
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਸੰਯੁਕਤ ਅਰਬ ਅਮੀਰਾਤ ਦੇ ਕਈ ਖੇਤਰ ਦੁਨੀਆਂ ਭਰ ਵਿੱਚ ਛੁੱਟੀਆਂ ਬਿਤਾਉਣ ਲਈ ਮਸ਼ਹੂਰ ਹਨ, ਜਿਹਨਾਂ ਵਿੱਚੋਂ ਦੁਬਈ ਦਾ ਪਹਿਲਾ ਸਥਾਨ ਹੈ। ਇਹਨੀਂ ਦਿਨੀ ਦੁਬਈ ਅਤੇ ਯੂ ਏ ਈ ਦੇ ਹੋਰਾਂ ਹਿੱਸਿਆਂ ਵਿੱਚ ਹਜ਼ਾਰਾਂ ਬ੍ਰਿਟਿਸ਼ ਛੁੱਟੀਆਂ ਮਨਾਉਣ ਲਈ ਗਏ ਹੋਏ ਹਨ ਪਰ ਇਹਨਾਂ ਸਾਰੇ ਯਾਤਰੀਆਂ ਸਮੇਤ ਹੋਰਾਂ ਨੂੰ ਹੁਣ ਵਾਪਸੀ ਵੇਲੇ ਇਕਾਂਤਵਾਸ ਵਿੱਚ ਜਾਣਾ ਪਵੇਗਾ। ਯੂਕੇ ਨੇ ਕੋਰੋਨਾਂ ਵਾਇਰਸ ਦੇ ਵਧ ਰਹੇ ਪ੍ਰਭਾਵ ਕਾਰਨ ਖਾੜੀ ਦੇਸ਼ਾਂ ਨੂੰ “ਟਰੈਵਲ ਕੋਰੀਡੋਰ” ਦੀ ਸੂਚੀ ਵਿੱਚੋਂ ਹਟਾ ਦਿੱਤਾ ਹੈ ਜੋ ਯੂਕੇ ਵਿੱਚ ਆਉਣ ਵਾਲੇ ਲੋਕਾਂ ਨੂੰ ਇਕਾਂਤਵਾਸ ਤੋਂ ਛੋਟ ਦਿੰਦੀ ਸੀ। ਇਹਨਾਂ ਨਵੇਂ ਨਿਯਮਾਂ ਤਹਿਤ ਮੰਗਲਵਾਰ 12 ਜਨਵਰੀ ਨੂੰ ਸਵੇਰੇ 4 ਵਜੇ ਤੋਂ ਬਾਅਦ ਗਲਫ ਦੇਸ਼ਾਂ ਤੋਂ ਯੂਕੇ ਆਉਣ ਪਹੁੰਚਣ ਵਾਲੇ ਕਿਸੇ ਵੀ ਵਿਅਕਤੀ ਨੂੰ 10 ਦਿਨਾਂ ਲਈ ਆਪਣੇ ਆਪ ਨੂੰ ਅਲੱਗ ਕਰਨਾ ਹਵੇਗਾ ਜਦਕਿ ਇੰਗਲੈਂਡ ਵਿੱਚ ਰਹਿੰਦੇ ਲੋਕ ਪੰਜ ਦਿਨਾਂ ਬਾਅਦ ਕੋਵਿਡ ਟੈਸਟ ਦੇ ਸਕਦੇ ਹਨ। ਟੈਸਟ ਦੇ ਨੈਗੇਟਿਵ ਆਉਣ ਦੀ ਸੂਰਤ ਵਿੱਚ ਉਹ ਇਕਾਂਤਵਾਸ ਨੂੰ ਖਤਮ ਕਰ ਸਕਦੇ ਹਨ। ਇਸਦੇ ਇਲਾਵਾ ਸਕਾਟਲੈਂਡ ਦੀ ਸਰਕਾਰ ਦੁਆਰਾ ਵੀ ਜੇਕਰ ਕੋਈ ਸਕਾਟਿਸ਼ ਵਸਨੀਕ 3 ਜਨਵਰੀ ਤੋਂ ਦੁਬਈ ਵਿੱਚ ਹੈ, ਉਸ ਨੂੰ ਦੇਸ਼ ਵਾਪਸ ਆਉਣ ਦੀ ਤਾਰੀਖ ਤੋਂ 10 ਦਿਨਾਂ ਲਈ ਵੱਖ ਹੋਣ ਲਈ ਕਿਹਾ ਜਾ ਰਿਹਾ ਹੈ। ਯੂ ਏ ਈ ਨੂੰ ਨਵੰਬਰ ਵਿੱਚ “ਟ੍ਰੈਵਲ ਕੋਰੀਡੋਰ” ਦਾ ਦਰਜਾ ਦਿੱਤਾ ਗਿਆ ਸੀ। ਉਸ ਵੇਲੇ ਬ੍ਰਿਟਿਸ਼ ਯਾਤਰੀਆਂ ਨੇ ਦੁਬਈ ਦੇ ਮੁਕਾਬਲੇ ਹੋਰ ਥਾਂਵਾਂ ‘ਤੇ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਜਦਕਿ ਦੁਬਈ ਦੇ ਨਿਯਮਾਂ ਵਿੱਚ ਢਿੱਲ ਨੇ ਯੂਕੇ ਤੋਂ ਹਜ਼ਾਰਾਂ ਲੋਕਾਂ ਨੂੰ ਆਕਰਸ਼ਿਤ ਕੀਤਾ ਸੀ।