
ਦੁੱਖਭੰਜਨ ਰੰਧਾਵਾ
0351920036369
ਮਾਏਂ ਤੇਰਾ ਚੇਤਾ ਆਵੇ ਨੀਂ,
ਪਰਦੇਸੀ ਪੁੱਤ ਨੂੰ |
ਚੇਤਾ ਜਦ ਵੀ ਆਵੇ ਮਾਂ,
ਅੰਦਰ ਤੱਕ ਖਿੱਚ ਪਾਵੇ ਮਾਂ,
ਅੱਖੀਂ ਹੰਝੂ ਬਹੁਤ ਸਤਾਵੇ ਨੀਂ,
ਪਰਦੇਸੀ ਪੁੱਤ ਨੂੰ |
ਮਾਏਂ ਤੇਰਾ ਚੇਤਾ ਆਵੇ ਨੀਂ,
ਪਰਦੇਸੀ ਪੁੱਤ ਨੂੰ |
ਮਰ ਜਾਵੇਂ ਤੂੰ ਕਿੱਥੇ ਚੱਲਿਆਂ,
ਕਹਿ ਕੇ ਕੋਈ ਬੁਲਾਉਂਦਾ ਨਈਂ |
ਕੋਈ ਗੁੱਸੇ ਗਲਤੀ ਤੋਂ ਨਾ ਹੋਵੇ,
ਝਿੜਕ ਕੇ ਕੋਈ ਸਮਝਾਉਂਦਾ ਨਈਂ |
ਮਾਂਏ ਖੋਲਕੇ ਦਿਲ ਜਦ ਰੋਈ ਦਾ,
ਲਾਉਂਦਾ ਨਾ ਕੋਈ ਕਲਾਵੇ ਨੀ |
ਪਰਦੇਸੀ ਪੁੱਤ ਨੂੰ |
ਮਾਏਂ ਤੇਰਾ ਚੇਤਾ ਆਵੇ ਨੀਂ,
ਪਰਦੇਸੀ ਪੁੱਤ ਨੂੰ |
ਲਸਣ ਪਿਆਜ ਤੇ ਅਦਰਕ ਕੱਟਕੇ,
ਤੜਕਾ ਵੀ ਹੁਣ ਲਾ ਲੈਨਾਂ ਮੈਂ |
ਮਾਏਂ ਆਟਾ ਗੁੰਨ ਕੇ ਪੇੜਾ ਕਰਕੇ,
ਹੁਣ ਰੋਟੀ ਆਪ ਬਣਾ ਲੈਨਾਂ ਮੈਂ |
ਠੰਡੀ ਰੋਟੀ ਖਾ ਲੈਨਾ ਮੈਂ,
ਕਰ ਗਰਮ ਨਾ ਕੋਈ ਖਵਾਵੇ ਨੀ |
ਪਰਦੇਸੀ ਪੁੱਤ ਨੂੰ |
ਮਾਏਂ ਤੇਰਾ ਚੇਤਾ ਆਵੇ ਨੀਂ,
ਪਰਦੇਸੀ ਪੁੱਤ ਨੂੰ |
ਜਿਸ ਦਿਨ ਮੈਂ ਘਰ ਤੋਂ ਆਇਆ ਸਾਂ,
ਅਜੀਬ ਜੇਹੀ ਗੱਲ ਹੋਈ ਸੀ |
ਮੈਂ ਗੱਡੀ ਵਿੱਚ ਬੈਠਾ ਰੋਂਦਾ ਸਾਂ,
ਤੂੰ ਦਰਵਾਜ਼ਾ ਢੋ ਕੇ ਰੋਈ ਸੀ |
ਹੱਥ ਤੇਰਾ ਸਿਰ ਤੇ ਰੱਬ ਜਿਹਾ ਸੀ,
ਲਾਡ ਬਿਨ ਝੋਰਾ ਵੱਢ-ਵੱਢ ਖਾਵੇ ਨੀ |
ਪਰਦੇਸੀ ਪੁੱਤ ਨੂੰ |
ਮਾਏਂ ਤੇਰਾ ਚੇਤਾ ਆਵੇ ਨੀਂ,
ਪਰਦੇਸੀ ਪੁੱਤ ਨੂੰ |
ਮਾਏਂ ਹੁਣ ਮੈਂ ਜਿੱਦ ਨਈਂ ਕਰਦਾ,
ਜਿੱਦ ਮੈਂ ਕਰਨੀ ਛੱਡ ਦਿੱਤੀ ਏ |
ਸੌਣ ਲੱਗੇ ਦੁੱਧ ਪੀਣ ਵਾਲੀ ਗੱਲ,
ਉੱਕੀ ਦਿਲ ਚੋਂ ਕੱਢ ਦਿੱਤੀ ਏ |
ਸੌਂ ਜਾਨਾ ਮੈਂ ਬਿਨਾ ਸਿਰਹਾਣੇਂ,
ਸਿਰ ਨੂੰ ਵੱਜਣ ਪਾਵੇ ਨੀ |
ਪਰਦੇਸੀ ਪੁੱਤ ਨੂੰ |
ਮਾਏਂ ਤੇਰਾ ਚੇਤਾ ਆਵੇ ਨੀਂ,
ਪਰਦੇਸੀ ਪੁੱਤ ਨੂੰ |
ਤੇਰੀ ਗਾਲ ਸੁਣਨ ਨੂੰ ਅੰਮੀਏ,
ਜੀ ਬੜਾ ਹੁਣ ਕਰਦਾ ਏ |
ਰਿਸ਼ਤਾ ਹਨੇਰੇ ਨਾਲ ਬਣ ਗਿਆ,
ਚਾਨਣ ਤੋਂ ਦਿਲ ਡਰਦਾ ਏ |
ਆ ਕੁਲਹਿਣੀ ਡੈਣ ਜੁਦਾਈ,
ਕਾਹਤੋਂ ਦੱਸ ਡਰਾਵੇ ਨੀ |
ਪਰਦੇਸੀ ਪੁੱਤ ਨੂੰ |
ਮਾਏਂ ਤੇਰਾ ਚੇਤਾ ਆਵੇ ਨੀਂ,
ਪਰਦੇਸੀ ਪੁੱਤ ਨੂੰ |
ਦੁੱਖਭੰਜਨ ਨੂੰ ਚੇਤੇ ਆਉਂਦਾ,
ਤੇਰਾ ਲਾਡ ਲਡਾਇਆ ਮਾਏਂ |
ਹਵੇਲੀ ਗਾਂਵਾਂ,ਮੱਝੀਆਂ ਛੱਡੀਆਂ,
ਨਾਲੇ ਆਪਣਾ ਵਤਨ ਗਵਾਇਆ ਮਾਂਏ,
ਘਰ ਵਾਲੀ ਤੇ ਬੱਚਿਆਂ ਬਾਜੋਂ,
ਪੁੱਤ ਤੇਰਾ ਕੇਹੀ ਜੂਨ ਹੰਢਾਵੇ ਨੀ |
ਪਰਦੇਸੀ ਪੁੱਤ ਨੂੰ |
ਮਾਏਂ ਤੇਰਾ ਚੇਤਾ ਆਵੇ ਨੀਂ,
ਪਰਦੇਸੀ ਪੁੱਤ ਨੂੰ |