇਰ ਰਬੜ ਨੂੰ ਪੂਰਾ ਵੱਟ ਚੜ੍ਹਾਲਾਂ।
ਰੇਤੇ ਦੀ ਢੇਰੀ ਤੇ ਏਹੋ ਜਾ, ਟੈਂਕ ਚੜ੍ਹਾਉਣ ਨੂੰ ਜੀਅ ਕਰਦਾ ਏ।
ਇੱਟਾਂ ਖੜ੍ਹੀਆਂ ਕਰ ਕਰ ਕੇ, ਮੈਂ ਛੋਟਾ ਜਿਹਾ ਇੱਕ ਘਰ ਬਣਾਵਾਂ।
ਇੱਕ ਰੁੱਖ ਦੀ ਗੱਡ ਕੇ ਟਾਹਣੀ, ਵਿਹੜੇ ਵਿੱਚ ਦਰੱਖਤ ਵੀ ਲਾਵਾਂ।
ਡੱਕਿਆਂ ਦਾ ਬਣਿਆ ਅਨਟੀਨਾ, ਕੋਠੇ ਤੇ ਲੌਣ ਨੂੰ ਜੀਅ ਕਰਦਾ ਏ।
ਟੁੱਟੀਆਂ ਚੱਪਲਾਂ ਕੱਟ ਕੱਟ ਕੇ, ਗੋਲ ਗੋਲ ਦੋ ਟੈਰ ਬਣਾਲਾਂ।
ਟੈਰਾਂ ਦੇ ਵਿੱਚ ਕੱਢ ਕੇ ਗਲੀਆਂ, ਕਾਨਾ ਜਾਂ ਕੋਈ ਤਾਰ ਫਸਾਲਾਂ।
ਲੰਬੀ ਸੋਟੀ ਦਾ ਲਾ ਸਟੇਰਿੰਗ, ਫੇਰ ਚਲਾਉਣ ਨੂੰ ਜੀਅ ਕਰਦਾ ਏ।
ਕੱਟਰੂਆਂ ਨਾਲ ਕਰਾਂ ਮੈਂ ਗੱਲਾਂ, ਕਦੇ ਮੈਂ ਘੁੱਟ ਗਲਵੱਕੜੀ ਪਾਵਾਂ।
ਕਦੇ ਬੋਹੀਏ ਨਾਲ ਪੱਠੇ ਪਾਵਾਂ, ਤੇ ਕਦੇ ਆਪ ਵੀ ਪੱਠੇ ਖਾਵਾਂ।
ਨਿੰਮ ਦੀ ਛਾਂਵੇਂ ਖੇਡਦੇ ਖੇਡਦੇ, ਭੁੰਜੇ ਸੌਣ ਨੂੰ ਜੀਅ ਕਰਦਾ ਏ।
ਕਿਸੇ ਗਵਾਂਢੀਆਂ ਦੇ ਘਰੋਂ ਰੋਟੀ, ਅਗਲੇ ਘਰੋਂ ਜਾ ਚਾਹ ਪੀਣੀ।
ਘੋਲੀਏ ਦਾ ਜਰਨੈਲ ਲੋਚਦਾ, ਫੇਰ ਉਹੋ ਜਿਹੀ ਜਿੰਦਗੀ ਜੀਣੀ।
ਵੱਡੀਆਂ ਵੱਡੀਆਂ ਛੱਡ ਵਿਉਤਾਂ, ਆਪਾ ਖੋਣ੍ਹ ਨੂੰ ਜੀਅ ਕਰਦਾ ਏ।

ਜਰਨੈਲ ਸਿੰਘ ਘੋਲੀਆ?