
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 12 ਫਰਵਰੀ 2021
ਮਿਨੇਸੋਟਾ ਦੇ ਇੱਕ ਸਿਹਤ ਕਲੀਨਿਕ ਵਿੱਚ ਮੰਗਲਵਾਰ ਨੂੰ ਹੋਈ ਗੋਲੀਬਾਰੀ ਦੇ ਜ਼ਿੰਮੇਵਾਰ ਵਿਅਕਤੀ ‘ਤੇ ਵੀਰਵਾਰ ਨੂੰ ਕਤਲ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੇ ਨਾਲ ਚਾਰ ਹੋਰ ਜ਼ਖਮੀ ਹੋ ਗਏ ਸਨ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਦੀ ਇੱਕ ਅਪਰਾਧਿਕ ਸ਼ਿਕਾਇਤ ਅਨੁਸਾਰ 67 ਸਾਲਾ ਗ੍ਰੇਗਰੀ ਅਲਰਿਚ ‘ਤੇ ਦੂਜੀ ਡਿਗਰੀ ਕਤਲ, ਚਾਰ ਕਤਲਾਂ ਦੀ ਕੋਸ਼ਿਸ਼ ਦਾ ਮਾਮਲਾ ,ਧਮਾਕੇ ਵਾਲੇ ਯੰਤਰ ਦੀ ਵਰਤੋਂ ਕਰਨ ਅਤੇ ਬਿਨਾਂ ਕਿਸੇ ਪਰਮਿਟ ਦੇ ਪਿਸਤੌਲ ਰੱਖਣ ਦੇ ਦੋਸ਼ ਲਗਾਏ ਗਏ ਹਨ। ਇਸ ਅਪਰਾਧਿਕ ਸ਼ਿਕਾਇਤ ਦੇ ਅਨੁਸਾਰ, ਅਲਰਿਚ ਸਵੇਰੇ 11 ਵਜੇ ਤੋਂ ਪਹਿਲਾਂ ਕਲੀਨਿਕ ਵਿੱਚ ਦਾਖਲ ਹੋਇਆ ਅਤੇ ਅਰਧ ਆਟੋਮੈਟਿਕ ਹੈਂਡਗਨ ਨਾਲ ਸਟਾਫ ਨੂੰ ਧਮਕੀਆਂ ਦੇਣ ਉਪਰੰਤ ਰਿਸੈਪਸ਼ਨ ਏਰੀਆ ਵਿੱਚ ਦਾਖਲ ਹੋ ਕੇ ਦੋ ਪੀੜਤਾਂ ਨੂੰ ਗੋਲੀ ਮਾਰੀ। ਇਸਦੇ ਬਾਅਦ ਅਲਰਿਚ ਨੇ ਕਲੀਨਿਕ ਦੇ ਅੰਦਰਲੇ ਹਿੱਸੇ ਵਿਚ ਜਾ ਕੇ ਤਿੰਨ ਹੋਰ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ । ਇਸ ਗੋਲੀਬਾਰੀ ਨਾਲ ਪਹਿਲੇ ਚਾਰ ਪੀੜਤ ਬਚ ਗਏ, ਪਰ ਆਖਰੀ ਪੀੜਤ,ਗੋਲੀ ਲੱਗਣ ਕਾਰਨ ਜਿਗਰ ਅਤੇ ਰੀੜ੍ਹ ਦੀ ਹੱਡੀ ਦੀ ਸੱਟ ਨਾਂ ਸਹਾਰਦੀ ਹੋਈ ਆਪਣੀ ਜਾਨ ਗਵਾ ਬੈਠੀ।ਇਸ ਮ੍ਰਿਤਕ ਮਹਿਲਾ ਦੀ ਪਛਾਣ ਅਲੀਨਾ ਹੈਲਥ ਦੀ 37 ਸਾਲਾਂ ਮੈਡੀਕਲ ਸਹਾਇਕ ਲਿੰਡਸੇ ਓਵਰਬੇ ਵਜੋਂ ਹੋਈ ਹੈ, ਜਿਸ ਨੇ ਨਵੰਬਰ 2018 ਤੋਂ ਅਲੀਨਾ ਸਿਹਤ ਕਲੀਨਿਕ ਵਿੱਚ ਕੰਮ ਸ਼ੁਰੂ ਕੀਤਾ ਸੀ। ਅਧਿਕਾਰੀਆਂ ਅਨੁਸਾਰ ਗੋਲੀਬਾਰੀ ਦੇ ਬਾਅਦ ਸਵੇਰੇ ਤਕਰੀਬਨ 10:58 ਵਜੇ, ਅਲਰਿਚ ਨੇ 911 ‘ਤੇ ਫੋਨ ਕਰਕੇ ਆਤਮ ਸਮਰਪਣ ਕਰਨ ਦੀ ਗੱਲ ਕੀਤੀ, ਜਿਸ ਉਪਰੰਤ ਪੁਲਿਸ ਦੁਆਰਾ ਦੋਸ਼ੀ ਨੂੰ ਹਿਰਾਸਤ ਵਿੱਚ ਲਿਆ ਗਿਆ।