
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 12 ਫਰਵਰੀ 2021
ਅਮਰੀਕਾ ਦੇ ਸੂਬੇ ਕੈਲੀਫੋਰਨੀਆ ‘ਚ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਨੇ ਨਿਊਯਾਰਕ ਨੂੰ ਪਛਾੜ ਦਿੱਤਾ ਹੈ। ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਨੇ ਵੀਰਵਾਰ ਨੂੰ ਪੁਸ਼ਟੀ ਕਰਦਿਆਂ ਦੱਸਿਆ ਕਿ ਕੈਲੀਫੋਰਨੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ ਤਕਰੀਬਨ 45,496 ਤੇ ਪਹੁੰਚ ਗਈ ਹੈ, ਜੋ ਕਿ ਨਿਊਯਾਰਕ ਵਿੱਚ 45,312 ਹੋਈਆਂ ਮੌਤਾਂ ਦੀ ਗਿਣਤੀ ਨੂੰ ਪਾਰ ਕਰ ਗਈ ਹੈ। ਸੂਬੇ ਦੇ ਸਿਹਤ ਵਿਭਾਗ ਅਨੁਸਾਰ ਕੈਲੀਫੋਰਨੀਆ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਵਿੱਚ ਸੁਧਾਰ ਆ ਰਿਹਾ ਹੈ।ਸਿਹਤ ਵਿਭਾਗ ਦੇ ਅਨੁਸਾਰ, ਸਭ ਤੋਂ ਤਾਜ਼ਾ ਸੱਤ ਦਿਨਾਂ ਦੀ ਟੈਸਟ ਸਕਾਰਾਤਮਕਤਾ ਦਰ ਘਟ ਕੇ 8% ‘ਤੇ ਆ ਗਈ ਹੈ। ਇਸ ਸੰਬੰਧੀ ਨਵੇਂ ਪੁਸ਼ਟੀ ਹੋਏ ਸਕਾਰਾਤਮਕ ਮਾਮਲਿਆਂ ਦੀ ਰੋਜ਼ਾਨਾ ਗਿਣਤੀ ਤਕਰੀਬਨ 8,390 ਦਰਜ਼ ਕੀਤੀ ਗਈ ਹੈ, ਜੋ ਕਿ ਦਸੰਬਰ ਵਿੱਚ 53,000 ਤੋਂ ਵੱਧ ਸੀ। ਹਾਲਾਂਕਿ ਕੈਲੀਫੋਰਨੀਆ, ਇਸ ਵੇਲੇ ਕੋਰੋਨਾ ਟੀਕੇ ਦੀ ਘਾਟ ਨਾਲ ਜੂਝ ਰਿਹਾ ਹੈ ,ਜਿਸ ਨਾਲ ਕਿ ਸੂਬੇ ਦੀ ਟੀਕਾਕਰਨ ਪ੍ਰਕਿਰਿਆ ਵਿੱਚ ਰੁਕਾਵਟ ਆ ਰਹੀ ਹੈ। ਸੂਬੇ ਦੀ ਕਾਉਂਟੀ ਲਾਸ ਏਂਜਲਸ ‘ਚ ਕੋਰੋਨਾ ਟੀਕਿਆਂ ਦੀ ਸਪਲਾਈ ਵਿੱਚ ਘਾਟ ਕਾਰਨ ਇਸਦੇ ਟੀਕਾਕਰਨ ਕੇਂਦਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ, ਜਿਸ ਵਿਚ ਡੋਜਰ ਸਟੇਡੀਅਮ ਵੀ ਸ਼ਾਮਿਲ ਹੈ। ਲਾਸ ਏਂਜਲਸ ਦੇ ਮੇਅਰ ਐਰਿਕ ਗਰਸੇਟੀ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਸ਼ਹਿਰ ਵੀਰਵਾਰ ਤੱਕ ਆਪਣੀ ਮੋਡਰਨਾ ਦੀ ਪਹਿਲੀ ਖੁਰਾਕ ਦੀ ਸਪਲਾਈ ਖ਼ਤਮ ਕਰ ਲਵੇਗਾ , ਜਿਸ ਕਰਕੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਡਰਾਈਵ-ਥਰੂ ਅਤੇ ਵਾਕ-ਅਪ ਟੀਕਾਕਰਨ ਦੀਆਂ ਥਾਵਾਂ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ, ਹਾਲਾਂਕਿ ਛੋਟੇ ਮੋਬਾਈਲ ਟੀਕਾਕਰਨ ਕਲੀਨਿਕ ਇਸ ਦੌਰਾਨ ਆਪਣਾ ਕੰਮ ਜਾਰੀ ਰੱਖਣਗੇ।