✍ਸ਼ਿਵਚਰਨ ਜੱਗੀ ਕੁੱਸਾ
ਕਿਸੇ ਦੇ ਕਿਰਦਾਰ ਉਪਰ ਉਂਗਲ਼ ਚੁੱਕ ਕੇ ਦੂਸ਼ਣ ਲਾਉਣ ਲੱਗੇ ਅਸੀਂ ਕਦੇ ਪਲ ਨਹੀਂ ਲਾਉਂਦੇ, ਪਰ ਕਦੇ ਇਹ ਨਹੀਂ ਪੜਚੋਲ਼ ਕਰਦੇ ਕਿ ਇਸ ਪਿੱਛੇ ਇਸ ਦੀ ਕੋਈ ਮਜਬੂਰੀ ਜਾਂ ਲਾਚਾਰੀ ਵੀ ਛੁਪੀ ਹੋ ਸਕਦੀ ਹੈ? ਜੇ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਤਾਂ ਹਰ ਧੰਦਾ ਕਰਨ ਵਾਲ਼ੀ ਔਰਤ ਵੀ ਆਪਣੀ ਖ਼ੁਸ਼ੀ ਨਾਲ਼ ਆਪਣਾ ਜਿਸਮ ਨਹੀਂ ਵੇਚਦੀ! ਵੱਡੀ ਤ੍ਰਾਸਦੀ ਤਾਂ ਇਹ ਹੈ ਕਿ ਇਹਨਾਂ ਨਾਲ਼ ਹਮਬਿਸਤਰ ਹੋਣ ਵਾਲ਼ੇ ਵੀ ਇਹਨਾਂ ਨੂੰ ਚੰਗੀ ਨਜ਼ਰ ਨਾਲ਼ ਨਹੀਂ ਤੱਕਦੇ। ਮੰਤਰੀਆਂ ਤੋਂ ਲੈ ਕੇ ਹੇਠਲੇ ਵਰਗ ਤੱਕ ਇਹਨਾਂ ਦੇ ਜਿਸਮ ਦੇ ਅਭਿਲਾਸ਼ੀ ਨੇ, ਪਰ ਕਿਸੇ ਨੇ ਵੀ ਇਹਨਾਂ ਦੇ ਮੁੜ ਵਸੇਬੇ ਜਾਂ ਇਹਨਾਂ ਦਾ ਦਸੌਂਟਾ ਕੱਟਣ ਅਤੇ ਤਕਦੀਰ ਬਦਲਣ ਬਾਰੇ ਨਹੀਂ ਸੋਚਿਆ।

ਥਿਊਡਰ ਰੂਜ਼ਵੈਲਟ ਲਿਖਦਾ ਹੈ, “ਜੇ ਕਦੇ ਸਾਡੀ ਕਿਸਮਤ ਨਾਲ਼ ਵੀ ਟੱਕਰ ਹੋ ਜਾਵੇ, ਤਾਂ ਸਾਨੂੰ ਉਸ ਦਾ ਮੁਕਾਬਲਾ ਵੀ ਦ੍ਰਿੜ੍ਹਤਾ ਅਤੇ ਹੌਸਲੇ ਨਾਲ਼ ਕਰਨਾ ਚਾਹੀਦਾ ਹੈ! ਸਾਡੇ ਲਈ ਇਹ ਕਰਮ ਕਾਰਜ ਦਾ ਹੀ ਜੀਵਨ ਹੈ, ਦ੍ਰਿੜ੍ਹਤਾ ਨਾਲ਼ ਕਰਤੱਵ ਪਾਲਣ ਦੀ ਕਿਿਰਆ ਹੈ, ਸਾਨੂੰ ਅਖੀਰ ਤੱਕ ਪੂਰੀ ਤਾਕਤ ਨਾਲ਼ ਕਾਰਜਸ਼ੀਲ ਰਹਿਣਾ ਚਾਹੀਦਾ ਹੈ, ਸਾਨੂੰ ਵਿਹਲੇ ਅਤੇ ਨਿਕੰਮੇ ਬਣ ਕੇ ਬੈਠੇ ਰਹਿਣ ਦੀ ਥਾਂ ਕੰਮ ਵਿੱਚ ਜੂਝਦੇ ਹੋਏ ਥੱਕ ਹਾਰ ਜਾਣ ਦਾ ਖ਼ਤਰਾ ਵੀ ਸਹੇੜ ਲੈਣਾ ਚਾਹੀਦਾ ਹੈ।” ਜਦ ਮੈਂ ਪੰਜਾਬੀ ਲੇਖਕ ਰੋਹਿਤ ਕੁਮਾਰ ਦੀ ਮਿੰਨ੍ਹੀ ਕਹਾਣੀਆਂ ਦੀ ਪੁਸਤਕ “ਕਠਪੁਤਲੀਆਂ” ਪੜ੍ਹੀ, ਮੈਨੂੰ ਚੈਸਟਰ ਬਰਾਊਨ ਦੀ ਪੁਸਤਕ “ਪੇਇੰਗ ਫ਼ਾਰ ਇੱਟ” ਅਤੇ ਪੈਟਰੀਸ਼ੀਆ ਮੈੱਕ ਕੋਰਮੈਕ ਦੀ ਕਿਤਾਬ “ਸੋਲਡ” ਦੀ ਯਾਦ ਆਈ। “ਈਸਟ ਆਫ਼ ਏਡਨ” ਵਿੱਚ ਚੈਸਟਰ ਬਰਾਊਨ ਨੇ ਵੀ ਵੇਸਵਾਵਾਂ ਬਾਰੇ ਲਿਿਖਆ ਹੈ। ਪਰ ਪੰਜਾਬੀ ਵਿੱਚ ਇਹਨਾਂ ਮਜਬੂਰ ਕੁੜੀਆਂ ਜਾਂ ਔਰਤਾਂ ਦੀ ਗੱਲ ਬਹੁਤ ਘੱਟ ਕੀਤੀ ਗਈ, ਜੋ ਬੇਵੱਸੀ ਵਿੱਚ ਆਪਣਾ ਜਿਸਮ ਵੇਚਣ ਲਈ ਮਜਬੂਰ ਹੁੰਦੀਆਂ ਹਨ। ਸਾਡੇ ਸਮਾਜ ਦਾ ਇੱਕ ਦੁਖਾਂਤ ਹੈ ਕਿ ਜਾਂ ਤਾਂ ਅਸੀਂ ਔਰਤ ਨੂੰ ਦੇਵੀ ਦਾ ਦਰਜਾ ਦਿੰਦੇ ਹਾਂ, ਤੇ ਜਾਂ ਪੈਰ ਦੀ ਜੁੱਤੀ ਬਣਾ ਕੇ ਰੱਖਦੇ ਹਾਂ! ਕਦੇ ਉਸ ਨੂੰ ਸਤੀ ਜਾਂ ਕੰਜਕ ਦੇ ਰੂਪ ਵਿੱਚ ਦੇਖਦੇ ਹਾਂ ਅਤੇ ਕਦੇ ਬੱਚੇ ਜੰਮਣ ਵਾਲ਼ੀ ਜਾਂ ਵਰਤੀ ਜਾਣ ਵਾਲ਼ੀ ਮਸ਼ੀਨ ਨਾਲ਼ੋਂ ਵੱਧ ਨਹੀਂ ਸਮਝਦੇ!! ਕਦੇ ਸਾਡੇ ਸਮਾਜ ਨੂੰ ਇਤਨਾ ਅੰਧਰਾਤਾ ਹੋ ਜਾਂਦਾ ਹੈ ਕਿ ਚੁੱਕ ਕੇ ਕੋਹੜ੍ਹ ਕਿਰਲ਼ਾ ਮੂੰਹ ਵਿੱਚ ਪਾ ਲੈਂਦਾ ਹੈ, ਤੇ ਕਦੇ ਆਪਣੀ ਨਜ਼ਰ ਨੂੰ ਐਸੀ ਖ਼ੁਰਦਬੀਨ ਬਣਾ ਲੈਂਦਾ ਹੈ, ਜਿਸ ਨਾਲ਼ ਇਸ ਨੂੰ ਦਹੀਂ ਵਿੱਚ ਵੀ ਜਿ਼ਰਮ ਨਜ਼ਰ ਆਉਣ ਲੱਗ ਜਾਂਦੇ ਹਨ। ਬਿਨਾ ਸ਼ੱਕ ਰੋਹਿਤ ਕੁਮਾਰ ਨੇ ਬੜੀ ਬੇਬਾਕੀ ਨਾਲ਼ ਇਸ ਵਿਸ਼ੇ ਨੂੰ ਛੂਹਿਆ, ਇਸ ਨੂੰ ਬਾਖ਼ੂਬੀ ਸਿਰਜਿਆ ਅਤੇ ਸਫ਼ਲਤਾ ਪੂਰਵਕ ਨਿਭਾਇਆ ਵੀ ਹੈ।
ਐਪੀਕਿਉਰਸ ਦਾ ਕਥਨ ਹੈ, “ਸਾਰੇ ਦੋਸ਼ ਹੋਣ ਦੇ ਬਾਵਜੂਦ ਮੂਰਖ ਸਦਾ ਜਿਉਣ ਲਈ ਹੀ ਤਤਪਰ ਰਹਿੰਦਾ ਹੈ।” ਪਰ ਕਈ ਲੋਕ ਹਿੰਸਾ ਅਤੇ ਮਾਨਸਿਕ ਤਸ਼ੱਦਦ ਦੀ ਪੰਜਾਲ਼ੀ ਹੇਠ ਵਗਦੇ ਵੀ ਜਿਉਣ ਲਈ ਸੰਘਰਸ਼ ਕਰਦੇ ਨੇ। ਰੋਹਿਤ ਆਪਣੀ ਕਹਾਣੀ “ਜਾਦੂਗਰਨੀ” ਵਿੱਚ ਕੁੜੀ ਸਾਰਿਕਾ ਦੀ ਮਜਬੂਰੀ ਦਾ ਵਰਨਣ ਕਰਦਾ ਹੈ, ਜਦੋਂ ਕੁੜੀ ਦਾ ਗਾਹਕ ਜਗਮੋਹਣ ਉਸ ਨੂੰ ਆਖਦਾ ਹੈ, “ਹਾ-ਹਾ-ਹਾ ਸਾਰਿਕਾ ਮੰਨ ਬੜੀ ਜਲਦੀ ਜਾਂਦੀ ਹੈਂ ਤੂੰ!” ਤੇ ਸਾਰਿਕਾ ਲਹੂ ਦਾ ਘੁੱਟ ਭਰ ਕੇ ਤੇਜ਼ਾਬ ਵਰਗੀ ਸੱਚਾਈ ਨੂੰ ਅੰਦਰ ਲੰਘਾਉਂਦੀ ਆਖਦੀ ਹੈ, “ਸਾਡੇ ਕੋਲ ਮੰਨਣ ਤੋਂ ਇਲਾਵਾ ਕੋਈ ਹੋਰ ਰਸਤਾ ਹੀ ਨਹੀਂ ਹੁੰਦਾ ਤਾਂ ਕੀ ਕਰੀਏ ਫਿਰ?” ਇਹ ਕੱਚ ਵਰਗਾ ਸੱਚ ਹਰ ਇੱਕ ਨੂੰ ਹਜ਼ਮ ਨਹੀਂ ਹੁੰਦਾ ਅਤੇ ਜਾਗਦੀ ਜ਼ਮੀਰ ਵਾਲ਼ੇ ਖ਼ੂਨ ਦੇ ਅੱਥਰੂ ਵਗਾਉਣ ਲਈ ਮਜਬੂਰ ਹੋ ਜਾਂਦੇ ਨੇ! ਲਿਖਣ ਕਾਰਜ ਕਈ ਵਾਰ ਅੰਨ੍ਹਿਆਂ ਦੇ ਸ਼ਹਿਰ ਵਿੱਚ ਸ਼ੀਸ਼ੇ ਵੇਚਣ ਵਾਲ਼ਾ ਕਾਰਜ ਹੋ ਨਿੱਬੜਦਾ ਹੈ। ਜਿਵੇਂ ਕਹਾਣੀ “ਕਾਸ਼” ਵਿੱਚ ….ਫਿਰ ਅਚਾਨਕ ਹੀ ਉਦਿਤ ਕੋਠੇ ਤੇ ਆਉਣੋਂ ਬਿਲਕੁਲ ਹਟ ਗਿਆ। ਸਰੋਜੀਨੀ ਦੇ ਕੰਨੀਂ ਕੁਝ ਕੁੜੀਆਂ ਦੀਆਂ ਗੱਲਾਂ ਪਈਆਂ, “ਸੁਣਿਆਂ ਉਦਿਤ ਦਾ ਵਿਆਹ ਹੋ ਗਿਆ? ਉਸ ਨੇ ਪਹਿਲਾਂ ਸਿਗਰੇਟਾਂ ਛੱਡੀਆਂ, ਫਿਰ ਦਾਰੂ ਛੱਡੀ, ਫਿਰ ਵਿਆਹ ਕਰਾ ਲਿਆ ਤਾਂ ਹੁਣ ਐਥੇ ਆਉਣਾ ਵੀ ਛੱਡਤਾ।” ਹੁਣ ਸਰੋਜੀਨੀ ਸੋਚ ਰਹੀ ਸੀ ਕਿ ਕਾਸ਼ ਸਿਗਰੇਟ ਤੇ ਦਾਰੂ ਛੁਡਾਉਣ ਵਾਲਾ ਉਦਿਤ ਉਸ ਕੋਲੋਂ ਇਸ ਧੰਦੇ ਵਾਲਾ ਪਲੰਘ ਵੀ ਛੁਡਵਾ ਦਿੰਦਾ।….
ਐੱਫ਼. ਡੀ. ਰੂਜਵੈਲਟ ਕਹਿੰਦਾ ਹੈ, “ਮਾਨਵੀ ਜੀਵਨ ਦੀਆਂ ਘਟਨਾਵਾਂ ਦਾ ਰਹੱਸਪੂਰਨ ਚੱਕਰ ਹੈ। ਕੁਝ ਨਸਲਾਂ ਨੂੰ ਬਹੁਤ ਕੁਝ ਮਿਲ਼ ਜਾਂਦਾ ਹੈ, ਅਤੇ ਕੁਝ ਨਸਲਾਂ ਤੋਂ ਬਹੁਤ ਆਸ ਕੀਤੀ ਜਾਂਦੀ ਹੈ।” ਇਸੇ ਤਰ੍ਹਾਂ ਰੋਹਿਤ ਕੁਮਾਰ ਨੇ ਬੜੀ ਬੇਬਾਕੀ ਨਾਲ਼ ਇਹਨਾਂ ਕਹਾਣੀਆਂ ਦਾ ਚਿਤਰਣ ਕਰ ਕੇ ਇੱਕ ਨਵੀਂ ਪਿਰਤ ਪਾਈ ਹੈ। ਕਹਾਣੀ “ਸ਼ਮਸ਼ਾਨ” ਵਿੱਚ ਉਹ ਜਿ਼ਕਰ ਕਰਦਾ ਹੈ ਕਿ ਜਦ ਇੱਕ 14-15 ਸਾਲ ਦੀ ਬੱਚੀ, ਇੱਕ ਵੇਸਵਾ ਨਮੀਤਾ ਦੇ ਸਾਹਮਣੇ ਘਰ ਜਾਣ ਲਈ ਵਾਸਤਾ ਪਾਉਂਦੀ ਹੈ। ਪਰ ਨਮੀਤਾ ਉਸ ਨੂੰ ਜਿ਼ੰਦਗੀ ਦਾ ਕੌੜਾ ਸੱਚ ਦੱਸਦੀ ਹੈ ਕਿ ਇੱਥੋਂ ਘਰ ਨਹੀਂ, ਸ਼ਮਸ਼ਾਨ ਦਾ ਰਸਤਾ ਹੀ ਨਿਕਲ਼ਦਾ ਹੈ। ਫਿ਼ਰ ਉਸ ਬੱਚੀ ਨੂੰ ਕੁਝ ਬੁੱਚੜ ਦੱਲੇ ਖਿੱਚ ਕੇ ਇੱਕ ਕਮਰੇ ਵਿੱਚ ਲੈ ਜਾਂਦੇ ਹਨ। ….ਉਸ ਕੁੜੀ ਨੇ ਸਾਹਮਣੇ ਦੇਖਿਆ ਤਾਂ ਇੱਕ ਵੱਡੇ ਢਿੱਡ ਵਾਲਾ ਬੰਦਾ ਜਿਵੇਂ ਉਸ ਨੂੰ ਨਿਗਲ ਜਾਣ ਲਈ ਤਿਆਰ ਬੈਠਾ ਹੋਵੇ। ਉਹ ਵਾਰ-ਵਾਰ ਉਸ ਨੂੰ ਪਲੰਘ ‘ਤੇ ਆਉਣ ਲਈ ਕਹਿ ਰਿਹਾ ਸੀ। ਜਿੱਦਾਂ ਹੀ ਕੁੜੀ ਦੀ ਨਜ਼ਰ ਪਲੰਘ ‘ਤੇ ਪਈ, ਉਸ ਦੇ ਕੰਨੀਂ ਨਮੀਤਾ ਦੇ ਬੋਲ ਗੂੰਜਣ ਲੱਗੇ, “ਐਥੋਂ ਘਰ ਨੀਂ, ਸ਼ਮਸ਼ਾਨ ਦਾ ਰਾਹ ਨਿਕਲਦਾ!” ਫਿਰ ਉਹ ਲਾਸ਼ ਜਿਹੀ ਬਣੀ ਖੜ੍ਹੀ ਰਹੀ ਅਤੇ ਭਾਰੇ ਢਿੱਡ ਵਾਲਾ ਉਸ ਨੂੰ ਖੂਨੀ ਹਾਸਾ ਹੱਸਦਾ ਚੁੱਕ ਕੇ ਪਲੰਘ ‘ਤੇ ਲੈ ਗਿਆ।… ਪਸ਼ੂ-ਬਿਰਤੀ ਵਾਲ਼ੇ ਮਾਨੁੱਖ ਦਾ ਅਣਮਨੁੱਖੀ ਵਰਤਾਰਾ ਪੜ੍ਹ ਕੇ ਇਨਸਾਨ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
