ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਦੂਜੇ ਵਿਸ਼ਵ ਯੁੱਧ ਵਿੱਚ ਸੇਵਾਵਾਂ ਨਿਭਾਉਣ ਵਾਲੀ ਆਖਰੀ ਜੀਵਤ ਮਹਿਲਾ ਪਾਈਲਟ ਐਲੇਨਰ ਵਡਸਵਰਥ ਦੀ ਮੌਤ ਹੋ ਗਈ ਹੈ। 103 ਸਾਲਾ ਐਲੇਨਰ ਵਡਸਵਰਥ ਏਅਰ ਟ੍ਰਾਂਸਪੋਰਟ ਅਕਸਿਲਰੀ (ਏ ਟੀ ਏ) ਦਾ ਹਿੱਸਾ ਸੀ, ਜੋ ਲੜਾਕੂ ਜਹਾਜ਼ਾਂ ਅਤੇ ਹੋਰ ਮੈਂਬਰਾਂ ਨੂੰ ਲੈ ਕੇ ਜਾਂਦਾ ਸੀ। ਏ ਟੀ ਏ ਐਸੋਸੀਏਸ਼ਨ ਨੇ ਦੱਸਿਆ ਕਿ ਐਲੇਨਰ ਉਨ੍ਹਾਂ 165 ਮਹਿਲਾ ਪਾਈਲਟਾਂ ਵਿੱਚੋਂ ਇੱਕ ਹੈ ਜਿਹਨਾਂ ਨੇ ਰੇਡੀਓ ਜਾਂ ਕਿਸੇ ਹੋਰ ਸਾਜ਼ੋ ਸਮਾਨ ਤੋਂ ਬਿਨਾਂ ਉਡਾਣ ਭਰੀ ਸੀ। ਵਡਸਵਰਥ ਬਰੀ ਸੇਂਟ ਐਡਮੰਡਜ਼ ਵਿਚ ਰਹਿੰਦੀ ਸੀ ਤੇ ਦਸੰਬਰ ਵਿੱਚ ਕਿਸੇ ਬਿਮਾਰੀ ਦੀ ਗ੍ਰਿਫਤ ਵਿੱਚ ਆਉਣ ਤੋਂ ਇੱਕ ਮਹੀਨੇ ਬਾਅਦ ਉਸਦੀ ਮੌਤ ਹੋ ਗਈ। ਇੱਕ ਇਤਿਹਾਸਕਾਰ ਸੈਲੀ ਮੈਕਗਲੋਨ ਅਨੁਸਾਰ ਨਾਟਿੰਘਮ ਵਿੱਚ ਪੈਦਾ ਹੋਈ ਐਲੇਨਰ 1943 ਵਿੱਚ ਔਰਤ ਪਾਇਲਟਾਂ ਲਈ ਇੱਕ ਇਸ਼ਤਿਹਾਰ ਵੇਖਣ ਤੋਂ ਬਾਅਦ ਏ ਟੀ ਏ ਵਿੱਚ ਸ਼ਾਮਲ ਹੋ ਗਈ ਸੀ ਅਤੇ ਪਹਿਲੇ ਛੇ ਸਫਲ ਉਮੀਦਵਾਰਾਂ ਵਿੱਚੋਂ ਇੱਕ ਸੀ। ਇਸ ਮਹਿਲਾ ਪਾਈਲਟ ਨੇ ਸਪਿਟ ਫਾਇਰਸ ਜਹਾਜ਼ ਨੂੰ ਤਕਰੀਬਨ 132 ਵਾਰ ਉਡਾਇਆ ਸੀ। ਐਲੇਨਰ ਵਡਸਵਰਥ ਤਿੰਨ ਜੀਵਿਤ ਮਹਿਲਾ ਏ ਟੀ ਏ ਪਾਇਲਟਾਂ ਵਿੱਚੋਂ ਇੱਕ ਸੀ, ਬਾਕੀ ਦੀਆਂ ਦੋ ਮਹਿਲਾਵਾਂ ਵਿੱਚੋਂ ਇੱਕ ਅਮੈਰੀਕਨ ਨੈਨਸੀ ਵਾਸੀ ਸਟ੍ਰੈਟਫੋਰਡ ਅਤੇ ਦੂਜੀ ਬ੍ਰਿਟੇਨ ਜੇਈ ਐਡਵਰਡਜ਼ ਜੋ ਕਿ ਕੈਨੇਡਾ ਵਿੱਚ ਰਹਿੰਦੀ ਹੈ ਦੇ ਨਾਮ ਸ਼ਾਮਿਲ ਹਨ।