
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 8 ਫਰਵਰੀ 2021
ਫਰਿਜ਼ਨੋ ਵਿੱਚ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਦਾ ਇੱਕ ਸਮੂਹ ਟਾਵਰ ਥੀਏਟਰ ਦੇ ਬਾਹਰ ਫਰਿਜ਼ਨੋ ਦੀ ਇੱਕ ਚਰਚ ਨੂੰ ਇਸ ਦੀ ਵਿਕਰੀ ਦਾ ਵਿਰੋਧ ਕਰਨ ਲਈ ਇਕੱਠਾ ਹੋਇਆ। ਇਹਨਾਂ ਪ੍ਰਦਰਸ਼ਨਕਾਰੀਆਂ ਵਿੱਚ ਮਾਸਕ ਵਿਰੋਧੀ ਕਾਰਕੁੰਨ ਬੇਨ ਮਾਰਟਿਨ ਵੀ ਸ਼ਾਮਿਲ ਹੋਏ। ਇਸ ਦੌਰਾਨ ਦਰਜਨਾਂ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਸਵੇਰੇ 8 ਵਜੇ ਟਾਵਰ ਥੀਏਟਰ ਤੋਂ ਪਾਰ ਓਲਿਵ ਐਵੇਨਿਊ ‘ਤੇ ਕਤਾਰਬੱਧੀ ਕੀਤੀ। ਇਹਨਾਂ ਪ੍ਰਦਰਸ਼ਨਕਾਰੀਆਂ ਨੇ ਫੁੱਟਪਾਥ ਉੱਪਰ ਸਤਰੰਗੀ ਝੰਡੇ ਅਤੇ “ ਸੇਵ ਟਾਵਰ ਥੀਏਟਰ ” ਆਦਿ ਦੇ ਸਾਈਨ ਬੋਰਡ ਲੈ ਕੇ ਟਾਵਰ ਥੀਏਟਰ ਨੂੰ ਐਡਵੈਂਚਰ ਕਮਿਊਨਿਟੀ ਚਰਚ ਨੂੰ ਵੇਚਣ ਦਾ ਵਿਰੋਧ ਕੀਤਾ। ਇਸ ਦੌਰਾਨ ਮਾਸਕ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਵੱਡੇ ਅਮਰੀਕੀ ਝੰਡੇ ਵੀ ਲਹਿਰਾਏ ਜਦਕਿ ਲੌਰਾ ਸਪਲੋਚ, ਜੋ ਪਿਛਲੇ ਪੰਜ ਹਫ਼ਤਿਆਂ ਤੋਂ ਟਾਵਰ ਥੀਏਟਰ ਦੀ ਵਿਕਰੀ ਵਿਰੁੱਧ ਰੈਲੀ ਕਰ ਰਹੀ ਹੈ, ਨੇ ਕੋਈ ਖਾਸ ਟਿੱਪਣੀ ਨਹੀਂ ਕੀਤੀ। ਇੱਕ ਘੰਟੇ ਤੋਂ ਵੀ ਵੱਧ ਸਮੇਂ ਤੱਕ ਚੱਲੇ ਇਸ ਪ੍ਰੋਗਰਾਮ ਦੇ ਇੱਕ ਲਾਈਵ ਸਟ੍ਰੀਮ ਵੀਡੀਓ ਵਿੱਚ, ਮਾਰਟਿਨ ਨੇ ਚਰਚ ਵਿਰੁੱਧ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਜੁੜਣ ਦੀ ਕੋਸ਼ਿਸ਼ ਕੀਤੀ। ਇਸਦੇ ਨਾਲ ਹੀ ਫਰਿਜ਼ਨੋ ਪੁਲਿਸ ਅਧਿਕਾਰੀਆਂ ਨੇ ਸੁਰੱਖਿਆ ਕਾਰਨਾਂ ਕਰਕੇ ਇਸ ਪ੍ਰਦਰਸ਼ਨ ਦੀ ਦੂਰ ਤੋਂ ਨਿਗਰਾਨੀ ਕੀਤੀ। ਐਡਵੈਂਚਰ ਚਰਚ ਪਿਛਲੇ ਹਫਤੇ ਤੱਕ ਜ਼ੋਨਿੰਗ ਦੇ ਨਿਯਮਾਂ ਦੇ ਉਲਟ ਸਿਟੀ ਆਫ਼ ਫਰਿਜ਼ਨੋ ਕੋਡ ਇਨਫੋਰਸਮੈਂਟ ਵੱਲੋਂ ਧਾਰਮਿਕ ਅਸੈਂਬਲੀ ਦੀਆਂ ਵਰਤੋਂ ਤੁਰੰਤ ਬੰਦ ਕਰਨ ਦਾ ਆਦੇਸ਼ ਮਿਲਣ ਤੱਕ ਥੀਏਟਰ ਵਿੱਚ ਵਿਅਕਤੀਗਤ ਤੌਰ ਤੇ ਐਤਵਾਰ ਦੀਆਂ ਸੇਵਾਵਾਂ ਨਿਭਾਉਂਦਾ ਆ ਰਿਹਾ ਸੀ ਅਤੇ ਚਰਚ ਨੂੰ ਕੋਵਿਡ -19 ਮਹਾਂਮਾਰੀ ਨਾਲ ਜੁੜੇ ਐਮਰਜੈਂਸੀ ਆਦੇਸ਼ਾਂ ਦੀ ਉਲੰਘਣਾ ਕਰਨ ਦਾ ਨੋਟਿਸ ਵੀ ਮਿਲਿਆ ਹੈ। ਜਦਕਿ ਚਰਚ ਨੇ ਬੁੱਧਵਾਰ ਨੂੰ ਇੱਕ ਪੂਜਾ ਸਮਾਰੋਹ ਦਾ ਆਯੋਜਨ ਕਰਨ ਦੇ ਨਾਲ ਐਤਵਾਰ ਦੀਆਂ ਸੇਵਾਵਾਂ ਨੂੰ ਆਨਲਾਈਨ ਆਯੋਜਿਤ ਕੀਤਾ।