ਆਜ਼ਾਦੀ ਦੀ ਲੜਾਈ ‘ਚ ਨਾਮਧਾਰੀ ਸ਼ਹੀਦਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ : ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ

ਸ਼ਹੀਦਾਂ ਨੂੰ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਚੇਅਰਮੈਨ ਪੇਡਾ ਐਚ.ਐਸ ਹੰਸਪਾਲ ਸਮੇਤ ਹੋਰਾਂ ਵੱਲੋਂ ਸ਼ਰਧਾਂਜਲੀਆਂ
ਮਲੇਰਕੋਟਲਾ: (ਜਮੀਲ ਜੌੜਾ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਾਮਧਾਰੀ ਸ਼ਹੀਦੀ ਸਮਾਰਕ ਵਿਖੇ ਕਰਵਾਏ ਗਏ ਸੂਬਾ ਪੱਧਰੀ ਸ਼ਹੀਦੀ ਸਮਾਰੋਹ ਮੌਕੇ ਤੋਪਾਂ ਨਾਲ ਸ਼ਹੀਦ ਕੀਤੇ 66 ਸਿੱਖਾਂ ਸਮੇਤ ਕੁੱਲ 80 ਨਾਮਧਾਰੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ‘ਚ ਨਾਮਧਾਰੀ ਸ਼ਹੀਦਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਨਾਮਧਾਰੀ ਸਤਿਗੁਰੂ ਉਦੈ ਸਿੰਘ ਦੀ ਹਾਜ਼ਰੀ ਵਿੱਚ ਇਕੱਤਰ ਹੋਈ ਵੱਡੀ ਗਿਣਤੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਮਿਲੇ ਉਤਸ਼ਾਹ ਸਦਕਾ ਸੰਨ 1872 ਈਸਵੀ ‘ਚ ਅੱਜ ਦੇ ਦਿਨ ਇਸੇ ਧਰਤੀ ‘ਤੇ 66 ਕੂਕਾ ਸਿੱਖ ਸ਼ਹੀਦਾਂ ਨੇ ਤੋਪਾਂ ਦੇ ਅੱਗੇ ਸਿਰ ਡਾਹ ਕੇ ਸ਼ਹਾਦਤ ਦਾ ਜਾਮ ਪੀਤਾ। ਉਨਾਂ ਕਿਹਾ ਕਿ ਕੂਕਾ ਅੰਦੋਲਨ ਦੇ ਇਨਾਂ ਨਿਡਰ ਸ਼ਹੀਦਾਂ ਦੀ ਬਹਦਾਰੀ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਜਦੋਂ ਅੰਗਰੇਜ਼ ਅਫ਼ਸਰ ਨੇ ਇਨਾਂ ਜਾਂਬਾਜ਼ਾਂ ਨੂੰ ਤੋਪਾਂ ਨਾਲ ਬੰਨ ਕੇ ਉਡਾਉਣ ਦਾ ਹੁਕਮ ਦਿੱਤਾ ਤਾਂ ਇਸ ਤੋਂ ਇਨਕਾਰ ਕਰਦਿਆਂ ਉਹ ਖੁਦ ਤੋਪਾਂ ਅੱਗੇ ਖੜੇ ਹੋ ਗਏ। ਉਨਾਂ ਕਿਹਾ ਕਿ ਇਸ ਤੋਂ ਵੀ ਵੱਡੀ ਗੱਲ ਜਿਹੜੇ ਸ਼ਹੀਦ ਦਾ ਕੱਦ ਛੋਟਾ ਸੀ, ਉਸਨੇ ਵੀ ਇੱਟਾਂ-ਵੱਟਿਆਂ ਦੀ ਢੇਰੀ ਬਣਾ ਕੇ ਆਪਣੇ ਆਪ ਨੂੰ ਤੋਪ ਸਾਹਮਣੇ ਸ਼ਹਾਦਤ ਦਾ ਜਾਮ ਪੀਣ ਲਈ ਪੇਸ਼ ਕਰ ਦਿੱਤਾ। ਸ਼੍ਰੀ ਸਿੰਗਲਾ ਨੇ ਕਿਹਾ ਕਿ ਅੰਗਰੇਜ਼ਾਂ ਨੇ ‘ਪਾੜੋ ਤੇ ਰਾਜ ਕਰੋ ਦੀ ਨੀਤੀ’ ਨਾਲ ਸਾਨੂੰ ਗੁਲਾਮ ਬਣਾਇਆ ਸੀ ਪਰ ਗੁਰੂ ਰਾਮ ਸਿੰਘ ਨੇ ਇਸ ਨੀਤੀ ਦੇ ਮੁਕਾਬਲੇ ‘ਜੁੜੋ ਤੇ ਲੜੋ’ ਦੀ ਨੀਤੀ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਅਤੇ ਲੋਕ ਲਹਿਰ ਬਣ ਗਈ ਜਿਸਨੇ ਅੰਗਰੇਜ਼ ਨੂੰ ਹਿੰਦੋਸਤਾਨ ‘ਚੋਂ ਕੱਢ ਕੇ ਹੀ ਸਾਹ ਲਿਆ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਆਪਣੇ ਨੁਮਾਇੰਦੇ ਦੇ ਤੌਰ ‘ਤੇ ਭੇਜਿਆ ਹੈ ਅਤੇ ਉਹ ਯਕੀਨ ਦਵਾਉਣਾ ਚਾਹੁੰਦੇ ਹਨ ਕਿ ਉਨਾਂ ਦੀ ਸਰਕਾਰ ਨਾਮਧਾਰੀ ਸੰਗਤ ਦੇ ਨਾਲ ਖੜੀ ਹੈ।ਸਮਾਗਮ ਦੌਰਾਨ ਚੇਅਰਮੈਨ ਪੇਡਾ ਨਾਮਧਾਰੀ ਐਚ.ਐਸ. ਹੰਸਪਾਲ, ਡਿਪਟੀ ਕਮਿਸ਼ਨਰ ਰਾਮਵੀਰ, ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ, ਵਿਸ਼ਵ ਨਾਮਧਾਰੀ ਸੰਗਤ ਦੇ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ, ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ ਟੀ. ਬੈਨਿਥ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਾਮਧਾਰੀ ਸੰਪਰਦਾ ਦੇ ਆਗੂ ਤੇ ਸੰਗਤ ਵੀ ਹਾਜ਼ਰ ਸੀ।