ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਕੋਰੋਨਾਂ ਵਾਇਰਸ ਕਾਰਨ ਦੇਸ਼ ਦੇ ਛੋਟੇ ਕਾਰੋਬਾਰਾਂ ‘ਤੇ ਸੰਕਟ ਦੇ ਬੱਦਲ ਛਾਏ ਹੋਏ ਹਨ। ਇਸ ਸਾਲ ਕੋਰੋਨਾਂ ਕਾਰਨ ਲਗਾਈਆਂ ਪਾਬੰਦੀਆਂ ਦੇ ਨਾਲ ਕਈ ਛੋਟੀਆਂ ਫਰਮਾਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ। ਇਸ ਸਥਿਤੀ ਦੇ ਮੱਦੇਨਜ਼ਰ ਫੈਡਰੇਸ਼ਨ ਆਫ ਸਮਾਲ ਬਿਜ਼ਨਸ (ਐਫ ਐਸ ਬੀ) ਅਨੁਸਾਰ ਭਾਰੀ ਗਿਣਤੀ ਵਿੱਚ ਛੋਟੇ ਕਾਰੋਬਾਰ ਅਗਲੇ 12 ਮਹੀਨਿਆਂ ਵਿੱਚ ਬੰਦ ਹੋ ਸਕਦੇ ਹਨ। ਇਸ ਸੰਸਥਾ ਨੇ ਦੱਸਿਆ ਕਿ ਮਹਾਂਮਾਰੀ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਸਰਕਾਰ ਦੀ ਸਹਾਇਤਾ ਤੋਂ ਬਿਨਾਂ, ਦੇਸ਼ ਦੇ ਲੱਗਭਗ ਇੱਕ ਮਿਲੀਅਨ ਛੋਟੇ ਕਾਰੋਬਾਰਾਂ ਦਾ ਇੱਕ ਚੌਥਾਈ ਹਿੱਸਾ ਖਤਮ ਹੋ ਸਕਦਾ ਹੈ। ਐਫ ਐਸ ਬੀ ਨੇ 1,400 ਛੋਟੀਆਂ ਫਰਮਾਂ ਦੇ ਸਰਵੇਖਣ ਦੇ ਅਧਾਰ ‘ਤੇ ਭਵਿੱਖਬਾਣੀ ਕੀਤੀ ਹੈ ਕਿ 5% ਕਾਰੋਬਾਰਾਂ ਦੇ ਇਸ ਸਾਲ ਬੰਦ ਹੋਣ ਦੀ ਉਮੀਦ ਹੈ ਅਤੇ ਜੇਕਰ ਇਹ ਅੰਕੜੇ ਪੂਰੇ ਦੇਸ਼ ਵਿੱਚ ਦੁਹਰਾਏ ਜਾਣ ਤਾਂ ਯੂਕੇ ਦੀਆਂ 9.9 ਮਿਲੀਅਨ ਛੋਟੀਆਂ ਫਰਮਾਂ ਵਿਚੋਂ ਤਕਰੀਬਨ 250,000 ਛੋਟੀਆਂ ਫਰਮਾਂ ਅਲੋਪ ਹੋ ਸਕਦੀਆਂ ਹਨ। ਐਫ ਐਸ ਬੀ ਦੇ ਰਾਸ਼ਟਰੀ ਚੇਅਰਮੈਨ ਮਾਈਕ ਚੈਰੀ ਅਨੁਸਾਰ ਵਾਇਰਸ ਤੋਂ ਸੁਰੱਖਿਆ ਲਈ ਸਰਕਾਰ ਵੱਲੋਂ ਲਗਾਈ ਗਈ ਤਾਲਾਬੰਦੀ ਦੌਰਾਨ ਕਈ ਛੋਟੀਆਂ ਕੰਪਨੀਆਂ ਦੇ ਡਾਇਰੈਕਟਰ, ਜੋ ਤਨਖਾਹ ਲੈਣ ਦੀ ਬਜਾਏ ਕਾਰੋਬਾਰੀ ਲਾਭ ਪ੍ਰਾਪਤ ਕਰਦੇ ਹਨ, ਨੂੰ ਸਰਕਾਰ ਤੋਂ ਕੋਈ ਸਹਾਇਤਾ ਨਹੀਂ ਮਿਲ ਰਹੀ ਹੈ ਅਤੇ ਲੱਗਭਗ 700,000 ਤੋਂ 1.1 ਮਿਲੀਅਨ ਲੋਕ ਇਸ ਸ਼੍ਰੇਣੀ ਵਿੱਚ ਆਉਂਦੇ ਹਨ। ਇਸ ਸੰਕਟ ਦੇ ਸਮੇਂ ਦੌਰਾਨ ਇਹਨਾਂ ਕਾਰੋਬਾਰੀਆਂ ਦੀ ਮੱਦਦ ਲਈ ਐਫ ਐਸ ਬੀ ਵੱਲੋਂ ਪੇਸ਼ ਕੀਤੀ ਗਈ ਡਾਇਰੈਕਟਰ ਆਮਦਨੀ ਸਹਾਇਤਾ ਯੋਜਨਾ ਨੂੰ ਜੇਕਰ ਸਰਕਾਰ ਦੁਆਰਾ ਪ੍ਰਵਾਨ ਕੀਤਾ ਜਾਂਦਾ ਹੈ ਤਾਂ ਛੋਟੀਆਂ ਫਰਮਾਂ ਨੂੰ ਤਿੰਨ ਮਹੀਨਿਆਂ ਦੇ ਵਪਾਰਿਕ ਮੁਨਾਫਿਆਂ ਨੂੰ ਪੂਰਾ ਕਰਨ ਲਈ 7,500 ਪੌਂਡ ਤੱਕ ਦੀ ਗ੍ਰਾਂਟ ਸਲਾਨਾ 50,000 ਪੌਂਡ ਤੋਂ ਘੱਟ ਕਮਾਈ ਕਰਨ ਵਾਲਿਆਂ ਨੂੰ ਮਿਲ ਸਕਦੀ ਹੈ। ਐਫ ਐਸ ਬੀ ਅਨੁਸਾਰ ਇਹ ਪ੍ਰਸਤਾਵ ਖਜ਼ਾਨਾ ਵਿਭਾਗ ਨੂੰ ਸੌਂਪੇ ਜਾ ਚੁੱਕੇ ਹਨ ਅਤੇ ਇਸ ਮਹੀਨੇ ਇਸ ਸੰਬੰਧੀ ਫੈਸਲਾ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।