
ਗੁਰਿੰਦਰਜੀਤ ਨੀਟਾ ਮਾਛੀਕੇ,
ਫਰਿਜ਼ਨੋ (ਕੈਲੀਫੋਰਨੀਆ), 8 ਫਰਵਰੀ 2021
ਇੱਕ 4 ਸਾਲਾਂ ਦਾ ਲੜਕਾ ਜਿਸਦੀ ਲਾਸ਼ ਤਕਰੀਬਨ ਤਿੰਨ ਸਾਲ ਪਹਿਲਾਂ 2017 ਵਿੱਚ ਗੈਲਵੇਸਟਨ ਬੀਚ ਮਿਲੀ ਸੀ, ਦੇ ਮਾਮਲੇ ਵਿੱਚ ਉਸਦੀ ਮਾਂ ਨੂੰ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ 37 ਸਾਲਾਂ ਮਹਿਲਾ ਰੇਬੇਕਾ ਸੁਜਾਨਾ ਰਿਵੇਰਾ ਨੂੰ ਇੱਕ ਬੱਚੇ ਨੂੰ ਸੱਟ ਲੱਗਣ ਕਾਰਨ ਹੋਈ ਮੌਤ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ, ਅਤੇ ਵੀਰਵਾਰ ਨੂੰ ਅਦਾਲਤ ਦੁਆਰਾ ਸਜਾ ਦਿੱਤੀ ਗਈ ਹੈ। ਇਹ ਬੱਚਾ, ਜਿਸ ਨੂੰ ਜਨਤਕ ਤੌਰ ‘ਤੇ ਲਿਟਲ ਜੈਕਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਅਕਤੂਬਰ 2017 ਵਿੱਚ ਗੈਲਵੇਸਟਨ ਦੇ ਪੂਰਬੀ ਬੀਚ’ ਤੇ ਮਿਲਿਆ ਸੀ ਅਤੇ ਛੇ ਮਹੀਨਿਆਂ ਦੀ ਜਾਂਚ ਤੋਂ ਬਾਅਦ, ਅਧਿਕਾਰੀਆਂ ਦੁਆਰਾ ਲਾਸ਼ ਦੀ ਪਛਾਣ ਜੈਡਿਨ ਅਲੈਗਜ਼ੈਂਡਰ ਲੋਪੇਜ਼ ਵਜੋਂ ਕੀਤੀ ਗਈ ਸੀ। ਉਸ ਸਮੇਂ ਬੱਚੇ ਦੀ ਮਾਂ ਰਿਵੇਰਾ ਅਤੇ ਉਸਦੀ ਇੱਕ ਮਹਿਲਾ ਮਿੱਤਰ ਡਾਨੀਆ ਅਮਜ਼ਕੁਇਟਾ ਗੋਮੇਜ਼ ਦੁਆਰਾ ਜੈਕਬ ਦੀ ਹਿਊਸਟਨ ਵਿੱਚ ਮੌਤ ਹੋਣ ਤੋਂ ਬਾਅਦ ਉਸਦੀ ਲਾਸ਼ ਨੂੰ ਗੈਲਵੇਸਟਨ ਲਿਆਂਦਾ ਗਿਆ ਸੀ। ਇਸਦੇ ਬਾਅਦ ਉਨ੍ਹਾਂ ਨੇ ਬੱਚੇ ਦੀ ਲਾਸ਼ ਨੂੰ ਸਮੁੰਦਰੀ ਕੰਢੇ ‘ਤੇ ਪਾਣੀ ਵਿੱਚ ਸੁੱਟ ਦਿੱਤਾ ਸੀ ਜੋ ਕਿ ਇੱਕ ਦਿਨ ਬਾਅਦ ਮਿਲਿਆ ਸੀ।ਗੈਲਵੇਸਟਨ ਕਾਉਂਟੀ ਦੇ ਚੀਫ ਮੈਡੀਕਲ ਐਗਜ਼ਾਮੀਨਰ ਡਾ. ਐਰਿਨ ਅਨੁਸਾਰ ਛੋਟੇ ਜੈਕਬ ਦੇ ਸਰੀਰ ਤੇ ਤਸੀਹਿਆਂ ਦੇ ਨਿਸ਼ਾਨ ਸਨ , ਜਿਹਨਾਂ ਵਿੱਚ ਉਸ ਦੀ ਪੂਰੀ ਪਿੱਠ ਉੱਤੇ ਸਿਗਰੇਟ ਨਾਲ ਜਲਾਉਣਾ ਆਦਿ ਸ਼ਾਮਿਲ ਸਨ ਜਦਕਿ ਉਸਦੀ ਮੌਤ ਦਾ ਕਾਰਨ ਨਿਰਧਾਰਤ ਨਹੀਂ ਕੀਤਾ ਜਾ ਸਕਿਆ ਸੀ।।ਇਸਦੇ ਇਲਾਵਾ ਗੋਮੇਜ਼ ‘ਤੇ ਵੀ ਬੱਚੇ ‘ਤੇ ਸੱਟ ਲਗਾਉਣ ਦਾ ਦੋਸ਼ ਲਗਾਇਆ ਗਿਆ ਸੀ ਪਰ ਉਸ ਨੇ ਪਟੀਸ਼ਨ ਦੇ ਇੱਕ ਸਮਝੋਤੇ ਦੇ ਹਿੱਸੇ ਵਜੋਂ ਰਿਵੇਰਾ ਵਿਰੁੱਧ ਗਵਾਹੀ ਦੇ ਦਿੱਤੀ ਸੀ। ਅਦਾਲਤ ਅਨੁਸਾਰ ਰਿਵੇਰਾ 30 ਸਾਲਾਂ ਦੀ ਕੈਦ ਦੀ ਸਜ਼ਾ ਕੱਟਣ ਤੋਂ ਬਾਅਦ ਪੈਰੋਲ ਦੇ ਯੋਗ ਹੋਵੇਗੀ।