
ਮਲੇਰਕਟਲਾ (ਥਿੰਦ)-ਜ਼ਿਲਾ ਸੰਗਰੂਰ ਦੇ ਸ਼ਹਿਰ ਮਲੇਰਕਟਲਾ ਦੇ ਨਵਾਬੀ ਰਿਆਸਤ ਦੇ ਬੇਗਮ ਮੁਨੱਬਰ-ਉਨ-ਨਿਸ਼ਾ ਨੇ ਆਪਣੀ ਰਿਹਾਇਸ਼ਗਾਹ ਮੁਬਾਰਿਕ ਮੰਜ਼ਿਲ ਵਿਖੇ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਦਿਆਂ ਮਾਲੇਰਕੋਟਲਾ ਦੀ ਪਾਕ-ਪਵਿੱਤਰ ਧਰਤੀ ਤੋਂ ਸਾਰੀ ਆਵਾਮ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰਾਂ ਸੰਨ 1705 ਨੂੰ ਰਿਆਸਤ ਮਲੇਰਕੋਟਲਾ ਦੇ ਮਰਹੂਮ ਨਵਾਬ ਸ਼ੇਰ ਮੁਹੰਮਦ ਖਾਨ ਨੇ ਜਬਰ-ਜੁਲਮ ਦੇ ਖਿਲਾਫ ਅਤੇ ਸੱਚਾਈ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ, ਉਸੇ ਤਰਾਂ ਮਲੇਰਕੋਟਲਾ ਦੀ ਸਾਰੀ ਆਵਾਮ ਦਿੱਲੀ ਵਿਖੇ ਸੰਘਰਸ਼ ਕਰ ਰਹੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਹੱਕ ’ਚ ਖੜੇ ਹੋ ਕੇ ਹਾਅ ਦਾ ਨਾਅਰਾ ਮਾਰਨ। ਉਹਨਾਂ ਕਿਹਾ ਕਿ ਅੱਜ ਇਤਿਹਾਸ ਫਿਰ ਦੁਹਰਾਇਆ ਜਾ ਰਿਹਾ ਹੈ ਉਦੋਂ ਵੀ ਪੋਹ ਮਹੀਨੇ ਦੀਆਂ ਠੰਡੀਆਂ-ਠਾਰ ਰਾਤਾਂ ਸੀ ਤੇ ਅੱਜ ਵੀ ਕਿਸਾਨ ਪੋਹ ਦੇ ਮਹੀਨੇ ਤੋਂ ਸ਼ੁਰੂ ਹੋ ਕੇ ਪੰਜਾਹ ਤੋਂ ਵੱਧ ਦਿਨ ਬੀਤ ਜਾਣ ਦੇ ਬਾਵਜੂਦ ਕੜਕਦੀਆਂ ਠੰਡੀਆਂ ਰਾਤਾਂ ’ਚ ਔਰਤਾਂ, ਬਜ਼ੁਰਗਾਂ ’ਤੇ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਦਿੱਲੀ ਦੇ ਬਾਰਡਰਾਂ ਤੇ ਆਪਣੇ ਹੱਕਾਂ ਲਈ ਰੁਲ ਰਹੇ ਹਨ। ਉਹਨਾਂ ਕਿਹਾ ਕਿ ਮੈਂ ਆਪਣੀ ਆਵਾਜ ਉਦੋਂ ਤੱਕ ਬੁਲੰਦ ਕਰਦੀ ਰਹਾਂਗੀ ਜਦੋਂ ਤੱਕ ਕਿਸਾਨ ਜਥੇਬੰਦੀਆਂ ਖੁਸ਼ੀ-ਖੁਸ਼ੀ ਘਰ ਨਹੀਂ ਪਰਤ ਜਾਂਦੀਆਂ ਉਹਨਾਂ ਇਸ ਧਰਨੇ ਵਿਚ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ 65 ਤੋਂ ਵੱਧ ਸ਼ਹੀਦ ਹੋਏ ਕਿਸਾਨ ਪਰਿਵਾਰਾਂ ਦੇ ਮੈਂਬਰਾਂ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਮੈਂ ਖੁਦ ਆਪ ਵੀ ਚੱਲ ਰਹੇ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦੀ ਸੀ, ਪਰੰਤੂ ਬਿਰਧ ਅਵਸਥਾ ਅਤੇ ਸਿਹਤ ਠੀਕ ਨਾ ਹੋਣ ਕਾਰਨ ਡਾਕਟਰਾਂ ਵਲੋਂ ਉਹਨਾਂ ਨੂੰ ਸਫਰ ਕਰਨ ਤੋਂ ਗੁਰੇਜ ਕੀਤਾ ਹੋਇਆ ਹੈ ਪਰ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਤਾਂ ਜੋ ਦੇਸ਼ ਭਰ ਦਾ ਅੰਨਦਾਤਾ ਸੜਕਾਂ ’ਤੇ ਰੁਲਣ ਲਈ ਮਜ਼ਬੂਰ ਨਾ ਹੋਵੇ।