ਚੰਡੀਗੜ੍ਹ ( ਰਾਜਿੰਦਰ ਭਦੌੜੀਆ )
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਐੱਚ.ਸੀ. ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਕੀਤੀ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਕੋਰੋਨਾ–ਵਾਇਰਸ ਦੇ ਖ਼ਤਰੇ ਦੇ ਬਾਵਜੂਦ ਜਨਤਕ ਸਥਾਨਾਂ ਉੱਤੇ ਬਿਨਾ ਮਾਸਕ ਲਾਏ, ਬਿਨਾ ਦਸਤਾਨੇ ਪਹਿਨੇ ਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੇ ਹੋਏ ਰਾਸ਼ਨ ਵ਼ੰਡਦੇ ਵਿਖਾਈ ਦਿੰਦੇ ਹਨ।
ਐਡਵੋਕੇਟ ਸ੍ਰੀ ਅਰੋੜਾ ਨੇ ਕਿਹਾ ਕਿ ਸ੍ਰੀ ਸਿੱਧੂ ਦਾ ਇਹ ਕਦਮ ਪੰਜਾਬ ਸਰਕਾਰ ਦੇ ਹੁਕਮ ਦੀ ਉਲੰਘਣਾ ਹੈ। ਇਸ ਲਈ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦੱਸਣਯੋਗ ਹੈਕਿ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਤਰਨਤਾਰਨ ਦੇ ਸਰਕਾਰੀ ਹਸਪਤਾਲ ’ਚ ਡਾਕਟਰਾਂ ਨੂੰ ਸੈਨੀਟਾਈਜ਼ਰ, ਮਾਸਕ ਤੇ ਪੀਪੀਈ ਕਿਟਸ ਵੰਡ ਕੇ ਵਿਸਾਖੀ ਮਨਾਈ ਸੀ। ਕੁਝ ਦਿਨ ਪਹਿਲਾਂ ਤਰਨ ਤਾਰਨ ਦੇ ਸਰਕਾਰੀ ਹਸਪਤਾਲ ਦੇ ਮੈਡੀਕਲ ਸਟਾਫ਼ ਤੇ 108 ਐਂਬੂਲੈਂਸ ਦੇ ਕਰਮਚਾਰੀਆਂ ਕੋਲ ਸੁਰੱਖਿਆ ਉਪਕਰਣ ਤੇ ਮਾਸਕ ਨਾ ਹੋਣ ਦੀ ਖ਼ਬਰ ਆਈ ਸੀ ਜਿਸ ਤੋਂ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਮੈਡੀਕਲ ਉਪਕਰਣ ਮੁਹੱਈਆ ਕਰਵਾਏ ਸਨ।
ਇਸ ਦੌਰਾਨ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਅੰਦਾਜ਼ ’ਚ ਡਾਕਟਰਾਂ ਦੀ ਹੌਸਲ ਅਫ਼ਜ਼ਾਈ ਕਰਦਿਆਂ ਕਿਹਾ ਕਿ ਇਸ ਸੰਕਟ ’ਚ ਡਾਕਟਰ ਦੇਸ਼ ਦੀਆਂ ਸਰਹੱਦਾਂ ਉੱਤੇ ਰਾਖੀ ਕਰ ਰਹੇ ਫ਼ੌਜੀਆਂ ਵਾਂਗ ਕੋਰੋਨਾ ਵਿਰੁੱਧ ਜੰਗ ਲੜ ਰਹੇ ਹਨ।
ਉਨ੍ਹਾਂ ਡਾਕਟਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਹਰ ਵੇਲੇ ਉਨ੍ਹਾਂ ਦੇ ਨਾਲ ਹਨ। ਇਸ ਤੋਂ ਬਾਅਦ ਉਹ ਮੀਡੀਆ ਨਾਲ ਕੋਈ ਗੱਲਬਾਤ ਕੀਤੇ ਬਿਨਾ ਹੀ ਉੱਥੋਂ ਚਲੇ ਗਏ। ਇੱਥੇ ਵਰਨਣਯੋਗ ਹੈ ਕਿ ਸ੍ਰੀ ਸਿੱਧੂ ਨੇ ਪਿਛਲੇ ਲੰਮੇ ਤੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ।
ਇੱਥੇ ਵਰਨਣਯੋਗ ਹੈ ਕਿ ਕੋਰੋਨਾ ਵਾਇਰਸ ਨੇ ਭਾਰਤ ਸਮੇਤ ਪੂਰੀ ਦੁਨੀਆ ਨੂੰ ਜਕੜਿਆ ਹੋਇਆ ਹੈ। ਮੋਦੀ ਸਰਕਾਰ ਨੇ ਜਾਨਲੇਵਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼–ਪੱਧਰੀ ਲੌਕਡਾਊਨ ਕਰ ਰੱਖਿਆ ਹੈ। ਦੇਸ਼ ਭਰ ’ਚ ਸੋਸ਼ਲ ਡਿਸਟੈਂਸਿੰਗ ਸਮੇਤ ਬਚਾਅ ਦੇ ਸਾਰੇ ਰਾਹ ਅਪਣਾਏ ਜਾ ਰਹੇ ਹਨ। ਕਿਸੇ ਨੂੰ ਘਰਾਂ ਤੋਂ ਬਾਹਰ ਨਹੀਂ ਨਿੱਕਲਣ ਦਿੱਤਾ ਜਾ ਰਿਹਾ।
ਇਸ ਦੇ ਬਾਵਜੂਦ ਭਾਰਤ ’ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ‘ਇੰਡੀਆ ਟੂਡੇ’ ਪ੍ਰਕਾਸ਼ਨ ਸਮੂਹ ਅਤੇ ਟੀਵੀ ਚੈਨਲ ‘ਆਜ ਤੱਕ’ ਦੀ ਇੱਕ ਰਿਪੋਰਟ ਮੁਤਾਬਕ ਜੇ ਕੋਈ ਆਗੂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦਾ ਹੈ ਤੇ ਬਿਨਾ ਮਾਸਕ ਪਹਿਨੇ ਜਨਤਕ ਸਥਾਨ ’ਤੇ ਜਾਂਦਾ ਹੈ, ਤਾਂ ਸੁਆਲ ਉੱਠਣਾ ਲਾਜ਼ਮੀ ਹੈ।