
(ਹਰਜੀਤ ਲਸਾੜਾ, ਬ੍ਰਿਸਬੇਨ 25 ਫਰਵਰੀ) ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਹੇ ਪ੍ਰਸਿੱਧ ਕਲਾਕਾਰ ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਅੱਜ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ। ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਤੋਂ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, ਪੰਜਾਬੀ ਲੇਖਕ ਸਭਾ, ਕਮਿਊਨਟੀ ਰੇਡੀਓ ਫੋਰ ਈਬੀ ਦੇ ਪੰਜਾਬੀ ਭਾਸ਼ਾ ਗਰੁੱਪ ਅਤੇ ਉਸਾਰੂ ਪੰਜਾਬੀ ਹਿਤੈਸ਼ੀਆਂ ਨੇ ਆਪਣੇ ਸੋਗ ਸੰਦੇਸ਼ ‘ਚ ਪੰਜਾਬੀ ਗਾਇਕੀ ਦੇ ਇਸ ਅਨਮੋਲ ਰਤਨ ਦੀ ਦੁਖਦਾਇਕ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਜਸਵੰਤ ਵਾਗਲਾ ਨੇ ਕਿਹਾ ਕਿ ਮਰਹੂਮ ਗਾਇਕ ਵੱਲੋਂ ਆਪਣੀ ਕਲਾਂ ਰਾਹੀਂ ਕੀਤੀ ਗਈ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਸਦਾ ਯਾਦ ਰੱਖਿਆ ਜਾਵੇਗਾ। ਪ੍ਰੈੱਸ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਗਾਇਕੀ ਦੇ ਥੰਮ ਸਰਦੂਲ ਸਿਕੰਦਰ ਦੇ ਇਸ ਫ਼ਾਨੀ ਦੁਨੀਆਂ ਤੋਂ ਤੁਰ ਜਾਣ ਨਾਲ ਪੰਜਾਬੀ ਮਾਂ ਬੋਲੀ, ਸੱਭਿਆਚਾਰ ਅਤੇ ਕਲਾਕਾਰ ਜਗਤ ਨੂੰ ਨਾ ਪੁਰਿਆ ਜਾਣ ਵਾਲਾ ਘਾਟਾ ਪਿਆ ਹੈ। ਕਮਿਊਨਟੀ ਰੇਡੀਓ ਫੋਰ ਈਬੀ ਦੇ ਪੰਜਾਬੀ ਭਾਸ਼ਾ ਗਰੁੱਪ ਦੇ ਕਨਵੀਨਰ ਹਰਜੀਤ ਲਸਾੜਾ ਵੱਲੋਂ ਸਰਕਾਰ ਵੱਲੋਂ ਮਰਹੂਮ ਦੇ ਇਲਾਜ ਲਈ ਦਿੱਤੀ ਵਿੱਤੀ ਸਹਾਇਤਾ ਦੀ ਹਮਾਇਤ ਕੀਤੀ ਅਤੇ ਕਿਹਾ ਕਿ ਆਉਂਦੇ ਸ਼ਨਿਚਰਵਾਰ ਪੰਜਾਬੀ ਭਾਸ਼ਾ ਗਰੁੱਪ ਮਰਹੂਮ ਨੂੰ ਸਮ੍ਰਪਿੱਤ ਵਿਸ਼ੇਸ਼ ਲਾਈਵ ਰੇਡੀਓ ਪ੍ਰੋਗਰਾਮ ਰਾਹੀਂ ਆਪਣੀ ਸ਼ਰਧਾਂਜਲੀ ਭੇਂਟ ਕਰਨਗੇ। ਜਿਸ ਵਿੱਚ ਦੇਸ਼-ਵਿਦੇਸ਼ ਤੋਂ ਸਰੋਤੇ ਹਿੱਸਾ ਬਣ ਸਕਦੇ ਹਨ। ਕਵੀ ਅਤੇ ਗੀਤਕਾਰ ਸੁਰਜੀਤ ਸੰਧੂ, ਗੀਤਕਾਰ ਗੁਰਮੁੱਖਜੀਤ, ਕਮਲ, ਜ਼ੋਰਾ ਲਸਾੜਾ, ਗੁਰਚਰਨ ਲਸਾੜਾ, ਜਸ਼ਨ ਬਡਿਆਲ ਅਤੇ ਗਾਇਕਾਂ ‘ਚ ਹੈਪੀ ਬਣਵੈਤ, ਮਲਕੀਤ ਧਾਲੀਵਾਲ, ਪ੍ਰੀਤ ਸਿਆਂ, ਪੰਮਾ ਲਸਾੜਾ, ਬਲ-ਏ-ਲਸਾੜਾ, ਜਤਿੱਨ ਲਸਾੜਾ, ਲਲਿੱਤ ਸਾਗਰ, ਅਰਸ਼, ਜ਼ੈਜਦੀਪ, ਅਵੀ ਬਾਜਵਾ, ਹੈਪੀ ਚਾਹਲ, ਮਨਮੀਤ ਬੈਂਸ, ਗਿੱਲ ਸ਼ਾਂਤੀ, ਰਾਜਦੀਪ ਲਾਲੀ ਆਦਿ ਵੱਲੋਂ ਵੀ ਮਰਹੂਮ ਦੀ ਬੇਵਕਤੀ ਮੌਤ ‘ਤੇ ਦੁੱਖ ਪ੍ਰਗਟਾਵਾ ਕੀਤਾ ਗਿਆ ਅਤੇ ਪ੍ਰਮਾਤਮਾ ਦੇ ਚਰਨਾ ਵਿੱਚ ਨਿਵਾਸ ਲਈ ਅਰਦਾਸ ਕੀਤੀ ਗਈ। ਮਰਹੂਮ ਗਾਇਕ ਆਪਣੇ ਪਿੱਛੇ ਆਪਣੀ ਪਤਨੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ, ਦੋ ਪੁੱਤਰਾਂ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਨੂੰ ਛੱਡ ਗਏ ਹਨ। ਗਾਇਕ ਸਰਦੂਲ ਸਿਕੰਦਰ ਨੂੰ ਬੁੱਧਵਾਰ ਉਨ੍ਹਾਂ ਦੇ ਪਿੰਡ ਖੇੜੀ ਨੌਧ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਸਪੁਰਦ-ਏ-ਖਾਕ ਕੀਤਾ ਗਿਆ।