
(ਹਰਜੀਤ ਲਸਾੜਾ, 24 ਫਰਵਰੀ) ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ‘ਸਿੰਘ ਸਭਾ ਗੁਰਮੁਖੀ ਸਕੂਲ ਟੈਗਮ’ ਅਤੇ ਗੁਰਦੁਆਰਾ ਸਿੰਘ ਸਭਾ ਟੈਗਮ ਦੇ ਸਾਂਝੇ ਸਹਿਯੋਗ ਨਾਲ ਪੰਜਾਬੀ ਹਿਤੈਸ਼ੀਆਂ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਵੱਖ ਵੱਖ ਬੁਲਾਰਿਆਂ ਵੱਲੋਂ ਆਪਣੀਆਂ ਤਕਰੀਰਾਂ, ਲੇਖਾਂ ਆਦਿ ਨਾਲ ਪੰਜਾਬੀ ਬੋਲੀ ਦਾ ਚਿੰਤਨ ਅਤੇ ਭਵਿੱਖੀ ਲੋੜਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਹਰਜੋਤ ਸਿੰਘ ਲਸਾੜਾ ਨੇ ਹਾਜਰੀਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਮੁੱਚੀ ਪੰਜਾਬੀ ਕੌਮ ਨੂੰ ਆਪਣੀ ਪੰਜਾਬੀਅਤ ਨੂੰ ਬਰਕਰਾਰ ਰੱਖਣਾ ਅਤੇ ਖ਼ਾਸ ਕਰਕੇ ਵਿਦੇਸ਼ਾਂ ‘ਚ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਵੱਲ ਵਧੇਰੇ ਰੁਚਿਤ ਕਰਨਾ ਸਮੇਂ ਦੀ ਮੰਗ ਹੈ। ਹਰਵਿੰਦਰ ਸਿੰਘ ਨੇ ਮੌਜੂਦਾ ਸਮੇਂ ਵਿੱਚ ਨਿਘਰਦੀ ਜਾ ਰਹੀ ਪੰਜਾਬੀ ਦੀ ਸਥਿੱਤੀ ‘ਤੇ ਚਿੰਤਾ ਪ੍ਰਗਟਾਈ। ਅਮਨਦੀਪ ਸਿੰਘ ਪੰਨੂੰ ਅਨੁਸਾਰ ਮਾਂ ਬੋਲੀ ਹਰ ਕੌਮ ਦਾ ਸ਼ਰਮਾਇਆ ਹੁੰਦੀ ਹੈ ਤੇ ਇਸਦੀ ਪੀੜ੍ਹੀ ਦਰ ਪੀੜ੍ਹੀ ਤਰੱਕੀ ਉਸ ਕੌਮ ਦਾ ਮੁੱਢਲਾ ਕਾਰਜ ਹੁੰਦਾ ਹੈ। ਉਹਨਾਂ ਭਾਰਤੀ ਭਾਸ਼ਾਵਾਂ ਖਾਸ ਕਰਕੇ ਪੰਜਾਬੀ ਭਾਸ਼ਾ ਦੇ ਪਛੜਨ ‘ਤੇ ਚਿੰਤਾ ਪ੍ਰਗਟਾਈ ਅਤੇ ਇਸ ਵਰਤਾਰੇ ਨੂੰ ਮੰਦਭਾਗਾ ਕਿਹਾ। ਹਰਵਿੰਦਰ ਕੌਰ ਰਿੱਕੀ, ਹਰਗੀਤ ਕੌਰ, ਬਹਾਦਰ ਸਿੰਘ ਝੱਜ ਆਦਿ ਬੁਲਾਰਿਆਂ ਨੇ ਵਿਦੇਸ਼ਾਂ ‘ਚ ਪੰਜਾਬੀ ਭਾਸ਼ਾ ਦੇ ਪਸਾਰ ਲਈ ਸਾਰਿਆ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਆ। ਸੁਖਮਨ ਸੰਧੂ, ਅਸ਼ਮੀਤ ਸੰਧੂ ਆਦਿ ਬੱਚਿਆਂ ਦੀਆਂ ਰਚਨਾਵਾਂ ਪੰਜਾਬੀ ਬੋਲੀ ਲਈ ਚੰਗਾ ਭਵਿੱਖੀ ਸੁਨੇਹਾ ਦੇਣ ‘ਚ ਕਾਮਯਾਬ ਰਹੀਆਂ।