
ਹਿਰਾਸਤੀ ਅੰਦੋਲਨਕਾਰੀਆਂ ਦੀ ਫੌਰੀ ਰਿਹਾਈ ਲਈ ਅਪੀਲ
(ਹਰਜੀਤ ਲਸਾੜਾ, ਬ੍ਰਿਸਬੇਨ 13 ਫ਼ਰਵਰੀ) ਇੱਥੇ ਵੱਖ ਵੱਖ ਜਥੇਬੰਦੀਆਂ ਦੇ ਸਮੂਹ ਵੱਲੋਂ ‘ਸਪੋਰਟ ਫਾਰ ਇੰਡੀਅਨ ਫਾਰਮਰਜ਼ ਐਂਡ ਵਰਕਰਜ਼ ਐਸੋਸੀਏਸ਼ਨ’ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ ਦੀ ਅਗਵਾਈ ਹੇਠ ਭਾਰਤੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਬ੍ਰਿਸਬੇਨ ਸਥਿਤ ਭਾਰਤੀ ਕੌਂਸਲੇਟ ਨੂੰ ਇਕ ਕਿਸਾਨ ਹਿਤੈਸ਼ੀ ਮੰਗ ਪੱਤਰ ਸੌਂਪਿਆ ਗਿਆ ਅਤੇ ਇਸਨੂੰ ਸਮੁੱਚੇ ਭਾਈਚਾਰਿਆਂ ਦੀ ਸਾਂਝੀ ਅਵਾਜ਼ ਦੱਸਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਤਰੁੰਤ ਪਹੁੰਚਦਾ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਗਈ। ਸਮੂਹ ਸੰਸਥਾਵਾਂ ਦੇ ਆਗੂਆਂ ਅਤੇ ਸਥਾਨਕ ਭਾਈਚਾਰੇ ਦੀ ਹਾਜ਼ਰੀ ‘ਚ ਭਾਰਤੀ ਕੌਂਸਲੇਟ ਵਿਖੇ ਭਾਰਤੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਸ਼ਾਂਤਮਈ ਤਰੀਕੇ ਨਾਲ ਉਨ੍ਹਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੀ ਮਜ਼ਦੂਰ ਅਧਿਕਾਰ ਸੰਗਠਨ ਦੀ ਆਗੂ ਨੌਦੀਪ ਕੌਰ ਅਤੇ ਬਾਕੀ ਸਾਰਿਆਂ ਦੀ ਦਿੱਲੀ ਪੁਲੀਸ ਵੱਲੋਂ ਕੀਤੀ ਗ੍ਰਿਫ਼ਤਾਰੀ ਅਤੇ ਢਾਹੇ ਅਣਮਨੁੱਖੀ ਜਬਰ ਜਨਾਹ ‘ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆ ਇਸਨੂੰ ਲੋਕਤੰਤਰ ਦਾ ਸਿੱਧਾ ਘਾਣ ਦੱਸਿਆ ਅਤੇ ਸਾਰਿਆਂ ਦੀ ਤਰੁੰਤ ਰਿਹਾਈ ਦੀ ਮੰਗ ਨੀ ਕੀਤੀ। ਗੌਰਤਲਬ ਹੈ ਕਿ ਇਹ ਮਾਮਲਾ ਕੌਮਾਂਤਰੀ ਪੱਧਰ ਉੱਤੇ ਵੀ ਜੋਰ ਫੜ ਗਿਆ ਹੈ ਜਿਸ ਕਾਰਨ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਈ ਹਸਤੀਆਂ ਨੇ ਪੁਲੀਸ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ। ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਟਰੇਡ ਯੂਨੀਅਨ ਦੀ ਆਗੂ ਨੌਦੀਪ ਕੌਰ ਦੀ ਗ੍ਰਿਫ਼ਤਾਰੀ ਤੋਂ ਚਾਰ ਹਫਤੇ ਬਾਅਦ ਵੀ ਉਸਦੀ ਰਿਹਾਈ ਨਹੀਂ ਹੋਈ ਹੈ। ਉਹਨਾਂ ਇਸ ਵਰਤਾਰੇ ਨੂੰ ਬੇਹੱਦ ਨਿੰਦਣਯੋਗ ਦੱਸਿਆ ਅਤੇ ਕਿਹਾ ਕਿ ਕਿਸਾਨਾਂ, ਮਜਦੂਰਾਂ ਅਤੇ ਉਨ੍ਹਾਂ ਦੇ ਹੱਕ ਵਿਚ ਅੱਗੇ ਆਉਣ ਵਾਲਿਆਂ ‘ਤੇ ਕੀਤੇ ਜਾ ਰਹੇ ਅਤਿਆਚਾਰ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ।