
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 12 ਫਰਵਰੀ 2021
ਦੁਨੀਆਂ ਵਿੱਚ ਅਜਿਹੇ ਲੋਕ ਵੀ ਰਹਿੰਦੇ ਹਨ ,ਜੋ ਆਪਣੇ ਫਾਇਦੇ ਲਈ ਕਿਸੇ ਵੀ ਹੱਦ ਤੱਕ ਅਤੇ ਕੋਈ ਵੀ ਕੰਮ ਕਰਨ ਤੋਂ ਗੁਰੇਜ਼ ਨਹੀ ਕਰਦੇ। ਅਮਰੀਕੀ ਸੂਬੇ ਮਿਸੂਰੀ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਇੱਕ ਫਿਉਨਰਲ ਹੋਮ ਦੀ ਵੈਨ ਨੂੰ ਲਾਸ਼ ਸਮੇਤ ਚੋਰੀ ਕਰ ਲਿਆ ਹੈ। ਇਸ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਵੀਰਵਾਰ ਦੀ ਸਵੇਰ ਸੇਂਟ ਲੂਇਸ ਖੇਤਰ ਦੇ ਅੰਤਿਮ ਸੰਸਕਾਰ ਘਰ ਦੀ ਚਾਲੂ ਸਥਿਤੀ ਵਿੱਚ ਛੱਡੀ ਵੈਨ ਨੂੰ ਇੱਕ ਗੈਸ ਸਟੇਸ਼ਨ ਦੇ ਬਾਹਰੋਂ ਚੋਰੀ ਕੀਤਾ ਗਿਆ ਹੈ। ਸੇਂਟ ਲੂਇਸ ਕਾਉਂਟੀ ਦੇ ਅਧਿਕਾਰੀਆਂ ਅਨੁਸਾਰ ਵੀਰਵਾਰ ਸ਼ਾਮ ਤੱਕ ਵੈਨ ਜਾਂ ਲਾਸ਼ ਬਰਾਮਦ ਨਹੀ ਹੋਈ ਸੀ। ਇਸ ਮਾਮਲੇ ਵਿੱਚ ਜਾਂਚਕਰਤਾ ਦੋ ਸ਼ੱਕੀ ਵਿਅਕਤੀਆਂ, ਜਿਹਨਾਂ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਸ਼ਾਮਿਲ ਹਨ ,ਦੀ ਭਾਲ ਕਰ ਰਹੇ ਹਨ। ਪੁਲਿਸ ਦੁਆਰਾ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਸਵੇਰ ਦੇ 10 ਵਜੇ ਚੋਰੀ ਹੋਈ ਇਸ ਵੈਨ ਨੂੰ ਅੰਤਿਮ ਸੰਸਕਾਰ ਘਰ ਦੀ ਵੈਨ ਵਜੋਂ ਦਰਸਾਇਆ ਗਿਆ ਸੀ। ਜਦਕਿ ਇਸ ਸੰਬੰਧੀ ਅੰਤਿਮ ਸਸਕਾਰ ਘਰ ਦੇ ਇੱਕ ਮੈਨੇਜਰ ਅਨੁਸਾਰ ਵੈਨ ਚਾਲੂ ਹਾਲਤ ਵਿੱਚ ਨਹੀਂ ਛੱਡੀ ਗਈ ਸੀ ਅਤੇ ਵੈਨ ਡਰਾਈਵਰ ਨੂੰ ਇਸ ਚੋਰੀ ਲਈ ਅਫ਼ਸੋਸ ਹੈ।ਪੁਲਿਸ ਅਨੁਸਾਰ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਕਿਸੇ ਨੇ ਅੰਤਿਮ ਸੰਸਕਾਰ ਘਰ ਨਾਲ ਸਬੰਧਤ ਵਾਹਨ ਚੋਰੀ ਕੀਤਾ ਹੈ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸਦੇ ਇਲਾਵਾ ਅਧਿਕਾਰੀਆਂ ਦੁਆਰਾ ਇਸ ਚੋਰੀ ਦੀ ਜਾਂਚ ਜਾਰੀ ਹੈ।