
ਫੁੱਲ ਜਦ ਮਹਿਕਣ ਲੱਗ ਪੈਂਦੇ ਨੇ।
ਭੌਰੇ ਮਚਲਣ ਲੱਗ ਪੈਂਦੇ ਨੇ।
ਉਸ ਦੇ ਬੋਲ ਸੁਣਾਂ, ਤਾਂ ਕੰਨੀਂ,
ਨਗ਼ਮੇ ਗੂੰਜਣ ਲੱਗ ਪੈਂਦੇ ਨੇ।
ਜਦ ਉਹ ਰੁੱਸੇ, ਮੇਰੇ ਦਿਲ ਵਿਚ,
ਜਜ਼ਬੇ ਡੁਸਕਣ ਲੱਗ ਪੈਂਦੇ ਨੇ।
ਜਦ ਵੀ ਹੋਵੇ ਖੀਸਾ ਖਾਲੀ,
ਸਾਥੀ ਖਿਸਕਣ ਲੱਗ ਪੈਂਦੇ ਨੇ।
ਜਦ ਮੈਂ ਆਖਾਂ, ‘ਤੂੰ ਮਨਮੋਹਣਾ’,
ਉਹ ਸ਼ਰਮਾਵਣ ਲੱਗ ਪੈਂਦੇ ਨੇ।
ਖੁਸ਼ੀਆਂ ਦੇ ਦਿਨ ਛੋਟੇ ਹੋਵਣ..
ਜਲਦੀ ਲੰਘਣ ਲੱਗ ਪੈਂਦੇ ਨੇ।
ਵੇਖ ਮੁਹੱਬਤ ਦਾ ਤੂੰ ਜਾਦੂ…
ਗੂੰਗੇ ਬੋਲਣ ਲੱਗ ਪੈਂਦੇ ਨੇ।
ਜੇਕਰ ‘ਕੱਲੇ ਰਹਿ ਜਾਵਣ ਤਾਂ,
ਰੁੱਖ ਵੀ ਸੁੱਕਣ ਲੱਗ ਪੈਂਦੇ ਨੇ।
ਪੈਦਾ ਹੁੰਦੈ , ਸ਼ੱਕ ਜਦੋਂ ਵੀ ,
ਰਿਸ਼ਤੇ ਤਿੜਕਣ ਲੱਗ ਪੈਂਦੇ ਨੇ।
ਮਾਪੇ ਘਰ ਤੋਂ ਕੱਢਕੇ ਲੋਕੀਂ,
ਕੁੱਤੇ ਪਾਲਣ ਲੱਗ ਪੈਂਦੇ ਨੇ।
ਵਕਤ ਬਦਲਦਾ ਜਦ ਬੰਦੇ ਦਾ,
ਨਾਂ ਵੀ ਬਦਲਣ ਲੱਗ ਪੈਂਦੇ ਨੇ।
ਲੜਨਾ ਪੈਂਦੈ, ਗੈਰ ਜਦੋਂ ਵੀ
ਹਿੰਮਤ ਪਰਖਣ ਲੱਗ ਪੈਂਦੇ ਨੇ।
ਪੱਗ ਬਚਾਉਣੀ ਮੁਸ਼ਕਿਲ ਹੁੰਦੀ …
ਜਦ ਲੜ ਢਿਲਕਣ ਲੱਗ ਪੈਂਦੇ ਨੇ।