
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 12 ਫਰਵਰੀ 2021
ਅਮਰੀਕਾ ਵਿੱਚ ਹੋ ਰਹੀ ਭਾਰੀ ਬਰਫਬਾਰੀ ਹੋਰਾਂ ਰੁਕਾਵਟਾਂ ਦੇ ਨਾਲ ਨਾਲ ਕਈ ਮੌਤਾਂ ਦੀ ਵਜ੍ਹਾ ਵੀ ਬਣ ਰਹੀ ਹੈ। ਅਜਿਹਾ ਹੀ ਬਰਫੀਲਾ ਮੌਸਮ ਵੀਰਵਾਰ ਨੂੰ ਟੈਕਸਾਸ ਦੇ ਇੰਟਰਸਟੇਟ ਹਾਈਵੇਅ ‘ਤੇ 130 ਤੋਂ ਵੱਧ ਵਾਹਨਾਂ ਦੀ ਟੱਕਰ ਦੇ ਨਾਲ ਛੇ ਮੌਤਾਂ ਅਤੇ ਦਰਜਨਾਂ ਦੇ ਜ਼ਖਮੀ ਹੋਣ ਦਾ ਕਾਰਨ ਬਣਿਆ ਹੈ। ਡਾਊਨ ਟਾਊਨ ਫੋਰਟ ਵਰਥ ਦੇ ਨੇੜੇ ਅੰਤਰਰਾਜੀ 35 ‘ਤੇ ਹੋਏ ਹਾਦਸੇ ਦੇ ਸਥਾਨ ‘ਤੇ ਵੱਡੀ ਗਿਣਤੀ ਵਿੱਚ ਸੈਮੀਟੇਲਰ, ਕਾਰਾਂ ਅਤੇ ਟਰੱਕਾਂ ਦੀ ਆਪਸ ਵਿੱਚ ਟੱਕਰ ਹੋ ਗਈ ਅਤੇ ਕਈ ਵਾਹਨ ਇੱਕ ਦੂਜੇ ਉੱਪਰ ਚੜ ਵੀ ਗਏ। ਇਸ ਹਾਦਸੇ ਸੰਬੰਧੀ ਫੋਰਟ ਵਰਥ ਫਾਇਰ ਵਿਭਾਗ ਦੇ ਚੀਫ਼ ਜਿਮ ਡੇਵਿਸ ਅਨੁਸਾਰ ਬਹੁਤ ਸਾਰੇ ਲੋਕ ਆਪਣੇ ਵਾਹਨਾਂ ਵਿੱਚ ਫਸ ਗਏ ਸਨ ਅਤੇ ਉਨ੍ਹਾਂ ਨੂੰ ਸਫਲਤਾ ਪੂਰਵਕ ਕੱਢਣ ਲਈ ਹਾਈਡ੍ਰੌਲਿਕ ਉਪਕਰਣਾਂ ਦੀ ਜਰੂਰਤ ਪਈ । ਇਸ ਖੇਤਰ ਵਿੱਚ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਵਾਲੀ ਸੰਸਥਾ ਮੈਡਸਟਾਰ ਦੇ ਬੁਲਾਰੇ, ਮੈਟ ਜ਼ਾਵਡੇਸਕੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਘੱਟੋ ਘੱਟ 65 ਵਿਅਕਤੀਆਂ ਦਾ ਹਸਪਤਾਲਾਂ ਵਿੱਚ ਇਲਾਜ ਕੀਤਾ ਗਿਆ, ਜਿਨ੍ਹਾਂ ਵਿੱਚੋਂ 36 ਵਿਅਕਤੀਆਂ ਨੂੰ ਹਾਦਸੇ ਵਾਲੀ ਜਗ੍ਹਾ ਤੋਂ ਐਂਬੂਲੈਂਸ ਨੇ ਹਸਪਤਾਲ ਵਿੱਚ ਪਹੁਚਾਇਆ ਜਦਕਿ ਕਈ ਹੋਰ ਲੋਕਾਂ ਦਾ ਘਟਨਾ ਸਥਾਨ ‘ਤੇ ਵੀ ਇਲਾਜ ਕੀਤਾ ਗਿਆ । ਸਵੇਰੇ 6 ਵਜੇ ਵਾਪਰੇ ਇਸ ਹਾਦਸੇ ਵਿੱਚ ਬਹੁਤ ਸਾਰੇ ਹਸਪਤਾਲ ਅਤੇ ਐਮਰਜੈਂਸੀ ਕਰਮਚਾਰੀ ਜੋ ਕੰਮ ਤੇ ਜਾ ਰਹੇ ਸਨ, ਵੀ ਇਸ ਹਾਦਸੇ ਵਿੱਚ ਸ਼ਾਮਿਲ ਸਨ। ਇਸਦੇ ਇਲਾਵਾ ਕਈ ਲਈ ਪੁਲਿਸ ਅਧਿਕਾਰੀ ਵੀ ਇਸ ਟੱਕਰ ‘ਚ ਸ਼ਾਮਿਲ ਸਨ। ਇਸਦੇ ਇਲਾਵਾ ਮੌਸਮ ਵਿਭਾਗ ਸੇਵਾ ਦੇ ਅਨੁਸਾਰ ਬਰਫ ਦਾ ਇਹ ਤੂਫਾਨ ਇੱਕ ਧਰੁਵੀ ਭੰਡਾਰ ਦੇ ਰੂਪ ਵਿੱਚ ਆਇਆ ਜੋ ਕਿ ਅਮਰੀਕਾ ਕੈਨੇਡਾ ਦੀ ਸਰਹੱਦ ਦੇ ਨੇੜ ਚਲਾ ਗਿਆ ਹੈ।