ਬੈਰਨਾਰਡ ਸ਼ਾਅ ਨੇ ਇੱਕ ਬੜੀ ਹੀ ਪਤੇ ਦੀ ਗੱਲ ਕਹੀ ਹੈ, ਕਿ ਜਦੋਂ ਆਦਮੀ ਸ਼ੇਰ ਨੂੰ ਮਾਰਦਾ ਹੈ, ਤਾਂ ਉਹ ਇਸ ਨੂੰ ਸਿ਼ਕਾਰ ਖੇਡਣਾ ਆਖਦਾ ਹੈ, ਪਰ ਜਦੋਂ ਇੱਕ ਸ਼ੇਰ ਆਦਮੀ ਨੂੰ ਮਾਰਨਾ ਚਾਹੁੰਦਾ ਹੈ, ਤਾਂ ਇਸ ਨੂੰ ਵਹਿਸ਼ੀਪੁਣਾ ਕਹਿੰਦਾ ਹੈ! ਇਸੇ ਤਰ੍ਹਾਂ ਜਦ ਆਦਮੀ ਕਿਸੇ ਗ਼ੈਰ ਔਰਤ ਕੋਲ਼ ਜਾਂਦਾ ਹੈ, ਉਹ ਫਿ਼ਰ ਵੀ ਦੁੱਧ ਧੋਤਾ ਬਣਿਆਂ ਰਹਿੰਦਾ ਹੈ। ਅਗਰ ਇਹੀ ਕੰਮ ਔਰਤ ਕਰਨ ਲੱਗ ਜਾਵੇ, ਫ਼ੇਰ ਉਸ ਨੂੰ ਵੇਸਵਾ ਦਾ ਦਰਜਾ ਦੇਣ ਲੱਗਿਆ ਵੀ ਕਿਰਕ ਨਹੀਂ ਕਰੇਗਾ। ਕਹਾਣੀ “ਕਠਪੁਤਲੀ” ਵਿੱਚ ਰੋਹਿਤ ਕੁਮਾਰ ਇੱਕ ਵੇਸਵਾ ਦਾ ਜਿ਼ਕਰ ਕਰਦਾ ਹੈ, ਜੋ ਆਪਣੇ ਗਾਹਕ ਨੂੰ ਪੁੱਛਦੀ ਹੈ ਕਿ ਤੂੰ ਵਿਆਹ ਤੋਂ ਬਾਅਦ ਹੁਣ ਮੇਰੇ ਕੋਲ਼ ਕੀ ਕਰਨ ਆਉਂਦਾ ਹੈਂ, ਹੁਣ ਤਾਂ ਤੇਰੀ ਲੋੜ ਤੇਰੀ ਪਤਨੀ ਹੀ ਪੂਰੀ ਕਰ ਦਿੰਦੀ ਹੋਵੇਗੀ। ਉਥੇ ਉਸ ਦਾ ਗਾਹਕ ਸਰਦੂਲ ਬੜੀ ਬੇਸ਼ਰਮੀ ਅਤੇ ਬੇਹਯਾਈ ਨਾਲ਼ ਆਖਦਾ ਹੈ, “ਉਹਦੇ ਵਿੱਚ ਤੇਰੇ ਵਾਲ਼ੀ ਗੱਲ ਨੀ ਯਾਰ! ਜਦ ਵੀ ਨੇੜੇ ਹੁੰਦਾ ਹਾਂ, ਮਨ੍ਹਾਂ ਕਰ ਦਿੰਦੀ ਹੈ!” ਤੇ ਉਹ ਕੁੜੀ ਪੁੱਛਦੀ ਹੈ, “ਜੇ ਮੈਂ ਵੀ ਮਨ੍ਹਾਂ ਕਰ ਦੇਵਾਂ, ਫ਼ੇਰ?” ਉਹ ਕਹਿੰਦਾ, “ਤੂੰ ਮਨ੍ਹਾਂ ਨੀ ਕਰ ਸਕਦੀ ਮੇਰੀ ਜਾਨ! ਤੂੰ ਤਾਂ ਮੇਰੇ ਹੱਥਾਂ ਦੀ ਕੱਠਪੁਤਲੀ ਆਂ, ਜਿੱਦਾਂ ਮਰਜੀ ਨਚਾ ਲਵਾਂ ਹਾ-ਹਾ-ਹਾ…!” …ਕਹਿਣ ਨੂੰ ਤਾਂ ਸਰਦੂਲ ਨੇ ਇਹ ਗੱਲ ਕਹਿ ਦਿੱਤੀ ਸੀ, ਅਤੇ ਮਾਲਤੀ ਨੂੰ ਇਹ ਵੀ ਪਤਾ ਸੀ ਕਿ ਸਰਦੂਲ ਨੇ ਇਹ ਗੱਲ ਮਜ਼ਾਕ ਵਿੱਚ ਹੀ ਕਹੀ ਸੀ। ਪਰ ਫਿਰ ਵੀ ਉਸ ਦੇ ਦਿਲ ਵਿੱਚ ਭੱਖੜੇ ਦੇ ਕੰਡੇ ਵਾਂਗ ਖੁੱਭ ਗਈ ਸੀ। ਮਾਲਤੀ ਨੂੰ ਸੱਚਮੁੱਚ ਆਪਣਾ ਆਪ ਇੱਕ ਕੱਠਪੁਤਲੀ ਵਰਗਾ ਹੀ ਲੱਗਾ, ਜੋ ਹੁਣ ਤੱਕ ਸਾਹਮਣੇ ਵਾਲੇ ਦੇ ਹਿਸਾਬ ਨਾਲ ਨੱਚਦੀ ਆ ਰਹੀ ਸੀ।…
ਇਸ ਕਹਾਣੀ-ਸੰਗ੍ਰਹਿ ਵਿੱਚ ਅੱਖਰ ਜੜਤ ਦੀਆਂ ਗਲਤੀਆਂ ਪਹਿਲੀ ਨਜ਼ਰੇ ਰੋੜ ਵਾਂਗ ਰੜਕਦੀਆਂ ਹਨ। ਕਿਤਾਬ ਦੀਆਂ ਗਲਤੀਆਂ ਨੂੰ “ਪਰੂਫ਼ ਰੀਡਿੰਗ” ਦੀ ਸਖ਼ਤ ਜ਼ਰੂਰਤ ਹੈ! ਬੇਸ਼ੱਕ ਸਾਰੀਆਂ ਕਹਾਣੀਆਂ ਦਾ ਵਿਸ਼ਾ ਤਕਰੀਬਨ ਇੱਕ ਹੈ, ਪਰ ਫਿ਼ਰ ਵੀ ਇਸ ਵਿੱਚ ਲੂੰ-ਕੰਡੇ ਖੜ੍ਹੇ ਕਰਨ ਵਾਲ਼ੀ ਪੀੜ ਸਮਾਈ ਹੋਈ ਹੈ ਅਤੇ ਇਹਨਾਂ ਦਾ ਬ੍ਰਿਤਾਂਤ ਲਹੂ ਲੁਹਾਣ ਹੋਈਆਂ ਸਧਰਾਂ ਅਤੇ ਚਕਨਾਚੂਰ ਹੋਈਆਂ ਭਾਵਨਾਵਾਂ ਨਾਲ਼ ਲਿਬਰੇਜ਼ ਹੈ। ਮੈਂ ਰੋਹਿਤ ਨੂੰ ਇਸ ਕਹਾਣੀ-ਸੰਗ੍ਰਿਹ “ਕਠਪੁਤਲੀਆਂ” ਲਈ ਹਾਰਦਿਕ ਵਧਾਈ ਪੇਸ਼ ਕਰਦਾ ਹਾਂ। ਇਹ ਕਹਾਣੀ-ਸੰਗ੍ਰਹਿ ਲਿਖ ਕੇ ਉਸ ਨੇ ਉਹਨਾਂ ਬੇਜ਼ੁਬਾਨਾਂ ਦੇ ਦੁੱਖਾਂ ਦਰਦਾਂ ਨੂੰ ਜ਼ੁਬਾਨ ਦਿੱਤੀ ਹੈ, ਜਿੰਨ੍ਹਾਂ ਨੂੰ ਕਿਸੇ ਨੇ ਹਵਸ ਪੂਰਤੀ ਤੋਂ ਬਿਨਾ ਕਦੇ ਕੋਈ ਅਹਿਮੀਅਤ ਹੀ ਨਹੀਂ ਦਿੱਤੀ।