
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 11 ਫਰਵਰੀ 2021
ਟੈਕਸਾਸ ਸੂਬੇ ਦੇ ਇੱਕ ਵਿਅਕਤੀ ਨੇ ਕਾਂਗਰਸ ਪ੍ਰਤੀਨਿਧ ਮਹਿਲਾ ਦੇ ਘਰ ਬਾਹਰ ਆਪਣੇ ਆਪ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ ਹੈ। ਇਸ ਘਟਨਾ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਬੁੱਧਵਾਰ ਨੂੰ 4 ਵਜੇ ਤੋਂ ਪਹਿਲਾਂ ਟੈਕਸਾਸ ਦੀ ਰਿਪਬਲਿਕਨ ਕਾਂਗਰਸ ਪ੍ਰਤੀਨਿਧ ਬੈਥ ਵੈਨ ਡਯਨੇ ਦੇ ਇਰਵਿੰਗ ਸਥਿਤ ਘਰ ਦੇ ਸਾਹਮਣੇ ਖੁਦ ਨੂੰ ਗੋਲੀ ਮਾਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ ਤੇ ਕਾਰਵਾਈ ਕਰਨ ਦੌਰਾਨ ਪੀੜਤ ਦੀ ਗੋਲੀ ਲੱਗੀ ਲਾਸ਼ ਨੂੰ ਫੁੱਟਪਾਥ ਤੋਂ ਬਰਾਮਦ ਕੀਤਾ ਜਦਕਿ ਮ੍ਰਿਤਕ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ। ਇਹ ਰਿਪਬਲਿਕਨ ਮਹਿਲਾ ਵੈਨ ਡਯਨੇ ਜੋ ਕਿ ਇਰਵਿੰਗ ਦੀ ਸਾਬਕਾ ਮੇਅਰ ਹੈ , ਹਾਲ ਹੀ ਵਿੱਚ ਸਦਨ ‘ਚ ਸੇਵਾਵਾਂ ਦੇਣ ਲਈ ਚੁਣੀ ਗਈ ਹੈ। ਜਿਸ ਸਮੇਂ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰੀ ਤਾਂ ਉਸ ਵੇਲੇ ਡਯਨੇ ਘਰ ਵਿੱਚ ਮੌਜੂਦ ਸੀ ਅਤੇ ਉਸਨੇ ਗੋਲੀ ਦੀ ਆਵਾਜ਼ ਸੁਣਕੇ ਆਪਣੇ ਘਰ ਸਾਹਮਣੇ ਲਾਸ਼ ਦੇਖ ਕੇ ਪੁਲਿਸ ਨੂੰ ਬੁਲਾਇਆ। ਪੁਲਿਸ ਅਧਿਕਾਰੀਆਂ ਦੁਆਰਾ ਉਸ ਵਿਅਕਤੀ ਦੇ ਘਰ ਦੀ ਹੱਦ ਵਿੱਚ ਦਾਖਲ ਹੋਣ ਅਤੇ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਜਾਂਚ ਵਿੱਚ ਐਫ ਬੀ ਆਈ ਵੀ ਸਹਾਇਤਾ ਕਰ ਰਹੀ ਹੈ।