
ਅਸ਼ੋਕ ਵਰਮਾ
ਬਠਿੰਡਾ,12ਜਨਵਰੀ2021:ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਦੇ ਸੂਰਬੀਰ ਦੁੱਲਾ ਭੱਟੀ ਨੂੰ ਚੇਤਿਆਂ ’ਚ ਰੱਖਦਿਆਂ ਜਨਤਕਜੱਥੇਬੰਦੀਆਂ ਦੇ ਕਾਰਕੁੰਨ ਖੇਤੀ ਕਾਨੂੰਨਾਂ ਖਿਲਾਫ ‘ਈਸ਼ਰ ਆ ਮੋਦੀ ਜਾ, ਮੋਦੀ ਦੀ ਜੜ ਚੁਲੇ ਪਾ’ ਨਾਅਰਾ ਬੁਲੰਦ ਕਰਨਗੇ। ਇਸ ਮੌਕੇ ਬਠਿੰਡਾ ਦੇ ਬੱਸ ਅੱਡੇ ਲਾਗੇ ਮੋਦੀ ਸਰਕਾਰ ਦੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ‘ਜਨਤਕ ਜੱਥੇਬੰਦੀਆਂ ਦਾ ਸਾਂਝਾ ਮੰਚ‘ (ਜੇਪੀਐਮਓ) ਬਠਿੰਡਾ ਦੀ ਨਾਇਬ ਸਿੰਘ ਫੂਸ ਮੰਡੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕੀਤਾ ਗਿਆ ਜਿਸ ’ਚ ਮੰਚ ਦੇ ਸੂਬਾਈ ਆਗੂ ਸਾਥੀ ਮਹੀਪਾਲ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਐਲਾਨ ਕੀਤਾ ਗਿਆ ਕਿ ਜੇਪੀਐਮਓ ਵਿੱਚ ਸ਼ਾਮਲ ਜਨਸੰਗਠਨ ‘ਸੰਯੁਕਤ ਕਿਸਾਨ ਮੋਰਚੇ‘ ਵੱਲੋਂ ਦਿੱਤਾ ਹਰ ਸੱਦਾ ਤਨਦੇਹੀ ਨਾਲ ਲਾਗੂ ਕਰਨਗੇ।
ਇਸ ਕੜੀ ਵਜੋਂ 18 ਜਨਵਰੀ ਨੂੰ ਔਰਤਾਂ ਦੇ ਵਿਸ਼ਾਲ ਇਕੱਠ ਕੀਤੇ ਜਾਣਗੇ ਜਦੋਂਕਿ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਸਮਰਪਿਤ ਸਭਾਵਾਂ ਕੀਤੀਆਂ ਅਤੇ 26 ਜਨਵਰੀ ਨੂੰ ਕੌਮੀ ਰਾਜਧਾਨੀ ਦਿੱਲੀ ਵਿਖੇ ਕੀਤੇ ਜਾ ਰਹੇ ਇਤਿਹਾਸਕ ਟਰੈਕਟਰ ਮਾਰਚ ’ਚ ਸ਼ਾਮਲ ਹੋਇਆ ਜਾਵੇਗਾ। ਪ੍ਕਾਸ਼ ਸਿੰਘ ਨੰਦਗੜ ਨੇ ਦੱਸਿਆ ਕਿ ਸ਼ਹਿਰੀ ਮੁਹੱਲਿਆਂ ਅਤੇ ਪਿੰਡਾਂ ’ਚ ਲੋਹੜੀ ਮਨਾਉਂਦਿਆਂ “ਈਸ਼ਰ ਆ ਮੋਦੀ ਜਾ, ਮੋਦੀ ਦੀ ਜੜ ਚੁਲ੍ਹੇ ਪਾ’ ਦੇ ਨਾਅਰੇ ਲਾਕੇ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਦੀਆਂ ਕਿਰਤ ਵਿਰੋਧੀ ਨੀਤੀਆਂ ਦਾ ਵਿਰੋਧ ਜਤਾਇਆ ਜਾਏਗਾ। ਉਹਨਾਂ ਦੱਸਿਆ ਕਿ ਸ਼ਹੀਦੀਆਂ ਪਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਕਿਸਾਨ ਸੰਘਰਸ਼ ਨੂੰ ਅੰਤਮ ਜਿੱਤ ਤੱਕ ਲਿਜਾਣ ਲਈ ਹਰ ਕਿਸਮ ਦੀ ਨੈਤਿਕ-ਭੌਤਿਕ ਹਮਾਇਤ ਵੀ ਦਿੱਤੀ ਜਾਏਗੀ।
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸੁਰਿੰਦਰ ਪ੍ਰੀਤ ਘਣੀਆ ਦੀ ਮਾਤਾ ਅਤੇ ਭੈਣ ਮੁਖਤਿਆਰ ਕੌਰ ਦੇ ਨੌਜਵਾਨ ਦਾਮਾਦ ਦੇ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ’ਚ ਮੱਖਣ ਸਿੰਘ ਖਣਗਵਾਲ, ਕਿਸ਼ੋਰ ਚੰਦ ਗਾਜ, ਦਰਸ਼ਨ ਰਾਮ ਸ਼ਰਮਾ, ਸੁਖਚੈਨ ਸਿੰਘ, ਮਲਕੀਤ ਸਿੰਘ ਅਤੇ ਸ਼ਿਵਜੀ ਰਾਮ ਸ਼ਰਮਾ ਨੇ ਵੀ ਵਿਚਾਰ ਪੇਸ਼ ਕੀਤੇ। ਇਸੇ ਦੌਰਾਨ ਦਰਸ਼ਨ ਸਿੰਘ ਮੌੜ, ਸਿਕੰਦਰ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਪਿ੍ਰੰਸੀਪਲ ਰਣਜੀਤ ਸਿੰਘ ਸਿੱਧੂ ਅਤੇ ਜਗਪਾਲ ਸਿੰਘ ਬੰਗੀ ਨੇ ਸਮੂਹ ਇਨਸਾਫ ਪਸੰਦ ਲੋਕਾਂ ਅਤੇ ਜਨ ਸੰਗਠਨਾਂ ਦੇ ਕਾਰਕੁੰਨਾਂ ਨੂੰ ਕਾਲੇ ਕਾਨੂੰਨਾਂ ਦੀ ਲੋਹੜੀ ਫੂਕਣ ਲਈ 13 ਜਨਵਰੀ ਨੂੰ ਦਿਨ ਦੇ 12-30 ਵਜੇ ਬਠਿੰਡਾ ਦੇ ਬੱਸ ਅੱਡੇ ਕੋਲ ਪੁੱਜਣ ਦਾ ਸੱਦਾ ਦਿੱਤਾ।