
✍ਸ਼ਹੀਦ ਸਾਧੂ ਸਿੰਘ ਤਖਤੂਪੁਰਾ
ਸਾਰਾ ਦਿਨ ਬਾਪੂ ਮੇਰਾ ਕਰਦਾ ਹੈ ਵਾਢੀਆਂ ਨੀ,
ਸਾਰਾ ਦਿਨ ਫਿਰਦੀ ਮੈਂ ਸਿਲ੍ਹਾ ਚੁਗਦੀ
ਸਾਨੂੰ ਭੁੱਖਿਆਂ ਨੂੰ
ਸਾਨੂੰ ਭੁੱਖਿਆਂ ਨੂੰ ਹੋਰ ਨਾ ਵਗਾਰ ਪੁੱਗਦੀ।
?ਕਾਲੀਆਂ ਤੇ ਬੂਰੀਆਂ ਦੇ ਵੱਗ ਮੇਰਾ ਵੀਰ ਚਾਰੇ
ਗੋਹਾ ਕੂੜਾ ਸਿਰ ਉੱਤੇ ਮਾਂ ਸੁੱਟਦੀ
ਸਾਨੂੰ ਮਿਲਦੀ ਨਾ
ਸਾਨੂੰ ਮਿਲਦੀ ਨਾ ਪੀਣ ਨੂੰ ਲੱਸੀ ਦੀ ਘੁੱਟ ਵੀ।
?ਮੱਝੀਆਂ ਦੇ ਰੰਗ ਜਿਹੇ ਕਾਲੇ ਰੰਗ ਛੇੜੂਆਂ ਦੇ
ਹਾੜ੍ਹ ਤੇ ਸਿਆਲ ਨੰਗੇ ਪਿੰਡੇ ਫਿਰਦੇ
ਇਹਨਾਂ ਚਾਕਾਂ ਨਾਲ,
ਇਹਨਾਂ ਰਾਂਝਿਆਂ ਨਾ’ ਧੋਖੇ ਹੁੰਦੇ ਬੜੇ ਚਿਰ ਦੇ ।
?ਖੇਡ ਤੇ ਪੜ੍ਹਾਈ ਦੀ ਥਾਂ ਸਾਡਿਆਂ ਨਿਆਣਿਆਂ ਨੂੰ
ਪੈਂਦਾ ਜਿੰਮੇਵਾਰੀਆਂ ਦਾ ਜੂਲਾ ਚੁੱਕਣਾ
ਕਿਸੇ ਰੱਬ ਨੇ,
ਕਿਸੇ ਰੱਬ ਨੇ ਆ ਕੇ ਸਾਡਾ ਹਾਲ ਪੁੱਛਣਾ ।
?ਇੱਜਤਾਂ ਅਸਾਡੀਆਂ ਦਾ ਮੁੱਲ ਥੱਬੀ ਪੱਠਿਆਂ ਦੀ
ਜਦੋਂ ਚਾਹੁਣ ਜੋਰਾਵਰ ਲੈਂਦੇ ਲੁੱਟ ਨੇ
ਸਾਡੇ ਸਬਰਾਂ ਦੇ,
ਸਾਡੇ ਸਬਰਾਂ ਦੇ ਬੰਨ੍ਹ ਹੁਣ ਗਏ ਟੁੱਟ ਨੇ ।
?ਵੇਖਦੇ ਹਾਂ ਅਸੀਂ ਥੋਡੇ ਮੱਥਿਆਂ ‘ਤੇ ਵੇਹਲੜੋ ਵੇ
ਭਖਦੀਆਂ ਸਾਡੇ ਖ਼ੂਨ ਦੀਆਂ ਲਾਲੀਆਂ
ਸਾਡੇ ਚਿਹਰਿਆਂ ‘ਤੇ,
ਸਾਡੇ ਚਿਹਰਿਆਂ ‘ਤੇ ਪਈਆਂ ਤਾਂਹੀਓਂ ਸ਼ਾਹੀਆਂ ਕਾਲੀਆਂ ।
?ਲੋਕਾਂ ਦੀਆਂ ਮਿਹਨਤਾਂ ਦੀ ਹੁੰਦੀ ਜਿਥੇ ਲੁੱਟ ਹੋਵੇ
ਅੱਗ ਲਾਉਣੈ ਇਹੋ ਜਿਹੇ ਲੋਕ ਰਾਜ ਨੂੰ
ਹੁਣ ਕੌਣ ਰੋਕੂ,
ਹੁਣ ਕੌਣ ਰੋਕੂ ਹੱਕ ਸੱਚ ਦੀ ਆਵਾਜ਼ ਨੂੰ ।